ਵਿਗਿਆਨਕ ਯੱੁਗ ’ਚ ਤਕਨਾਲੋਜੀ ਦੇ ਬੇਹੱਦ ਵਿਕਾਸ ਨੇ ਬਿਹਤਰ ਜ਼ਿੰਦਗੀ ਜਿਉਣ ਦੇ ਹੀਲੇ ਜੁਟਾਏ ਹਨ। ਹੋਰ ਸੁੱਖ-ਸਹੂਲਤਾਂ ਦੇ ਨਾਲ ਮਹੀਨਿਆਂ ਦੇ ਸਫ਼ਰ ਨੂੰ ਘੰਟਿਆਂ ’ਚ ਸਮੇਟ ਦਿੱਤਾ ਹੈ। ਇਸ ਸਹੂਲਤ ਦੇ ਨਾਲ ਸੜਕ ਹਾਦਸਿਆਂ ਨੂੰ ਜਨਮ ਵੀ ਦਿੱਤਾ ਹੈ। ਤੇਜ਼ ਰਫ਼ਤਾਰ, ਅਣਗਹਿਲੀ, ਟ੍ਰੈਫ਼ਿਕ ਨਿਯਮਾਂ ਪ੍ਰਤੀ ਅਗਿਆਨਤਾ, ਨਸ਼ੇ ਦੀ ਹਾਲਤ ’ਚ ਵਾਹਨ ਚਲਾਉਣਾ, ਸੜਕਾਂ ਦੀ ਬੁਰੀ ਹਾਲਤ, ਜੁਗਾੜੂ ਵਾਹਨ, ਸੜਕਾਂ ’ਤੇ ਰੌਸ਼ਨੀ ਦਾ ਤਸੱਲੀਬਖਸ਼ ਪ੍ਰਬੰਧ ਨਾ ਹੋਣਾ, ਟ੍ਰੈਫਿਕ ਚਿੰਨ੍ਹਾਂ ਦੀ ਅਣਹੋਂਦ, ਆਪਣੀ ਸੁੱਖ-ਸਹੂਲਤ ਲਈ ਸੜਕਾਂ ’ਤੇ ਗੈਰ-ਵਾਜਿਬ ਜਗ੍ਹਾ ’ਤੇ ਰਸਤੇ ਬਣਾਉਣਾ ਤੇ ਗਲਤ ਦਿਸ਼ਾ ’ਚ ਵਾਹਨ ਚਲਾਉਣਾ ਆਦਿ ਕਾਰਨਾਂ ਨੇ ਅਜੋਕੇ ਦੌਰ ਅੰਦਰ ਹਾਲਾਤ ਨੂੰ ਹੋਰ ਵੀ ਖ਼ਤਰਨਾਕ ਬਣਾ ਦਿੱਤਾ ਹੈ। (Road Accident)
ਸੜਕ ’ਤੇ ਚੱਲਦੇ ਸਮੇਂ ਹਰ ਵੇਲੇ ਦਿਲ ਡਰਿਆ ਮਹਿਸੂਸ ਕਰਦਾ ਹੈ ਕਿ ਕਿਤੇ ਕੋਈ ਅਣਜਾਣ ਵਿਅਕਤੀ ਹੀ ਫੇਟ ਨਾ ਮਾਰ ਦੇਵੇ। ਕਈ ਜਗ੍ਹਾ ਬਿਨਾਂ ਜਾਂਚ-ਪੜਤਾਲ ਦੇ ਟ੍ਰੈਫਿਕ ਲਾਇਸੈਂਸ ਲੋਕਾਂ ਨੂੰ ਜਾਰੀ ਹੋ ਰਹੇ ਹਨ ਜਿਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਤੱਕ ਨਹੀਂ ਹੁੰਦੀ। ਸਕੂਲੀ ਬੱਚੇ, ਬਜ਼ੁਰਗ ਤੇ ਅਣਸਿੱਖਿਅਤ ਲੋਕ ਸੁਰੱਖਿਆ ਨਿਯਮਾਂ ਨੂੰ ਛਿੱਕੇ ਟੰਗ ਕੇ ਸੜਕਾਂ ’ਤੇ ਮਸਤੀ ਨਾਲ ਘੁੰਮਦੇ ਦੇਖੇ ਜਾ ਸਕਦੇ ਹਨ। ਸਿਰਫ਼ ਚਲਾਨ ਕੱਟਣਾ ਹੀ ਇਸ ਦਾ ਮਾਤਰ ਹੱਲ ਨਹੀਂ ਹੈ।
ਵੱਸਦੇ ਘਰਾਂ ਦੇ ਚਿਰਾਗ ਬੁਝਾਉਂਦੇ ਹਾਦਸੇ | Road Accident
ਪੰਜਾਬ ਵਿੱਚ ਹਰ ਰੋਜ਼ ਕਿਤੋਂ ਨਾ ਕਿਤੋਂ ਚਾਰ-ਪੰਜ ਵਾਪਰੇ ਵੱਡੇ ਸੜਕ ਹਾਦਸੇ ਰੋਜ਼ਾਨਾ ਅਖ਼ਬਾਰਾਂ ਦੀ ਸੁਰਖੀ ਬਣਦੇ ਹਨ। ਇਨ੍ਹਾਂ ਹਾਦਸਿਆਂ ਦੀ ਤਸਵੀਰ ਇੰਨੀ ਭਿਆਨਕ ਹੁੰਦੀ ਹੈ ਕਿ ਦੇਖ ਕੇ ਹਰ ਕਿਸੇ ਦਾ ਸਿਰ ਚਕਰਾ ਜਾਂਦਾ ਹੈ। ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਾਦਸੇ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੇ ਵੱਸਦੇ ਘਰਾਂ ਦੇ ਚਿਰਾਗ ਬੁਝਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। 4500 ਤੋਂ ਵੱਧ ਹਰ ਸਾਲ ਲੋਕਾਂ ਦੀ ਸੜਕ ਹਾਦਸਿਆਂ ਦੌਰਾਨ ਮੌਤ ਹੁੰਦੀ ਹੈ ਜੋ ਪ੍ਰਤੀਦਿਨ 12 ਲੋਕ ਬਣਦੇ ਹਨ ਜੋ ਇਨ੍ਹਾਂ ਸੜਕ ਹਾਦਸਿਆਂ ਦੌਰਾਨ ਅਣਆਈ ਮੌਤ ਮਰਦੇ ਹਨ।
ਇੱਥੇ ਇਹ ਪੱਖ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹੈ ਕਿ ਅਜੋਕੇ ਦੌਰ ਅੰਦਰ ਵਾਪਰ ਰਹੇ ਇਨ੍ਹਾਂ ਸੜਕ ਹਾਦਸਿਆਂ ਵਿੱਚ 15 ਤੋਂ 25 ਸਾਲ ਉਮਰ ਦੇ ਬੱਚੇ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਜੋ ਮਾਪਿਆਂ ਲਈ ਅਸਹਿ ਸਦਮਾ ਹੁੰਦਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇਸ਼ ਵਿੱਚ 440042 ਸੜਕ ਹਾਦਸੇ ਹੋਏ ਅਤੇ 139091 ਲੋਕ ਸੜਕ ਹਾਦਸਿਆਂ ਦੌਰਾਨ ਮਾਰੇ ਗਏ। ਦੇਸ਼ ਪੱਧਰ ’ਤੇ ਸੜਕ ਹਾਦਸਿਆਂ ’ਚ ਮੌਤ ਦਰ 32.6 ਫ਼ੀਸਦੀ ਹੈ ਜਦਕਿ ਪੰਜਾਬ ਵਿੱਚ ਇਹ ਦਰ 75.8 ਫ਼ੀਸਦੀ ਹੈ। ਇਨ੍ਹਾਂ ਹਾਦਸਿਆਂ ਵਿੱਚ ਡਰਾਈਵਰ ਦੀ ਲਾਪਰਵਾਹੀ, ਟ੍ਰੈਫਿਕ ਨਿਯਮਾਂ ਪ੍ਰਤੀ ਉਦਾਸੀਨਤਾ, ਬਹੁਤੇ ਵਾਹਨਾਂ ਦੀ ਤਰਸਯੋਗ ਹਾਲ਼ਤ ਤੇ ਜਲਦਬਾਜ਼ੀ ਮੁੱਖ ਕਾਰਨ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਏ ਹਨ।
ਮਾਹਿਰ ਡਾਕਟਰਾਂ ਦੀ ਟੀਮ ਅਤੇ ਸਾਜੋ-ਸਾਮਾਨ ਦੀ ਕਮੀ
ਇੱਕ ਵੱਡੇ ਅੰਗਰੇਜ਼ੀ ਅਖ਼ਬਾਰ ਦੀ ਸੰਪਾਦਕੀ ਨੇ ਸਾਡੇ ਸੂਬੇ ਦੇ ਸਰਕਾਰੀ ਸਿਹਤ ਖੇਤਰ ਦੇ ਪੰਜ ਟਰੌਮਾ ਕੇਅਰ ਸੈਂਟਰਾਂ ਦੇ ਠੱਪ ਪਏ ਹੋਣ ਦਾ ਗੰਭੀਰ ਨੋਟਿਸ ਲਿਆ ਸੀ ਜਿਸ ਨੇ ਪੰਜਾਬ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਦਾ ਲਗਾਤਾਰ ਵਧਣਾ ਅਤੇ ਉਸ ਹਾਲਤ ਵਿੱਚ ਮਰੀਜ਼ ਨੂੰ ਸਹੀ ਦਿਸ਼ਾ ਵਿੱਚ ਇਲਾਜ ਦੇਣ ਲਈ ਇੱਕ ਛੱਤ ਹੇਠ ਮਾਹਿਰ ਡਾਕਟਰਾਂ ਦੀ ਟੀਮ ਅਤੇ ਸਾਜੋ-ਸਾਮਾਨ ਦੀ ਕਮੀ ਹੋਣਾ ਹੈ। ਇਹ ਦੁੱਖ ਦੀ ਗੱਲ ਹੈ ਕਿ ਸਰਕਾਰੀ ਸਿਹਤ ਖੇਤਰ ਦੀਆਂ ਜ਼ਿਆਦਾਤਰ ਵੱਡੀਆਂ ਸਿਹਤ ਸੰਸਥਾਵਾਂ ਕੋਲ ਅਜੇ ਤੱਕ ਨਿਉਰੋਸਰਜਨ (ਦਿਮਾਗ ਦੇ ਆਪ੍ਰੇਸ਼ਨਾਂ ਦਾ ਮਾਹਿਰ) ਉਪਲੱਬਧ ਨਹੀਂ ਹੋ ਸਕਿਆ ਜੋ ਸਿਰ ਦੀ ਸੱਟ ਵਾਲੇ ਮਰੀਜ਼ ਦਾ ਸਹੀ ਦਿਸ਼ਾ ’ਚ ਇਲਾਜ ਕਰਕੇ ੳੇੁਸ ਦੀ ਜ਼ਿੰਦਗੀ ਬਚਾਉਣ ਦੇ ਸਮਰੱਥ ਹੁੰਦਾ ਹੈ। ਉਕਤ ਇਨ੍ਹਾਂ ਨਾਮੀ ਸੰਸਥਾਵਾਂ ਨੂੰ ਇਸ ਕਰਕੇ ਸਿਰ ਦੀ ਸੱਟ ਵਾਲੇ ਮਰੀਜ਼ ਨੂੰ ਰੈਫ਼ਰ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਬਚਦਾ। ਇਸ ਦੌਰਾਨ ਅਕਸਰ ਹੀ ਮਰੀਜ਼ ਰਸਤੇ ਵਿੱਚ ਦਮ ਤੋੜ ਜਾਂਦੇ ਹਨ।
