Fast Food Trend: 21ਵੀਂ ਸਦੀ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਮਨੁੱਖ ਇੰਨਾ ਰੁੱਝ ਗਿਆ ਹੈ ਕਿ ਉਸ ਕੋਲ ਆਪਣੀ ਸਿਹਤ ਅਤੇ ਖੁਰਾਕ ਵੱਲ ਧਿਆਨ ਦੇਣ ਲਈ ਪਲ ਦੀ ਵੀ ਵਿਹਲ ਨਹੀਂ ਹੈ। ਇਸੇ ਕਾਰਨ ‘ਫਾਸਟ ਫੂਡ’ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ- ਅਜਿਹਾ ਭੋਜਨ ਜੋ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਹੈ ਅਤੇ ਤੁਰਦੇ-ਫਿਰਦੇ ਖਾਧਾ ਜਾ ਸਕਦਾ ਹੈ। ਅੱਜ ਹਰ ਸ਼ਹਿਰ ਅਤੇ ਪਿੰਡ ਦੇ ਮੋੜਾਂ ’ਤੇ ਬਰਗਰ, ਪੀਜ਼ਾ, ਮੋਮੋਜ਼, ਨੂਡਲਜ਼ ਅਤੇ ਕੋਲਡ ਡਰਿੰਕਸ ਵਰਗੀਆਂ ਚੀਜ਼ਾਂ ਆਮ ਮਿਲ ਜਾਂਦੀਆਂ ਹਨ, ਜੋ ਸਾਡੀ ਰਵਾਇਤੀ ਅਤੇ ਪੌਸ਼ਟਿਕ ਖੁਰਾਕ ਦੀ ਜਗ੍ਹਾ ਲੈਂਦੀਆਂ ਜਾ ਰਹੀਆਂ ਹਨ। ਫਾਸਟ ਫੂਡ ਦਾ ਆਧਾਰ ‘ਮੈਦਾ’ ਹੈ।
ਇਹ ਖਬਰ ਵੀ ਪੜ੍ਹੋ : Punjab Sakhi Shakti Mela: ਗੁੱਤ ਗੁੰਦਣ ’ਚ ਪ੍ਰੀਤੀ ਤੇ ਮਧੂਮਾਲਾ ਮੋਹਰੀ ਰਹੀਆਂ, ਲੋਕ ਨਾਚਾਂ ’ਚ ਬਿਕਰਮ ਕਾਲਜ ਦੀ ਚੜ…
ਮੈਦਾ ਬਣਾਉਣ ਦੀ ਪ੍ਰਕਿਰਿਆ ਵਿੱਚ ਕਣਕ ਦੇ ਸਾਰੇ ਪੌਸ਼ਟਿਕ ਤੱਤ ਤੇ ਫਾਈਬਰ ਨਸ਼ਟ ਕਰ ਦਿੱਤੇ ਜਾਂਦੇ ਹਨ। ਇਹ ਮੈਦਾ ਸਰੀਰ ਦੇ ਅੰਦਰ ਜਾ ਕੇ ਅੰਤੜੀਆਂ ਵਿੱਚ ਚਿਪਕ ਜਾਂਦਾ ਹੈ, ਜਿਸ ਨਾਲ ‘ਲੀਕੀ ਗੱਟ ਸਿੰਡਰੋਮ’ ਵਰਗੀ ਸਮੱਸਿਆ ਹੁੰਦੀ ਹੈ ਅਤੇ ਜ਼ਹਿਰੀਲੇ ਤੱਤ ਸਿੱਧੇ ਖੂਨ ਵਿੱਚ ਮਿਲਣ ਲੱਗਦੇ ਹਨ। ਫਾਸਟ ਫੂਡ ਵਿੱਚ ਟਰਾਂਸ ਫੈਟ ਦੀ ਵਰਤੋਂ ਹੁੰਦੀ ਹੈ। ਵਾਰ-ਵਾਰ ਇੱਕੋ ਤੇਲ ਵਿੱਚ ਚੀਜ਼ਾਂ ਤਲਣ ਨਾਲ ਉਹ ਤੇਲ ਜ਼ਹਿਰੀਲਾ ਹੋ ਜਾਂਦਾ ਹੈ, ਜੋ ਦਿਲ ਦੀਆਂ ਨਾੜੀਆਂ ਨੂੰ ਬੰਦ ਕਰਦਾ ਹੈ। ਉੱਚ ਤਾਪਮਾਨ ’ਤੇ ਤਲੀਆਂ ਚੀਜ਼ਾਂ (ਜਿਵੇਂ ਫਰੈਂਚ ਫਰਾਈਜ਼) ਵਿੱਚ ‘ਐਕਰੀਲਾਮਾਈਡ’ ਨਾਮਕ ਕੈਮੀਕਲ ਬਣਦਾ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। Fast Food Trend
