ਨਵੀਂ ਦਿੱਲੀ: ਉਦਯੋਗ ਸੰਗਠਨ ਐਸੋਚੈਮ ਨੇ ਦਬੀ ਸੁਰ ਵਿੱਚ ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਹੋਣ ਤੋਂ ਬਾਅਦ ਮਹਿੰਗਾਈ ਵਧਣ ਦਾ ਸ਼ੱਕ ਪ੍ਰਗਟਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਪ੍ਰਬੰਧ ਲਾਗੂ ਕਰਨ ਲਈ ਇਸ ਤੋਂ ਸਹੀ ਸਮਾਂ ਨਹੀਂ ਹੋ ਸਕਦਾ, ਜਦੋਂ ਮਹਿੰਗਾਈ ਰਿਕਾਰਡ ਹੇਠਲੇ ਪੱਧਰ ‘ਤੇ ਹੈ।
ਐਸੋਚੈਮ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਮਈ ਵਿੱਚ ਖੁਦਰਾ ਮੁਦਰਾਸਫ਼ੀਤੀ ਦੀ ਦਰ 2.18 ਫੀਸਦੀ ਹੈ, ਜੋ ਚਾਰ ਸਾਲ ਦਾ ਹੇਠਲਾ ਪੱਧਰ ਹੈ। ਇਹ ਜੀਐੱਸਟੀ ਲਾਗੂ ਕਰਨ ਲਈ ਮਹਿੰਗਾਈ ਦੇ ਨਜ਼ਰੀਏ ਨਾਲ ਬਿਲਕੁਲ ਸਹੀ ਸਮਾਂ ਹੈ। ਐਸੋਚੈਮ ਦੇ ਜਨਰਲ ਸਕੱਤਰ ਡੀਐੱਸ ਰਾਵਤ ਨੇ ਕਿਹਾ ਕਿ ਮਈ ਵਿੱਚ ਥੋਕ ਮੁਦਰਾਸਫ਼ੀਤੀ ਦੀ ਦਰ ਵੀ 2.17 ਫੀਸਦੀ ਰਹੀ ਹੈ। ਸ਼ੁਰੂਆਤੀ ਗੇੜ ਵਿੱਚ ਮਾਨਸੂਨ ਦੀ ਵਰਖਾਸ ਵੀ ਚੰਗੀ ਹੋਈ ਹੈ। ਇਸ ਨਾਲ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਨਰਮੀ ਆਉਣੀ ਚਾਹੀਦੀ ਹੈ।