ਇਹ ਵੀ ਪੜ੍ਹੋ : ਮੌਸਮ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ
ਸੜਕ ਹਾਦਸੇ ਤੋਂ ਬਾਅਦ ਇਲਾਜ ਲਈ ਲਿਆਂਦੇ ਮਰੀਜ਼ ਦਾ ਸਾਰੇ ਸਿਹਤ ਕੇਂਦਰ ਟਰੌਮਾ ਕੇਅਰ (ਹਾਦਸੇ ਸਮੇਂ ਲੱਗੀ ਸੱਟ ਦਾ ਸਹੀ ਇਲਾਜ ਕੇਂਦਰ) ਨਹੀਂ ਦੇ ਪਾਉਂਦੇ ਜਾਂ ਇੰਝ ਕਹਿ ਲਈਏ ਕਿ ਉਨ੍ਹਾਂ ਕੋਲ ਉਸ ਸਮੇਂ ਲੋੜੀਂਦੀਆਂ ਉਹ ਸਾਰੀਆਂ ਸਿਹਤ ਸਹੂਲਤਾਂ ਜਿਵੇਂ ਪੂਰੀ ਤਰ੍ਹਾਂ ਸਿੱਖਿਅਤ ਨਰਸਿੰਗ ਸਟਾਫ਼, ਡਾਕਟਰਾਂ ਦੀ ਟੀਮ, ਐਮਰਜੈਂਸੀ ਦੌਰਾਨ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ, ਆਧੁਨਿਕ ਉਪਕਰਨਾਂ ਨਾਲ ਲੈਸ ਆਪਰੇਸ਼ਨ ਥੀਏਟਰ, ਐਕਸਰੇ, ਸੀ. ਟੀ. ਸਕੈਨ, ਅਲਟਰਾਸਾਊਂਡ, ਹਾਦਸੇ ਦੌਰਾਨ ਡੁੱਲ੍ਹੇ ਖੂਨ ਦੀ ਪੂਰਤੀ ਲਈ ਬਲੱਡ ਬੈਂਕ, ਆਈ. ਸੀ. ਯ.ੂ, ਤੇ ਹੋਰ ਡਾਕਟਰੀ ਸਾਜੋ-ਸਾਮਾਨ ਆਦਿ ਮੌਜੂਦ ਹੀ ਨਹੀਂ ਹੁੰਦੀਆਂ।
ਹਾਦਸਾ ਹੋਣ ਤੋਂ ਬਾਅਦ ਮਰੀਜ਼ ਦੀ ਜ਼ਿੰਦਗੀ ਉਸ ਸਿਹਤ ਕੇਂਦਰ/ਹਸਪਤਾਲ ਦੇ ਸਟਾਫ਼ ਦੇ ਹੱਥਾਂ ਵਿੱਚ ਹੁੰਦੀ ਹੈ। ਜੇਕਰ ਉਨ੍ਹਾਂ ਉਸ ਸਮੇਂ ਸਹੀ ਦਿਸ਼ਾ ਵਿੱਚ ਇਲਾਜ ਕੀਤਾ ਤਾਂ ਮਰੀਜ਼ ਦੀ ਜਾਨ ਬਚ ਜਾਂਦੀ ਹੈ ਨਹੀਂ ਤਾਂ ਇਸ ਨੂੰ ਰੱਬ ਦੀ ਕਰਨੀ ਸਮਝ ਕੇ ਭਾਣਾ ਮੰਨ ਲਿਆ ਜਾਂਦਾ ਹੈ। ਇਸੇ ਕਰਕੇ ਅੱਜ ਦੇ ਸਮੇਂ ਵਿੱਚ ਟਰੌਮਾ ਕੇਅਰ ਸੈਂਟਰਾਂ ਦੀ ਮਹੱਤਤਾ ਵਧ ਗਈ ਹੈ ਜੋ ਸੜਕ ਹਾਦਸੇ ਦੌਰਾਨ ਮਰੀਜ਼ ਨੂੰ ਨਵਾਂ ਜੀਵਨ ਦੇਣ ਦੇ ਸਮਰੱਥ ਹੁੰਦੇ ਹਨ ਅਤੇ ਇਨ੍ਹਾਂ ਦੀ ਸੁਚੱਜੀ ਵਰਤੋਂ ਸਮਾਜ ਲਈ ਵਰਦਾਨ ਹੋ ਨਿੱਬੜੀ ਹੈ।
ਡਾਕਟਰਾਂ ਦਾ ਫ਼ਰਜ਼ | Road Accident
ਉਹ ਸੰਸਥਾ ਜਿਸ ਕੋਲ ਚੌਵੀ ਘੰਟੇ ਉਪਲੱਬਧ ਤੇ ਮਰੀਜ਼ਾਂ ਨੂੰ ਸਮਰਪਿਤ ਨਿਉਰੋਸਰਜਨ, ਹੱਡੀਆਂ ਦੇ ਮਾਹਿਰ, ਹਰ ਤਰ੍ਹਾਂ ਦੇ ਆਪ੍ਰੇਸ਼ਨਾਂ ਦੇ ਮਾਹਿਰ, ਕੰਨ ਨੱਕ ਗਲੇ ਦੇ ਮਾਹਿਰ, ਅੱਖਾਂ ਦੇ ਮਾਹਿਰ ਡਾਕਟਰ, ਦੰਦਾਂ ਦਾ ਵਿਭਾਗ, ਮੈਡੀਕਲ ਸਪੈਸ਼ਲਿਸਟ, ਔਰਤ ਰੋਗਾਂ ਦੇ ਮਾਹਿਰ, ਬੱਚਿਆਂ ਦੇ ਸਪੈਸ਼ਲਿਸਟ, ਫਿਜੀਓਥਰੈਪੀ ਵਿਭਾਗ ਮੌਜੂਦ ਹੋਣ। ਇਨ੍ਹਾਂ ਸਪੈਸ਼ਲਿਸਟ ਡਾਕਟਰਾਂ ਦੇ ਨਾਲ ਸਾਰੇ ਐਮਰਜੈਂਸੀ ਮੈਡੀਕਲ ਅਫ਼ਸਰ ਆਪਣੇ ਕੰਮ ਵਿੱਚ ਨਿਪੁੰਨ ਤੇ ਫੁਰਤੀਲੇ ਹੋਣ ਦੇ ਨਾਲ ਮਰੀਜ਼ ਦੀ ਬਿਹਤਰੀ ਲਈ ਆਪਣੇ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਜਲਦੀ ਫ਼ੈਸਲੇ ਲੈਣ ਦੇ ਯੋਗ ਹੋਣੇ ਚਾਹੀਦੇ ਹਨ।
ਐਮਰਜੈਂਸੀ ਮੈਡੀਕਲ ਅਫ਼ਸਰ ਤੇ ਮੈਡੀਕਲ ਅਫ਼ਸਰਾਂ ਦੀਆਂ ਅਣਥੱਕ ਸੇਵਾਵਾਂ ਮਰੀਜ਼ ਨੂੰ ਬਚਾਉਣ ਦਾ ਕਾਰਜ ਕਰਦੀਆਂ ਹਨ। ਐਮਰਜੈਂਸੀ ਮੈਡੀਕਲ ਅਫ਼ਸਰ ਕਿਸੇ ਹਸਪਤਾਲ ਦਾ ਚਿਹਰਾ-ਮੋਹਰਾ ਹੋਣ ਦੇ ਨਾਲ ਕਿਸੇ ਸੰਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਇਨ੍ਹਾਂ ਦੀ ਬਿਹਤਰੀਨ ਕਾਰਗੁਜਾਰੀ ਤੋਂ ਬਗੈਰ ਟਰੌਮਾ ਕੇਅਰ ਤੇ ਐਮਰਜੈਂਸੀ ਸੇਵਾਵਾਂ ਨਾਮੁਮਕਿਨ ਹਨ।
ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾਂ (ਸ਼ਹੀਦ ਭਗਤ ਸਿੰਘ ਨਗਰ) ਦੇ ਨਿਉਰੋਸਰਜਨ ਡਾ. ਜਸਦੀਪ ਸਿੰਘ ਸੈਣੀ ਦਾ ਮੰਨਣਾ ਹੈ ਕਿ ‘ਅਜੋਕੇ ਆਧੁਨਿਕ ਵਾਹਨਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਸੜਕ ਹਾਦਸੇ ਸਮੇਂ ਸਿਰ ਅਤੇ ਰੀੜ੍ਹ ਦੀ ਹੱਡੀ ਦੀ ਸੱਟ ਦਾ ਸਹੀ ਸਮੇਂ ਸਹੀ ਇਲਾਜ ਨਾ ਮਿਲਣ ਕਰਕੇ ਇਹ ਅਕਸਰ ਜਾਨਲੇਵਾ ਹੁੰਦੀ ਹੈ, ਜਿਸ ਕਾਰਨ ਮਰੀਜ਼ ਦਾ ਸਰਵਾਈਵਲ (ਜਿਉਣਾ) ਔਖਾ ਹੋ ਜਾਂਦਾ ਹੈ।’ ਉਨ੍ਹਾਂ ਦੀ ਗੱਲ ਬਿਲਕੁਲ ਸੱਚੀ ਹੈ ਜਿਸ ਦੀ ਗਵਾਹੀ ਰੋਜ਼ਾਨਾ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਹਨ।
ਮੁੱਢਲੇ ਕੇਂਦਰਾਂ ਦੀ ਕਮੀ ਹੋਵੇ ਪੂਰੀ | Road Accident
ਸਾਰੀ ਚਰਚਾ ਤੋਂ ਬਾਅਦ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਅਜੋਕੇ ਦੌਰ ਅੰਦਰ ਟਰੌਮਾ ਕੇਅਰ ਸੈਂਟਰਾਂ ਦੀ ਕਿੰਨੀ ਮਹੱਤਤਾ ਹੈ। ਪੰਜਾਬ ਦੇ ਬਹੁਤੇ ਇਲਾਕੇ ਇਸ ਸਹੂਲਤ ਨੂੰ ਤਰਸ ਰਹੇ ਹਨ ਜੋ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਸਭ ਤੋਂ ਪਹਿਲਾਂ ਕੁੱਲ ਬਜਟ ਦਾ 10 ਫ਼ੀਸਦੀ ਸਿਹਤ ਦਾ ਬਜਟ ਹੋਵੇ। ਸੂਬੇ ਦੇ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਜੋ ਜ਼ਿਲ੍ਹਾ ਪੱਧਰ ’ਤੇ ਹਨ ਉੱਥੇ ਤਾਂ ਲਾਜ਼ਮੀ ਹੋਵੇ, ਖਾਸ ਕਰਕੇ ਹਰ ਸਮੁਦਾਇਕ ਸਿਹਤ ਕੇਂਦਰ ਦੇ ਨਾਲ ਟਰੌਮਾ ਕੇਅਰ ਕੇਂਦਰ ਬਣਾਉਣਾ ਯਕੀਨੀ ਬਣਾਇਆ ਜਾਵੇ ਤੇ ਸੁਚਾਰੂ ਢੰਗ ਨਾਲ ਚਲਾਉਣ ਨੂੰ ਤਰਜ਼ੀਹ ਦਿੱਤੀ ਜਾਣੀ ਚਾਹੀਦੀ ਹੈ।
