ਐਕਸਿਸ ਬੈਂਕ ਨੂੰ ਪਾੜ ਲਾ ਕੇ 26 ਲੱਖ ਰੁਪਏ ਦੀ ਨਗਦੀ ਚੋਰੀ
(ਬਸੰਤ ਸਿੰਘ ਬਰਾੜ) ਤਲਵੰਡੀ ਭਾਈ । ਚੋਰਾਂ ਵੱਲੋਂ ਫਿਰੋਜ਼ਪੁਰ – ਲੁਧਿਆਣਾ ਰੋਡ ’ਤੇ ਪੈਂਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਜੋੜੀਆਂ ਨਹਿਰਾਂ ਨੇੜੇ ਸਥਿਤ ਐਕਸਿਸ ਬੈਂਕ ਦੀ ਬਰਾਂਚ ਵਿੱਚੋਂ 26 ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ।ਦੋ ਦਿਨ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣ ਕਰਕੇ ਚੋਰੀ ਦੀ ਇਸ ਵੱਡੀ ਘਟਨਾ ਦਾ ਅੱਜ ਸਵੇਰੇ ਪਤਾ ਲੱਗਾ ਤਾਂ ਬੈਂਕ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਸਟਾਫ ਨੇ ਇਸਦੀ ਸੂਚਨਾ ਪੁਲਿਸ ਥਾਣਾ ਘੱਲ ਖੁਰਦ ਨੂੰ ਦਿੱਤੀ ।
ਜਾਣਕਾਰੀ ਅਨੁਸਾਰ ਚੋਰ ਬੈਂਕ ਦੀ ਪਿਛਲੀ ਕੰਧ ਨੂੰ ਪਾੜ ਲਗਾ ਕੇ ਇਮਾਰਤ ਵਿੱਚ ਦਾਖਲ ਹੋਏ ਅਤੇ ਉੱਥੇ ਪਏ ਸੇਫ ਨੂੰ ਕਟਰ ਨਾਲ ਕੱਟਣ ਉਪਰੰਤ ਸਾਰੀ ਨਗਦੀ ਚੋਰੀ ਕਰਕੇ ਲੈ ਗਏ । ਬੈਂਕ ਮੁਤਾਬਿਕ ਚੋਰੀ ਹੋਈ ਰਕਮ 25.71 ਲੱਖ ਬਣਦੀ ਹੈ । ਇਸ ਮੌਕੇ ਸੂਚਨਾ ਮਿਲਣ ਉਪਰੰਤ ਥਾਣਾ ਘੱਲ ਖੁਰਦ ਦੇ ਐਸ ਐਚ ਓ ਪ੍ਰਭਜੀਤ ਸਿੰਘ ਪੁਲਿਸ ਕਰਮਚਾਰੀਆਂ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ , ਜਿੰਨ੍ਹਾਂ ਵੱਲੋਂ ਸੂਚਨਾ ਦਿੱਤੇ ਜਾਣ ’ਤੇ ਹਰਮਨਦੀਪ ਸਿੰਘ ਐਸ ਐਸ ਪੀ ਫਿਰੋਜ਼ਪੁਰ ਤੇ ਹਰ ਵੱਡੇ ਅਧਿਕਾਰੀ ਵੀ ਜਾਂਚ ਪੜਤਾਲ ਲਈ ਪਹੁੰਚ ਗਏ । ਇਸ ਮੌਕੇ ਪੁਲਿਸ ਦਾ ਡਾਗ ਸਕੂਐਡ , ਫਿੰਗਰ ਪਿ੍ਰੰਟ ਮਾਹਿਰ ਤੇ ਹੋਰ ਤਕਨੀਕੀ ਟੀਮਾਂ ਨੇ ਵੀ ਛਾਣਬੀਣ ਕੀਤੀ ।
ਥਾਣਾ ਘੱਲ ਖੁਰਦ ਦੇ ਐਸ ਐਚ ਓ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਸੁਰਿੰਦਰ ਕੌਰ ਵੱਲੋਂ ਲਿਖਵਾਏ ਗਏ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ । ਚੋਰੀ ਦੀ ਘਟਨਾ ਵਾਲੀ ਇਹ ਬਰਾਂਚ ਖੇਤਾਂ ਦੇ ਨਾਲ ਲੱਗਦੀ ਹੈ ਅਤੇ ਰਾਤ ਦੇ ਸਮੇਂ ਉਸ ਖੇਤਰ ਵਿੱਚ ਲੋਕਾਂ ਦੀ ਆਵਾਜਾਈ ਵੀ ਘੱਟ ਹੁੰਦੀ ਹੈ ਪਰ ਫਿਰ ਵੀ ਬੈਂਕ ਵੱਲੋਂ ਉੱਥੇ ਰਾਤ ਦੇ ਸਮੇਂ ਕੋਈ ਸੁਰੱਖਿਆ ਕਰਮੀ ਤਾਇਨਾਤ ਨਹੀਂ ਕੀਤਾ ਗਿਆ ਸੀ ਅਤੇ ਬੈਂਕ ਦੀਆਂ ਇਨ੍ਹਾਂ ਕਥਿਤ ਅਣਗਹਿਲੀਆਂ ਕਾਰਨ ਹੀ ਚੋਰ ਇਸ ਵੱਡੀ ਘਟਨਾ ਨੂੰ ਅੰਜਾਮ ਦੇਣ ਵਿੱਚ ਸਫਲ ਹੋ ਗਏ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