ਪੁਲਿਸ ਵੱਲੋਂ ਕੀਤੇ ਗਏ ਸਨ ਭਾਰੀ ਸੁਰੱਖਿਆ ਪ੍ਰਬੰਧ
- ਏਐਸਆਈ ਦੇ ਬਿਆਨ ਹੋਏ, ਅਗਲੀ ਸੁਣਵਾਈ 26 ਜੁਲਾਈ ਤੇ ਪਈ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼) । ਰਾਸਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲਦਾ ਸਿੰਘ ਕਤਲ ਕਾਂਡ ਦੇ ਦੋਸ ਹੇਠ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਗੋਲਡੀ ਨੂੰ ਅੱਜ ਇੱਥੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ ਕੀਤਾ ਗਿਆ। ਜਗਤਾਰ ਸਿੰਘ ਤਾਰਾ ਚੰਗੀਗੜ੍ਹ ਦੀ ਬੁੜੇਲ ਜੇਲ੍ਹ ਜਦਕਿ ਰਮਨਦੀਪ ਗੋਲਡੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਬੰਦ ਹੈ। ਇਨ੍ਹਾਂ ਮੁਲਜ਼ਮਾਂ ਨੂੰ ਅੱਜ ਇੱਥੇ ਮਾਨਯੋਗ ਪੀ.ਐਸ. ਸਿੰਗਲਾ ਦੀ ਅਦਾਲਤ ਵਿੱਚ ਪੇਸ ਕੀਤਾ ਗਿਆ। ਅੱਜ ਦੀ ਸੁਣਵਾਈ ਦੌਰਾਨ ਸਿਰਫ਼ ਏਐਸਆਈ ਹਰਜੀਤ ਸਿੰਘ ਦੇ ਹੀ ਗਵਾਹ ਵਜੋਂ ਬਿਆਨ ਦਰਜ ਹੋਏ ਜਦਕਿ ਹੋਰ ਦੂਜੇ ਗਵਾਹਾਂ ਵੱਲੋਂ ਵੀ ਆਪਣੇ ਬਿਆਨ ਦਰਜ਼ ਕਰਵਾਉਣੇ ਸਨ, ਪਰ ਉਹ ਅਦਾਲਤ ਨਾ ਪੁੱਜੇ।
ਅਦਾਲਤ ਵੱਲੋਂ ਇਨ੍ਹਾਂ ਗਵਾਹਾਂ ਨੂੰ ਅਗਲੀ ਪੇਸ਼ੀ ਦੌਰਾਨ ਆਪਣੇ ਬਿਆਨ ਦਰਜ਼ ਕਰਵਾਉਣ ਲਈ ਪਾਬੰਦ ਕੀਤਾ ਹੈ। ਜਗਤਾਰ ਸਿੰਘ ਤਾਰਾ ਦੇ ਵਕੀਲ ਸ੍ਰੀ ਸੋਢੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅਗਲੀ ਸੁਣਵਾਈ 26 ਜੁਲਾਈ ‘ਤੇ ਪਾਈ ਗਈ ਹੈ ਅਤੇ ਇਸ ਦਿਨ ਬਾਕੀ ਰਹਿੰਦੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਦੱਸਣਯੋਗ ਹੈ ਕਿ ਅੱਜ ਦੀ ਪੇਸ਼ੀ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਅਦਾਲਤ ਨੂੰ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ।
ਦੱਸਣਯੋਗ ਹੈ ਕਿ 29 ਅਤੇ 30 ਜੁਲਾਈ ਦੀ ਰਾਤ ਨੂੰ ਰਾਸਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਅਤੇ 15 ਅਗਸਤ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਜਾਂਚ ਵਿੱਚ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਗੋਲਡੀ ਨੂੰ ਨਾਮਜਦ ਕੀਤਾ ਗਿਆ ਸੀ। ਖਾਸ ਜਿਕਰਯੋਗ ਹੈ ਕਿ ਜਗਤਾਰ ਸਿੰਘ ਤਾਰਾ ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਤਾ ਉਮਰ ਕੈਂਦ ਦੀ ਸਜ਼ਾ ਭੁਗਤ ਰਿਹਾ ਹੈ।