ਮੁੱਢਲੇ ਸਿਹਤ ਕੇਂਦਰਾਂ ਨੂੰ ਵੀ ਵਧੇਰੇ ਵਿਕਸਿਤ ਕੀਤਾ ਜਾਵੇ। ਨਿਉਰੋਸਰਜਨ ਡਾਕਟਰਾਂ ਦੇ ਨਾਲ ਹੋਰਨਾਂ ਵਿਭਾਗਾਂ ਦੇ ਮਾਹਿਰ ਡਾਕਟਰਾਂ, ਜੂਨੀਅਰ ਡਾਕਟਰਾਂ ਤੇ ਪੈਰਾਮੈਡੀਕਲ ਕਾਮਿਆਂ ਨੂੰ ਸਮੇਂ ਸਿਰ ਰੈਗੂਲਰ ਭਰਤੀ ਕੀਤਾ ਜਾਵੇ ਤੇ ਉਸ ਵਿਸ਼ੇਸ਼ ਸਿਖਲਾਈ ਪ੍ਰਾਪਤ ਸਟਾਫ ਨੂੰ ਹੋਰ ਕਿਸੇ ਜਗ੍ਹਾ ਤਬਦੀਲ ਨਾ ਕੀਤਾ ਜਾਵੇ।
ਉਕਤ ਟਰੌਮਾ ਕੇਂਦਰਾਂ ਨੂੰ ਲੋੜੀਂਦੇ ਸਾਰੇ ਸਾਧਨ ਜਿਵੇਂ ਆਧੁਨਿਕ ਰੇਡੀਓਲੌਜੀ ਵਿਭਾਗ, ਹੋਰਨਾਂ ਵਿਭਾਗਾਂ ਦੇ ਤਾਲਮੇਲ ਦੇ ਨਾਲ ਜੂਨੀਅਰ ਡਾਕਟਰਾਂ ਤੇ ਸਿਖਲਾਈ ਪ੍ਰਾਪਤ ਨਰਸਿੰਗ ਸਟਾਫ ਦੀ ਟੀਮ, ਅਤਿ ਆਧੁਨਿਕ ਆਪਰੇਸ਼ਨ ਥੀਏਟਰ, ਆਈ.ਸੀ.ਯੂ. ਦੇ ਉਪਕਰਨ ਵੈਂਟੀਲੇਟਰ ਆਦਿ ਨੂੰ ਚਲਾਉਣ ਤੇ ਸਾਂਭ-ਸੰਭਾਲ ਲਈ ਸਟਾਫ, ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਇਨ੍ਹਾਂ ਤੋਂ ਬਗੈਰ ਤਾਂ ਟਰੌਮਾ ਸੈਂਟਰ ਚਿੱਟੇ ਹਾਥੀ ਸਾਬਿਤ ਹੋਣਗੇ। ਜੇਕਰ ਸੂਬਾ ਸਰਕਾਰ ਆਮ ਆਦਮੀ ਕਲੀਨਿਕ ਦੇ ਨਾਲ ਹੁਣ ਇਸ ਪਾਸੇ ਪਹਿਲਕਦਮੀ ਕਰੇ ਤਾਂ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਵੇਲੇ ਸਿਰ ਸਹੀ ਇਲਾਜ ਨਾ ਮਿਲਣ ਕਰਕੇ ਮਰਦੇ ਲੋਕਾਂ ਦੀਆਂ ਕੀਮਤੀ ਜਾਨਾਂ ਕਾਫੀ ਹੱਦ ਤੱਕ ਬਚਾਈਆਂ ਜਾ ਸਕਦੀਆਂ ਹਨ।
ਡਾ. ਗੁਰਤੇਜ ਸਿੰਘ
ਚੱਕ ਬਖ਼ਤੂ, ਬਠਿੰਡਾ ਮੋ. 95173-96001