ਫਾਸਟ ਫੂਡ ਵਿੱਚ ਨਮਕ ਦੀ ਮਾਤਰਾ ਆਮ ਨਾਲੋਂ 5 ਤੋਂ 10 ਗੁਣਾ ਜ਼ਿਆਦਾ ਹੁੰਦੀ ਹੈ। ਇਹ ਵਾਧੂ ਨਮਕ ਸਰੀਰ ਵਿੱਚ ਪਾਣੀ ਨੂੰ ਰੋਕਦਾ ਹੈ, ਜਿਸ ਨਾਲ ਖੂਨ ਦਾ ਦਬਾਅ ਵਧਦਾ ਹੈ। ਲੰਮੇ ਸਮੇਂ ਤੱਕ ਅਜਿਹਾ ਭੋਜਨ ਖਾਣ ਨਾਲ ਦਿਲ ਫੇਲ੍ਹ ਹੋਣ ਦਾ ਖ਼ਤਰਾ 80% ਤੱਕ ਵਧ ਜਾਂਦਾ ਹੈ। ਕੋਲਡ ਡਰਿੰਕਸ ਅਤੇ ਵੱਖ-ਵੱਖ ਸਾਸ ਵਿੱਚ ਮੌਜੂਦ ‘ਫਰੂਟੋਜ਼ ਕੋਰਨ ਸਿਰਪ’ ਸਿੱਧਾ ਲਿਵਰ ’ਤੇ ਅਸਰ ਕਰਦਾ ਹੈ। ਜਿਗਰ, ਜੋ ਸਰੀਰ ਦੀ ਫੈਕਟਰੀ ਵਾਂਗ ਕੰਮ ਕਰਦਾ ਹੈ, ਇਸ ਫਰੂਟੋਜ਼ ਨੂੰ ਚਰਬੀ ਵਿੱਚ ਬਦਲ ਦਿੰਦਾ ਹੈ, ਜਿਸ ਨਾਲ ਲਿਵਰ ਵਿੱਚ ਸੋਜ ਅਤੇ ‘ਲਿਵਰ ਸਿਰੋਸਿਸ’ ਵਰਗੀਆਂ ਜਾਨਲੇਵਾ ਸਥਿਤੀਆਂ ਪੈਦਾ ਹੁੰਦੀਆਂ ਹਨ। Fast Food Trend
ਕੋਲਡ ਡਰਿੰਕਸ ਵਿੱਚ ਮੌਜੂਦ ‘ਫਾਸਫੋਰਿਕ ਐਸਿਡ’ ਸਰੀਰ ਵਿੱਚੋਂ ਕੈਲਸ਼ੀਅਮ ਨੂੰ ਖਤਮ ਕਰ ਦਿੰਦਾ ਹੈ। ਇਸ ਨਾਲ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਦੰਦਾਂ ਵਿੱਚ ਖੋੜਾਂ ਹੋਣ ਲੱਗਦੀਆਂ ਹਨ। ਭੋਜਨ ਦਾ ਸੁਆਦ ਵਧਾਉਣ ਲਈ ਵਰਤਿਆ ਜਾਣ ਵਾਲਾ ਅਜੀਨੋ ਮੋਟੋ ਅਤੇ ਆਰਟੀਫੀਸ਼ੀਅਲ ਰੰਗ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਬੱਚਿਆਂ ਵਿੱਚ ਇਕਾਗਰਤਾ ਦੀ ਕਮੀ ਅਤੇ ਚਿੜਚਿੜੇਪਨ ਵਰਗੇ ਵਿਹਾਰਕ ਬਦਲਾਅ ਲਿਆ ਰਹੇ ਹਨ। ਫਾਸਟ ਫੂਡ ਦਾ ਸਭ ਤੋਂ ਪਹਿਲਾ ਅਤੇ ਸਪੱਸ਼ਟ ਮਾੜਾ ਪ੍ਰਭਾਵ ਮੋਟਾਪਾ ਹੈ। ਇੱਕ ਵਾਰ ਦੇ ਫਾਸਟ ਫੂਡ ਮੀਲ ਵਿੱਚ ਮੌਜੂਦ 1200-1500 ਕੈਲੋਰੀਆਂ ਨੂੰ ਬਾਲਣ ਲਈ 4-5 ਘੰਟੇ ਦੀ ਲਗਾਤਾਰ ਕਸਰਤ ਦੀ ਲੋੜ ਹੁੰਦੀ ਹੈ, ਜਿਸ ਦੀ ਕਮੀ ਕਾਰਨ ਇਹ ਵਾਧੂ ਊਰਜਾ ਸਰੀਰ ਵਿੱਚ ਜਿੱਦੀ ਚਰਬੀ ਬਣ ਕੇ ਜਮ੍ਹਾਂ ਹੋ ਜਾਂਦੀ ਹੈ।
