ਲੁਟੇਰਾ ਪੁਲਿਸ ਕਾਂਸਟੇਬਲ ਸਾਥੀਆਂ ਸਣੇ ਕਾਬੂ, ਹਥਿਆਰ ਦਿਖਾਕੇ ਰਾਹਗੀਰਾਂ ਨਾਲ ਕਰਦੇ ਸੀ ਲੁੱਟ
ਲੁਧਿਆਣਾ। ਪੰਜਾਬ ਦੇ ਲੁਧਿਆਣਾ ਵਿੱਚ ਇੱਕ ਪੁਲਿਸ ਗੈਂਗ ਦਾ ਪਰਦਾਫਾਸ਼ ਹੋਇਆ ਹੈ। ਇਸ ਗਿਰੋਹ ਵਿੱਚ ਹੁਣ ਤੱਕ 7 ਵਿਅਕਤੀ ਸ਼ਾਮਲ ਦੱਸੇ ਜਾ ਰਹੇ ਹਨ। ਮੁਲਜ਼ਮਾਂ ਵਿੱਚ 2 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ ਜੋ ਸਰਕਟ ਹਾਊਸ ਵਿੱਚ ਵੀਆਈਪੀ ਸੁਰੱਖਿਆ ਹੇਠ ਤਾਇਨਾਤ ਹਨ। ਦੋਵੇਂ ਮੁਲਜ਼ਮ ਕਾਂਸਟੇਬਲ ਹਨ। ਮੁਲਜ਼ਮਾਂ ਦੇ ਨਾਲ 5 ਹੋਰ ਵਿਅਕਤੀ ਵੀ ਹਨ, ਜੋ ਉਨ੍ਹਾਂ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੋਤੀ ਨਗਰ ਪੁਲਿਸ ਨੇ 3 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ ਪਰ ਬਾਕੀ 4 ਲੋਕ ਅਜੇ ਫਰਾਰ ਹਨ। ਗਿ੍ਰਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਵਿੱਚੋਂ ਇੱਕ ਕਾਂਸਟੇਬਲ ਇੰਦਰਜੀਤ ਸਿੰਘ ਹੈ। ਦੂਜਾ ਕਾਂਸਟੇਬਲ ਫਰਾਰ ਦੱਸਿਆ ਜਾ ਰਿਹਾ ਹੈ। ਲੋਕਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਡਰਾ ਧਮਕਾ ਕੇ ਨਗਦੀ ਅਤੇ ਕੀਮਤੀ ਸਮਾਨ ਲੁੱਟਣ ਵਾਲੇ ਦੋਸ਼ੀਆਂ ਨੂੰ ਮੋਤੀ ਨਗਰ ਪੁਲਿਸ ਨੇ ਕਾਬੂ ਕੀਤਾ ਹੈ।
ਵੀਰਵਾਰ ਨੂੰ ਉਕਤ ਦੋਸ਼ੀ ਪੁਲਿਸ ਦਾ ਚੋਲਾ ਪਾ ਕੇ ਇਕ ਰਾਹਗੀਰ ਨੂੰ ਰੋਕ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਇਸ ਮਾਮਲੇ ’ਚ ਉਸ ਥਾਂ ’ਤੇ ਗੱਲ ਵਧ ਗਈ ਅਤੇ ਬਹਿਸ ਹੋਰ ਹੋ ਗਈ। ਦੋਸ਼ੀ ਕਾਂਸਟੇਬਲ ਇੰਦਰਜੀਤ ਨੇ ਇਕ ਰਾਹਗੀਰ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਮਾਹੌਲ ਖਰਾਬ ਹੋ ਗਿਆ। ਪੁਲਿਸ ਥਾਣਾ ਮੋਤੀ ਨਗਰ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਪੁਲਿਸ ਮੁਲਾਜ਼ਮ ਵਰਦੀ ਪਾ ਕੇ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ । ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ 4 ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਪਰ ਤਿੰਨ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਾਂਸਟੇਬਲ ਇੰਦਰਜੀਤ ਸਿੰਘ, ਉਸ ਦੇ ਸਾਥੀ ਕਰਨ ਅਤੇ ਪਿ੍ਰੰਸ ਵਜੋਂ ਹੋਈ ਹੈ। ਕਾਂਸਟੇਬਲ ਮਨਜੀਤ ਸਿੰਘ ਅਤੇ ਤਿੰਨ ਹੋਰ ਮੁਲਜ਼ਮ, ਜਿਨ੍ਹਾਂ ਦੀ ਪਛਾਣ ਹੋਣੀ ਬਾਕੀ ਹੈ, ਉਹ ਅਜੇ ਫਰਾਰ ਹਨ।
ਮੁਲਜ਼ਮ ਚੈਕਿੰਗ ਦੇ ਬਹਾਨੇ ਲੋਕਾਂ ਨੂੰ ਲੁੱਟਦੇ ਸਨ
ਦੱਸਿਆ ਜਾ ਰਿਹਾ ਹੈ ਕਿ ਵਰਦੀ ਪਾ ਕੇ ਦੋਵੇਂ ਪੁਲਿਸ ਮੁਲਾਜ਼ਮ ਕਿਤੇ ਵੀ ਸੁੰਨਸਾਨ ਦੇਖ ਕੇ ਰਾਹਗੀਰਾਂ ਦੀ ਚੈਕਿੰਗ ਸ਼ੁਰੂ ਕਰ ਦਿੰਦੇ ਸਨ। ਚੈਕਿੰਗ ਦੇ ਬਹਾਨੇ ਦੋਵੇਂ ਕਾਂਸਟੇਬਲ ਅਤੇ ਉਸ ਦੇ ਸਾਥੀ ਲੋਕਾਂ ਨੂੰ ਲੁੱਟਦੇ ਸਨ। ਥਾਣਾ ਮੋਤੀ ਨਗਰ ਦੇ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮਾਂ ਨੇ ਕੁਝ ਵਿਅਕਤੀਆਂ ਤੋਂ ਤਿੰਨ ਮੋਬਾਈਲ ਫੋਨ ਅਤੇ ਕੁੱਲ 2000 ਰੁਪਏ ਲੁੱਟ ਲਏ ਹਨ। ਨੇ ਕਾਰਵਾਈ ਕਰਦੇ ਹੋਏ 3 ਲੋਕਾਂ ਨੂੰ ਕਾਬੂ ਕਰ ਲਿਆ ਹੈ, 4 ਅਜੇ ਫਰਾਰ ਹਨ।
ਨਸ਼ੇੜੀ ਪੁਲਿਸ ਮੁਲਾਜ਼ਮ
ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਜ਼ਮ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ। ਹਥਿਆਰਾਂ ਦੇ ਜ਼ੋਰ ’ਤੇ ਲੋਕਾਂ ਨੂੰ ਲੁੱਟਦੇ ਸਨ। ਇਸ ਘਟਨਾ ਤੋਂ ਬਾਅਦ ਜਿੱਥੇ ਸ਼ਹਿਰ ’ਚ ਪੁਲਿਸ ਦੀ ਹੌਸਲਾ ਅਫਜਾਈ ਹੋਈ ਹੈ, ਉਥੇ ਹੀ ਲੋਕਾਂ ਨੇ ਮੋਤੀ ਨਗਰ ਥਾਣੇ ਦੇ ਐੱਸਐੱਚਓ ਦੀ ਇਸ ਕਾਰਵਾਈ ਦੀ ਸ਼ਲਾਘਾ ਵੀ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਅਜਿਹੇ ਅਪਰਾਧਿਕ ਅਕਸ ਵਾਲੇ ਪੁਲਿਸ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸ ਲਵੇ ਤਾਂ ਵਿਭਾਗ ’ਚ ਫੈਲਿਆ ਅਪਰਾਧ ਅਤੇ ਭਿ੍ਰਸ਼ਟਾਚਾਰ ਆਪਣੇ-ਆਪ ਖਤਮ ਹੋ ਜਾਵੇਗਾ। ਮੁਲਜ਼ਮ ਖ਼ਿਲਾਫ਼ ਥਾਣਾ ਮੋਤੀ ਨਗਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