ਪਿੰਡ ਚੱਕ ਫਤਿਹ ਸਿੰਘ ਵਾਲਾ ‘ਚ ਹੋਏ ਕਤਲ ਦੀ ਗੁੱਥੀ ਸੁਲਝੀ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ
ਤਿੰਨ ਦਿਨ ਪਹਿਲਾਂ ਪਿੰਡ ਚੱਕ ਫਤਿਹ ਸਿੰਘ ਵਾਲਾ ‘ਚ ਹਾਕਮ ਸਿੰਘ ਮੁੱਤਰ ਹਰਨਾਮ ਸਿੰਘ ਦੇ ਕਤਲ ਪਿੱਛੇ 11 ਹਜ਼ਾਰ ਰੁਪਏ ਦੀ ਮਾਮੂਲੀ ਰਾਸ਼ੀ ਵਜ੍ਹਾ ਵਜੋਂ ਸਾਹਮਣੇ ਆਈ ਹੈ। ਹਾਕਮ ਸਿੰਘ ਦਲਿਤ ਪਰਿਵਾਰ ਨਾਲ ਸਬੰਧਿਤ ਸੀ, ਜਿਸ ਦੀ 14 ਸਤੰਬਰ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਉਪਰੰਤ ਲਾਸ਼ ਸੜਕ ‘ਤੇ ਸੁੱਟ ਦਿੱਤੀ ਸੀ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਨੇ ਖੁਲਾਸਾ ਕੀਤਾ ਕਿ ਐੱਸ. ਪੀ. (ਜਾਂਚ) ਸਵਰਨ ਸਿੰਘ ਖੰਨਾ ਦੀ ਅਗਵਾਈ ਹੇਠ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਟੀਮ ਬਣਾਈ ਗਈ ਸੀ, ਜਿਸ ‘ਚ ਸੀਆਈਏ ਸਟਾਫ (ਟੂ) ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਵੀ ਸ਼ਾਮਲ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਹਾਕਮ ਸਿੰਘ ਦਿਹਾੜੀ ਕਰਦਾ ਸੀ ਤੇ ਜੋ ਪੈਸੇ ਇਕੱਤਰ ਹੁੰਦੇ ਉਹ ਵਿਆਜ ‘ਤੇ ਦੇ ਦਿੰਦਾ ਸੀ। ਹਾਕਮ ਸਿੰਘ ਦੇ ਘਰ ਦੇ ਨਜ਼ਦੀਕ ਮਹਿਲਾ ਕਿਰਨਜੀਤ ਕੌਰ ਰਹਿੰਦੀ ਸੀ, ਜਿਸ ਨੇ ਤਾਂਤਰਿਕ ਰਾਮ ਬਾਬੇ ਨਾਲ ਸਾਜਿਸ਼ ਕਰਕੇ ਸੋਨੇ ਦੀ ਇੱਕ ਜਾਅਲੀ ਚੇਨ ਬਣਾਈ ਤੇ ਉਸ ਨੂੰ ਗਹਿਣੇ ਰੱਖ ਕੇ ਹਾਕਮ ਸਿੰਘ ਤੋਂ 11 ਹਜ਼ਾਰ ਰੁਪਏ ਦੋ ਮਹੀਨਿਆਂ ਲਈ ਵਿਆਜ ‘ਤੇ ਲੈ ਲਏ। ਉਨ੍ਹਾਂ ਦੱਸਿਆ ਕਿ ਚੇਨ ਦੀ ਜਾਂਚ ਕਰਨ ‘ਤੇ ਜਦੋਂ ਜਾਅਲੀ ਹੋਣ ਦਾ ਪਤਾ ਲੱਗਾ ਤਾਂ ਹਾਕਮ ਸਿੰਘ ਨੇ ਕਿਰਨਜੀਤ ਕੌਰ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜਦੋਂ ਕੋਈ ਗੱਲ ਨਾ ਬਣੀ ਤਾਂ ਹਾਕਮ ਸਿੰਘ ਨੇ ਕਿਰਨਜੀਤ ਕੌਰ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਦੇ ਦਿੱਤੀ।
ਇਸੇ ਦੌਰਾਨ ਭਤੀਜੀ ਹੋਣ ਦੇ ਨਾਤੇ ਕਿਰਨਜੀਤ ਕੌਰ ਨੇ ਰਾਮ ਬਾਬੇ ਨਾਲ ਮਿਲ ਕੇ ਹਾਕਮ ਸਿੰਘ ਨੂੰ ਟਿਕਾਣੇ ਲਾਉਣ ਦੀ ਯੋਜਨਾ ਤਹਿਤ ਲੋਹੇ ਦੀ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਟਿਕਾਣੇ ਲਾਉਣ ਦੇ ਮੰਤਵ ਨਾਲ ਕਿਰਨਜੀਤ ਕੌਰ ਤੇ ਉਸ ਦੀ ਮਾਂ ਸੁਖਪਾਲ ਕੌਰ ਹਾਕਮ ਸਿੰਘ ਦੀ ਲਾਸ਼ ਨੂੰ ਆਪਣੇ ਘਰ ਲੈ ਆਏ ਜਿੱਥੋਂ ਉਨ੍ਹਾਂ ਸੜਕ ‘ਤੇ ਸੁੱਟ ਦਿੱਤੀ ਤਾਂ ਜੋ ਸੜਕ ਹਾਦਸੇ ਦਾ ਰੂਪ ਦਿੱਤਾ ਜਾ ਸਕੇ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਮਾਮਲਾ ਲੁੱਟ ਖੋਹ ਦਾ ਬਣਾਉਣ ਲਈ ਮ੍ਰਿਤਕ ਦੇ ਦੋ ਮੋਬਾਇਲ ਆਦਿ ਵੀ ਲੈ ਗਏ ਸਨ ਪਰ ਸਫਲਤਾ ਨਾ ਮਿਲਣ ‘ਤੇ ਉਨ੍ਹਾਂ ਲਾਸ਼ ਸੜਕ ‘ਤੇ ਸੁੱਟਣਾ ਵਾਜਿਬ ਸਮਝਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਖੂਨ ਨਾਲ ਲਿਬੜੀ ਲੋਹੇ ਦੀ ਰਾਡ, ਖੂਨ ਸਣਿਆ ਇੱਕ ਕੰਬਲ ਤੇ ਪੱਲੀ ਤੇ ਮੋਬਾਇਲ ਬਰਾਮਦ ਕਰ ਲਏ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।