ਯੂਕਰੇਨ ਰੂਸ ਜੰਗ ਵਿਚਕਾਰ ਡੀਜ਼ਲ ਦੀ ਕਮੀ ਦੀਆਂ ਅਫਵਾਹਾਂ ਨੇ ਕਿਸਾਨ ਚਿੰਤਾ ’ਚ ਪਾਏ

Ukraine-Russia War Sachkahoon

ਕਿਸਾਨ ਸਟੋਰ ਕਰ ਰਹੇ ਨੇ ਡੀਜ਼ਲ, ਪੈਟਰੋਲ ਪੰਪਾਂ ਅੱਗੇ ਲੱਗੀਆਂ ਲਾਈਨਾਂ

ਤੇਲ ਸਟੋਰ ਕਰਨ ਲਈ ਕਿਸਾਨ ਚੁੱਕ ਰਹੇ ਨੇ ਵੱਡੇ ਪੱਧਰ ’ਤੇ ਕਰਜੇ

(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਰੂਸ ਅਤੇ ਯੂਕਰੇਨ ਵਿਚਾਲੇ ਸ਼ੁਰੂ ਹੋਈ ਜੰਗ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੜ੍ਹਨ ਲਈ ਗਏ ਯੂਕਰੇਨ ਗਏ ਪੰਜਾਬ ਦੇ ਬੱਚੇ ਉੱਥੇ ਫਸੇ ਹੋਣ ਕਾਰਨ ਮਾਪੇ ਚਿੰਤਤ ਹਨ। ਇਸ ਦੇ ਨਾਲ ਹੀ ਡੀਜ਼ਲ ਅਤੇ ਪੈਟਰੋਲ ਮਹਿੰਗਾ ਹੋਣ ਜਾਂ ਖਤਮ ਹੋਣ ਦੀਆਂ ਅਫਵਾਹਾਂ ਕਾਰਨ ਕਿਸਾਨਾਂ ’ਚ ਚਿੰਤਾ ਦਾ ਮਾਹੌਲ ਹੈ ਜਿਸ ਕਰਕੇ ਕਿਸਾਨਾਂ ਵੱਲੋਂ ਆਉਣ ਵਾਲੀ ਫਸਲ ਅਤੇ ਝੋਨੇ ਦੀ ਬਿਜਾਈ ਲਈ ਪਹਿਲਾਂ ਹੀ ਡੀਜਲ ਇਕੱਠਾ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਕਿਸਾਨ ਡੀਜਲ ਦਾ ਭੰਡਾਰ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ’ਚ ਡੀਜਲ ਦੀ ਕਮੀ ਹੋਣ ਵਾਲੀ ਹੈ।

ਡੀਜਲ ਖਤਮ ਹੋਣ ਦੇ ਡਰ ਕਾਰਨ ਕਿਸਾਨ ਵੱਡੀ ਮਾਤਰਾ ਵਿੱਚ ਤੇਲ ਜਮ੍ਹਾ ਕਰਨ ਲਈ ਭੱਜ ਰਹੇ ਹਨ। ਇਹ ਨਜਾਰਾ ਪੈਟਰੋਲ ਪੰਪਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਹਰ ਕਿਸਾਨ 3-3 ਤੋਂ 5-5 ਡਰੰਮ ਡੀਜ਼ਲ ਭਰ ਕੇ ਇਕੱਠਾ ਕਰ ਰਿਹਾ ਹੈ। ਪੈਟਰੋਲ ਦੀ ਜਮ੍ਹਾਂਖੋਰੀ ਵੀ ਤੇਜੀ ਨਾਲ ਹੋ ਰਹੀ ਹੈ। ਇਹ ਚਿੰਤਾ ਅੰਤਰਰਾਸਟਰੀ ਪੱਧਰ ’ਤੇ ਡੀਜਲ ਅਤੇ ਪੈਟਰੋਲ ਦੀ ਵੱਧ ਰਹੀ ਕਮੀ ਕਾਰਨ ਦਿਖਾਈ ਦੇ ਰਹੀ ਹੈ, ਜਿਸ ਕਾਰਨ ਕਿਸਾਨ ਵੱਡੇ ਪੱਧਰ ’ਤੇ ਤੇਲ ਇਕੱਠਾ ਕਰਨ ’ਚ ਰੁੱਝ ਗਏ ਹਨ। ਇਸ ਦੇ ਨਾਲ ਹੀ ਟਰਾਂਸਪੋਰਟਰਾਂ ਵਾਲੇ ਪਾਸੇ ਤੋਂ ਤੇਲ ਵੀ ਵੱਡੇ ਪੱਧਰ ’ਤੇ ਸਟੋਰ ਕੀਤਾ ਜਾ ਰਿਹਾ ਹੈ, ਤਾਂ ਜੋ ਖੇਤੀ ਉਤਪਾਦਨ ਜਾਂ ਨਿੱਜੀ ਵਾਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਤੇਲ ਸਟੋਰ ਕਰਨ ਲਈ ਕਿਸਾਨ ਆਪਣੇ ਆੜ੍ਹਤੀਆਂ ਤੋਂ ਵੱਡੇ ਪੱਧਰ ’ਤੇ ਕਰਜੇ ਵੀ ਚੁੱਕ ਰਹੇ ਹਨ। ਨਾਭਾ ਦੇ ਕਿਸਾਨ ਦਵਿੰਦਰ ਸਿੰਘ ਪੂਨੀਆ ਤੇ ਨਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਹ ਡੀਜਲ ਦੀ ਕਿੱਲਤ ਦੇ ਡਰੋਂ ਤੇਲ ਸਟੋਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਡੀਜਲ ਦਾ ਰੇਟ 19 ਹਜਾਰ ਰੁਪਏ ਪ੍ਰਤੀ ਡਰੰਮ ਦੇ ਕਰੀਬ ਹੈ, ਜੇਕਰ ਤੇਲ ਮਹਿੰਗਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਤੇਲ ਦੀਆਂ ਕੀਮਤਾਂ ਵਧਣ ਦਾ ਡਰ ਬਣਿਆ ਹੋਇਆ ਹੈ ਅਤੇ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਦੁਨੀਆ ਭਰ ਵਿੱਚ ਰੂਸ ਅਤੇ ਯੂਕਰੇਨ ਵਿੱਚ ਛਿੜੀ ਜੰਗ ਦਾ ਕੀ ਅਸਰ ਪੈਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਰੋਬਾਰੀ ਸਥਿਤੀ ਕੀ ਹੋਵੇਗੀ ਪਰ ਅੱਜ ਕਿਸਾਨਾਂ ਵਿੱਚ ਤੇਲ ਦੀ ਕਿੱਲਤ ਹੋਣ ਦੀਆਂ ਅਫਵਾਹਾਂ ਕਰਕੇ ਪੈਟਰੋਲ ਪੰਪ ਮਾਲਕਾਂ ਦੀ ਚਾਂਦੀ ਬਣੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