ਇਹ ਸਿਲਸਿਲਾ ਸਿਰਫ਼ ਬਾਹਰੀ ਦਿੱਖ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਖੂਨ ਵਿੱਚ ਗਲੂਕੋਜ਼ ਦਾ ਪੱਧਰ ਵਧਣ ਨਾਲ ਪੈਨਕਿ੍ਰਆਜ਼ ’ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ। ਨਤੀਜੇ ਵਜੋਂ, ਸਰੀਰ ਇੰਸੁਲਿਨ ਦੀ ਸਹੀ ਵਰਤੋਂ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ, ਜੋ ਕਿ ਅੱਜ-ਕੱਲ੍ਹ ਬੱਚਿਆਂ ਵਿੱਚ ਵਧ ਰਹੀ ਸ਼ੂਗਰ ਦਾ ਮੁੱਖ ਕਾਰਨ ਹੈ। ਇਸ ਤੋਂ ਇਲਾਵਾ, ਫਾਸਟ ਫੂਡ ਬੁਰੇ ਕੋਲੈਸਟਰੋਲ ਨੂੰ ਵਧਾ ਕੇ ਧਮਨੀਆਂ ਨੂੰ ਸਖ਼ਤ ਕਰ ਦਿੰਦਾ ਹੈ, ਜਿਸ ਨਾਲ ਦਿਲ ਨੂੰ ਖੂਨ ਪੰਪ ਕਰਨ ਲਈ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ ਹੈ ਅਤੇ ਹਾਰਟ ਅਟੈਕ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਫਾਈਬਰ ਦੀ ਮਾਤਰਾ ਜ਼ੀਰੋ ਹੋਣ ਕਾਰਨ ਪਾਚਨ ਤੰਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਕਬਜ਼ ਤੋਂ ਲੈ ਕੇ ਪੇਟ ਦੇ ਕੈਂਸਰ ਤੱਕ ਦੀਆਂ ਬਿਮਾਰੀਆਂ ਦਾ ਰਾਹ ਖੁੱਲ੍ਹਦਾ ਹੈ। ਜੰਕ ਫੂਡ ਦਾ ਪ੍ਰਭਾਵ ਸਿਰਫ਼ ਸਰੀਰਕ ਸਿਹਤ ਤੱਕ ਸੀਮਤ ਨਹੀਂ ਹੈ।
ਸਗੋਂ ਇਹ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਖੋਜਾਂ ਮੁਤਾਬਕ, ਅਜਿਹੀ ਖੁਰਾਕ ਬੱਚਿਆਂ ਵਿੱਚ ‘ਅਟੈਂਸ਼ਨ ਡੈਫੀਸਿਟ ਹਾਈਪਰ-ਐਕਟੀਵਿਟੀ ਡਿਸਆਰਡਰ’ ਦੇ ਲੱਛਣ ਪੈਦਾ ਕਰਦੀ ਹੈ, ਜਿਸ ਕਾਰਨ ਬੱਚਿਆਂ ਵਿੱਚ ਚਿੜਚਿੜੇਪਨ, ਜ਼ਲਦੀ ਗੁੱਸਾ ਆਉਣਾ ਅਤੇ ਪੜ੍ਹਾਈ ਵਿੱਚ ਇਕਾਗਰਤਾ ਦੀ ਕਮੀ ਵਰਗੀਆਂ ਸਮੱਸਿਆਵਾਂ ਆਮ ਹੋ ਰਹੀਆਂ ਹਨ। ਇਸ ਤੋਂ ਵੀ ਵੱਧ ਚਿੰਤਾਜਨਕ ਪਹਿਲੂ ਇਹ ਹੈ ਕਿ ਫਾਸਟ ਫੂਡ ਵਿੱਚ ਮੌਜੂਦ ‘ਜ਼ੀਨੋ-ਐਸਟਰੋਜਨ’ ਅਤੇ ਵਾਧੂ ਚਰਬੀ ਸਰੀਰ ਦੇ ਕੁਦਰਤੀ ਹਾਰਮੋਨਾਂ ਦੇ ਸੰਤੁਲਨ ਨੂੰ ਵਿਗਾੜ ਦਿੰਦੇ ਹਨ। ਫਾਸਟ ਫੂਡ ਸਿਰਫ਼ ਸਾਡੀ ਸਿਹਤ ਲਈ ਹੀ ਨਹੀਂ, ਸਗੋਂ ਸਾਡੀ ਜੇਬ੍ਹ ’ਤੇ ਵੀ ਭਾਰੀ ਪੈਂਦਾ ਹੈ। Fast Food Trend
ਜਿੱਥੇ ਘਰ ਦਾ ਬਣਿਆ ਸਾਦਾ ਅਤੇ ਪੌਸ਼ਟਿਕ ਖਾਣਾ ਸਸਤਾ ਹੁੰਦਾ ਹੈ, ਉੱਥੇ ਹੀ ਫਾਸਟ ਫੂਡ ਦੀ ਮਹਿੰਗੀ ਚਮਕ-ਧਮਕ ਅਤੇ ਇਸ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ’ਤੇ ਲੱਖਾਂ ਰੁਪਏ ਬਰਬਾਦ ਹੋ ਜਾਂਦੇ ਹਨ। ਸਾਡਾ ਅਮੀਰ ਵਿਰਸਾ, ਜਿਸ ਵਿੱਚ ਦਾਲ-ਸਬਜ਼ੀ, ਦਹੀਂ ਤੇ ਲੱਸੀ ਵਰਗੇ ਪਦਾਰਥ ਸਾਡੇ ਸੱਭਿਆਚਾਰ ਦੀ ਪਛਾਣ ਸਨ, ਅੱਜ ਪੱਛਮੀ ਸੱਭਿਆਚਾਰ ਦੇ ਹਮਲੇ ਹੇਠ ਦਬਦਾ ਜਾ ਰਿਹਾ ਹੈ। ਫਾਸਟ ਫੂਡ ਇੱਕ ਅਜਿਹਾ ਰੰਗਦਾਰ ਅਤੇ ਸੁਆਦੀ ਜਾਲ ਹੈ, ਜੋ ਦੇਖਣ ਵਿੱਚ ਤਾਂ ਆਕਰਸ਼ਕ ਲੱਗਦਾ ਹੈ। ਪਰ ਇਸ ਦੇ ਅੰਦਰੂਨੀ ਨਤੀਜੇ ਬਹੁਤ ਭਿਆਨਕ ਹਨ। ਇਹ ਸਾਡੀ ਅਜੋਕੀ ਜਵਾਨੀ ਨੂੰ ਸੁਸਤ ਅਤੇ ਆਉਣ ਵਾਲੇ ਬੁਢਾਪੇ ਨੂੰ ਲਾਇਲਾਜ ਬਿਮਾਰੀਆਂ ਦੀ ਪੰਡ ਬਣਾ ਰਿਹਾ ਹੈ।
ਸਿਹਤਮੰਦ ਪੰਜਾਬ ਅਤੇ ਖ਼ੁਸ਼ਹਾਲ ਭਾਰਤ ਦੀ ਸਿਰਜਣਾ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੇ ਪੁਰਖਿਆਂ ਦੀ ਉਸ ਸਾਦੀ ਪਰ ਸ਼ਕਤੀਸ਼ਾਲੀ ਖ਼ੁਰਾਕ ਵੱਲ ਵਾਪਸ ਮੁੜੀਏ, ਜਿਸ ਨੇ ਸਾਨੂੰ ਮਜ਼ਬੂਤੀ ਬਖ਼ਸ਼ੀ ਸੀ। ਅੱਜ ਖਾਣ-ਪੀਣ ਦੇ ਸਬੰਧ ਵਿੱਚ ਲਿਆ ਗਿਆ ਤੁਹਾਡਾ ਇੱਕ ਸਹੀ ਫੈਸਲਾ ਤੁਹਾਡੇ ਆਉਣ ਵਾਲੇ 20-30 ਸਾਲਾਂ ਨੂੰ ਸੁਖੀ ਅਤੇ ਬਿਮਾਰੀ-ਮੁਕਤ ਬਣਾ ਸਕਦਾ ਹੈ। Fast Food Trend
ਡਾ. ਕ੍ਰਿਸ਼ਨ ਲਾਲ,
ਚੌੜੀ ਗਲੀ, ਬੁਢਲਾਡਾ (ਮਾਨਸਾ)
ਮੋ. 62831-16797














