ਛੱਤ ਹੇਠ ਦੱਬਿਆ ਗਿਆ ਪਰਿਵਾਰ, ਦੋ ਦੀ ਮੌਤ
ਮਲਬੇ ਹੇਠ ਦੱਬੇ ਜਾਣ ਕਾਰਨ 5 ਜਣੇ ਹੋਏ ਜ਼ਖਮੀ
ਮੂਣਕ, ਮੋਹਨ। ਸੰਗਰੂਰ ਜਿਲ੍ਹੇ ਦੇ ਕਸਬਾ ਮੂਣਕ ਵਿਖੇ ਅੱਜ ਸਵੇਰੇ ਇੱਕ ਘਰ ਦੀ ਛੱਤ ਡਿੱਗਣ ਕਰਕੇ ਛੱਤ ਦੇ ਮਲਬੇ ਹੇਠ ਦੱਬੇ ਜਾਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਇਸ ਤੋਂ ਇਲਾਵਾ ਇਸ ਹਾਦਸੇ ‘ਚ 5 ਹੋਰ ਵਿਅਕਤੀ ਜਖ਼ਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਮੂਣਕ ਦੇ ਵਾਰਡ ਨੰਬਰ 4 ਬਾਜੀਗਰ ਮੁਹੱਲਾ ‘ਚ ਇੱਕ ਗਰੀਬ ਪਰਿਵਾਰ ਆਪਣੇ ਘਰ ‘ਚ ਸੁੱਤਾ ਪਿਆ ਸੀ ਕਿ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਅਚਾਨਕ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਪਰਿਵਾਰ ਦੇ ਦੋ ਬੱਚੇ ਛੱਤ ਦੇ ਮਲਬੇ ਹੇਠ ਦੱਬੇ ਗਏ। Roof Collapse
ਦੋ ਬੱਚਿਆਂ ‘ਚ ਇੱਕ ਕੁੜੀ ਖੁਸ਼ੀ ਪੁੱਤਰੀ ਸੁਖਚੈਨ ਸਿੰਘ ਉਮਰ 9 ਸਾਲ ਤੇ ਦੂਜਾ ਮੁੰਡਾ ਕੁਲਦੀਪ ਸਿੰਘ ਪੁੱਤਰ ਡੀਸੀ ਸਿੰਘ ਉਮਰ 12 ਸਾਲ ਦੀ ਮੌਤ ਹੋ ਗਈ। ਜਦਕਿ ਸ਼ੀਲਾ ਦੇਵੀ, ਸ਼ਗਨਪ੍ਰੀਤ ਕੌਰ, ਮੁਨਸ਼ੀਰਾਮ, ਰਾਂਝਾ ਰਾਮ, ਸ਼ਿੰਦਰੋ ਆਦਿ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿੱਥੋਂ ਰਾਂਝਾ ਰਾਮ ਤੇ ਸ਼ਿੰਦਰੋ ਨੂੰ ਜ਼ਿਆਦਾ ਸੱਟ ਹੋਣ ਕਾਰਨ ਟੋਹਾਣਾ ਰੈਫਰ ਕੀਤਾ ਗਿਆ ਹੈ। ਇਸ ਦੌਰਾਨ ਨਾਇਬ ਤਹਿਸੀਲਦਾਰ ਸਰਬਜੀਤ ਸਿੰਘ, ਐਸਐਚਓ ਗੁਰਮੀਤ ਸਿੰਘ, ਡੀਐਸਪੀ ਬੂਟਾ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਦੂਜੇ ਪਾਸੇ ਮੁਹੱਲੇ ਦੇ ਲੋਕਾਂ ਨੇ ਗਰੀਬ ਪਰਿਵਾਰ ਲਈ ਮੁਆਵਜੇ ਦੀ ਮੰਗ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।