ਰੁਜ਼ਗਾਰੀ ਅਤੇ ਵਿਹਲੜਪੁਣੇ ਦੇ ਹੱਥੇ ਚੜ੍ਹੀ ਸਾਡੀ ਨੌਜਵਾਨ ਪੀੜ੍ਹੀ ਅੱਜ-ਕੱਲ੍ਹ ਕਈ ਪਾਸਿਆਂ ਤੋਂ ਭਟਕੀ ਹੋਈ ਹੈ। ਸਕੂਲਾਂ ਅਤੇ ਕਾਲਜਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਦੀਆਂ ਵਿੱਦਿਅਕ ਸੰਸਥਾਵਾਂ ਸਮੇਤ ਸਮਾਜ ਵੀ ਨੌਜਵਾਨਾਂ ਦਾ ਸਹੀ ਮਾਰਗ-ਦਰਸ਼ਨ ਕਰਨ ਵਿੱਚ ਅਸਫਲ ਸਿੱਧ ਹੋ ਰਹੇ ਹਨ। ਦਰਅਸਲ ਅੱਜ-ਕੱਲ੍ਹ ਵਿੱਦਿਅਕ ਸੰਸਥਾਵਾਂ ਦਾ ਤਾਂ ਮਿਆਰ ਹੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਨੰਬਰ ਦਿਵਾਉਣ ਅਤੇ ਨਤੀਜਿਆਂ ਵਿੱਚ ਪਹਿਲੀਆਂ ਪੁਜੀਸ਼ਨਾਂ ‘ਤੇ ਪਹੁੰਚਾਉਣ ਨਾਲ ਨਿਰਧਾਰਤ ਕੀਤਾ ਜਾਣ ਲੱਗਾ ਹੈ। ਮਾਪੇ ਵੀ ਆਪਣੇ ਬੱਚਿਆਂ ਨੂੰ ਕਿਸੇ ਵਿੱਦਿਅਕ ਸੰਸਥਾ ਵਿੱਚ ਦਾਖਲਾ ਦਿਵਾਉਣ ਸਮੇਂ ਜਾਂ ਨੌਜਵਾਨ ਖੁਦ ਵਿੱਦਿਅਕ ਸੰਸਥਾ ਦੀ ਚੋਣ ਕਰਨ ਸਮੇਂ ਕਿਸੇ ਸੰਸਥਾ ਦੀਆਂ ਵਿੱਦਿਅਕ ਪ੍ਰਾਪਤੀਆਂ ਵੱਲ ਹੀ ਨਿਗ੍ਹਾ ਮਾਰਦੇ ਹਨ।
ਜਦਕਿ ਵਿੱਦਿਆ ਦੇ ਅਰਥ ਬਹੁਤ ਵਿਸ਼ਾਲ ਹਨ ਅਤੇ ਵਿੱਦਿਅਕ ਸੰਸਥਾਵਾਂ ਦੀ ਜਿੰਮੇਵਾਰੀ ਬਹੁਤ ਵੱਡੀ। ਵਿੱਦਿਅਕ ਸੰਸਥਾਵਾਂ ਦਾ ਅਸਲ ਮਨੋਰਥ ਤਦ ਹੀ ਪੂਰਨ ਸਮਝਿਆ ਜਾ ਸਕਦਾ ਹੈ ਜੇਕਰ ਉੱਥੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਮਾਜ ਦੀ ਬਿਹਤਰੀ ਅਤੇ ਖੁਸ਼ਹਾਲੀ ਦੇ ਸੱਚੇ ਪਹਿਰੇਦਾਰ ਬਣਨ ਨਾ ਕਿ ਸਮਾਜ ਲਈ ਚੁਣੌਤੀ ਬਣਨ। ਇੱਕ ਵਿੱਦਿਅਕ ਸੰਸਥਾ ਦਾ ਅਸਲੀ ਮਿਆਰ ਉਸ ਦੇ ਵਿਦਿਆਰਥੀਆਂ ਵੱਲੋਂ ਸਿੱਖਿਆ ਪ੍ਰਾਪਤੀ ਉਪਰੰਤ ਇੱਕ ਸਫਲ ਨਾਗਰਿਕ ਬਣਨ ਵਿੱਚ ਹੈ ਨਾ ਕਿ ਮਾਤਰ ਉੱਚ ਫੀਸਦੀ ਵਾਲੀਆਂ ਡਿਗਰੀਆਂ ਪ੍ਰਾਪਤ ਕਰਨ ਵਿੱਚ। ਇਕੱਲੀਆਂ ਡਿਗਰੀਆਂ ਦੇ ਬਲਬੂਤੇ ਕਿਸੇ ਇਨਸਾਨ ਦਾ ਸੱਚਾ ਤੇ ਸੁਹਿਰਦ ਨਾਗਰਿਕ ਬਣਨਾ ਜਰੂਰੀ ਨਹੀਂ ਹੈ। ਇੱਕ ਤਰ੍ਹਾਂ ਨਾਲ ਸਾਡੀਆਂ ਵਿੱਦਿਅਕ ਸੰਸਥਾਵਾਂ ਅਤੇ ਸਮਾਜ ਨੌਜਵਾਨਾਂ ਪ੍ਰਤੀ ਆਪਣੀ ਬਣਦੀ ਭੂਮਿਕਾ ਨਹੀਂ ਨਿਭਾ ਰਹੇ।
ਸਾਡੀ ਨੌਜਵਾਨ ਪੀੜ੍ਹੀ ਲਗਾਤਾਰ ਬੁਰਾਈਆਂ ਵੱਲ ਖਿੱਚੀ ਜਾ ਰਹੀ ਹੈ। ਨਸ਼ਿਆਂ ਦੀ ਲਾਹਨਤ ਤੋਂ ਲੈ ਕੇ ਰਾਜਸੀ ਲੋਕਾਂ ਦੇ ਹੱਥ-ਠੋਕੇ ਬਣਨ ਦੀਆਂ ਅਲਾਮਤਾਂ ਨੇ ਨੌਜਵਾਨ ਵਰਗ ਨੂੰ ਕੁਰਾਹੇ ਪਾ ਰੱਖਿਆ ਹੈ। ਸਾਡੇ ਨੌਜਵਾਨਾਂ ਲਈ ਚਕਾਚੌਂਧ ਦਾ ਜੀਵਨ ਜਿਆਦਾ ਮਹੱਤਵਪੂਰਨ ਬਣ ਰਿਹਾ ਹੈ। ਨੌਜਵਾਨ ਕਦੇ ਗੈਂਗਸਟਰ ਅਤੇ ਕਦੇ ਹੋਰ ਨਾਵਾਂ ਨਾਲ ਅਪਰਾਧ ਦੀ ਦੁਨੀਆਂ ਵਿੱਚ ਦਾਖਲ ਹੋ ਰਹੇ ਹਨ। ਨੌਜਵਾਨ ਆਪਣੇ ਰੋਲ ਮਾਡਲ ਦੀ ਚੋਣ ਕਰਨ ਤੋਂ ਖੁੰਝਣ ਲੱਗੇ ਹਨ। ਨੌਜਵਾਨ ਫਿਲਮੀ ਕਲਾਕਾਰਾਂ ਅਤੇ ਖਾਸ ਕਰਕੇ ਗਾਇਕਾਂ ਦਾ ਪ੍ਰਭਾਵ ਜਿਆਦਾ ਕਬੂਲ ਰਹੇ ਹਨ। ਇਹਨਾਂ ਕਲਾਕਾਰਾਂ ਦੇ ਭਰਮਾਊ ਸੰਸਾਰ ਨੂੰ ਸਮਝਣ ਤੋਂ ਅਸਮਰੱਥ ਹੋ ਕੇ ਇਹਨਾਂ ਨੂੰ ਹੀ ਆਪਣਾ ਰੋਲ ਮਾਡਲ ਮੰਨਣ ਲੱਗੇ ਹਨ।
ਇਹਨਾਂ ਅਖੌਤੀ ਰੋਲ ਮਾਡਲਾਂ ਵਾਂਗ ਜੀਵਨ ਜਿਉਣ ਦੀ ਇੱਛਾ ਰੱਖਦਿਆਂ ਨੌਜਵਾਨ ਵਿਰਸੇ ਤੋਂ ਕਿਤੇ ਦੂਰ ਦਾ ਰਹਿਣ-ਸਹਿਣ ਅਤੇ ਪਹਿਨਣ ਵਤੀਰਾ ਆਦਿ ਧਾਰਨ ਕਰਨ ਦੇ ਨਾਲ-ਨਾਲ ਅਸਮਾਜਿਕ ਗਤੀਵਿਧੀਆਂ ਨੂੰ ਵੀ ਅੰਜਾਮ ਦੇ ਰਹੇ ਹਨ। ਸੱਭਿਆਚਾਰ ਦੇ ਇਹਨਾਂ ਅਖੌਤੀ ਪਹਿਰੇਦਾਰ ਗਾਇਕਾਂ ਨੇ ਨੌਜਵਾਨਾਂ ਦੇ ਦਿਮਾਗਾਂ ਵਿੱਚ ਅਸ਼ਲੀਲਤਾ, ਹਿੰਸਾ ਅਤੇ ਹਥਿਆਰਾਂ ਦੇ ਸੌਂਕ ਸਮੇਤ ਹੋਰ ਪਤਾ ਨਹੀਂ ਕਿੰਨੇ ਮਹਿੰਗੇ ਅਤੇ ਵਿਰਸੇ ਤੋਂ ਦੂਰ ਦੇ ਸ਼ੌਂਕ ਪਾਲਣ ਦਾ ਬੀਜ ਬੀਜ ਦਿੱਤਾ ਹੈ। ਸਮਾਜ ਵਿੱਚ ਆ ਰਹੀਆਂ ਬੇਸ਼ੁਮਾਰ ਗਿਰਾਵਟਾਂ ਅਤੇ ਵਾਪਰ ਰਹੇ ਅਪਰਾਧਾਂ ਦਾ ਠੂਣਾ ਅਜਿਹੇ ਲੋਕਾਂ ਸਿਰ ਭੰਨ੍ਹ ਦੇਣਾ ਕੋਈ ਗਲਤ ਗੱਲ ਨਹੀਂ ਹੋਵੇਗੀ। ਨੌਜਵਾਨਾਂ ਨੂੰ ਕਿਧਰੋਂ ਵੀ ਕੋਈ ਉਸਾਰੂ ਸੇਧ ਮਿਲਦੀ ਨਜ਼ਰ ਨਹੀਂ ਆ ਰਹੀ।
ਸਰਕਾਰਾਂ ਵੱਲੋਂ ਵੀ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਜਾ ਰਿਹਾ। ਬੇਰੁਜ਼ਗਾਰ ਫਿਰਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਦੇ ਰਹਿਮੋ-ਕਰਮ ‘ਤੇ ਹੀ ਛੱਡਿਆ ਜਾ ਰਿਹਾ ਹੈ। ਨੌਜਵਾਨਾਂ ਦੇ ਲਗਾਤਾਰ ਨਿਰਾਸ਼ਤਾ ਅਤੇ ਖੁਦਕੁਸ਼ੀਆਂ ਵੱਲ ਵਧਦੇ ਕਦਮ ਸਰਕਾਰਾਂ, ਸਿੱਖਿਆ ਸੰਸਥਾਵਾਂ ਅਤੇ ਸਮਾਜ ਦੀ ਨੌਜਵਾਨਾਂ ਪ੍ਰਤੀ ਭੂਮਿਕਾ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਹਨ। ਨਾਜੁਕ ਦੌਰ ‘ਚੋਂ ਗੁਜ਼ਰ ਰਹੀ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ-ਦਰਸ਼ਨ ਦੀ ਜਬਰਦਸਤ ਜਰੂਰਤ ਹੈ।
ਜਰੂਰਤ ਹੈ ਨੌਜਵਾਨਾਂ ਨੂੰ ਜਿੰਦਗੀ ਦੀ ਅਸਲੀਅਤ ਦੇ ਰੂਬਰੂ ਕਰਵਾਉਣ ਦੀ। ਨੌਜਵਾਨਾਂ ਨੂੰ ਵਿਰਸੇ ਨਾਲ ਜੋੜ ਕੇ ਅਤੇ ਸਿੱਖਿਆ ਨੂੰ ਰੁਜ਼ਗਾਰ ਮੁਖੀ ਬਣਾ ਕੇ ਇਹ ਕਾਰਜ਼ ਭਲੀਭਾਂਤ ਕੀਤਾ ਜਾ ਸਕਦਾ ਹੈ। ਜੇਕਰ ਸਮਾਂ ਰਹਿੰਦੇ ਦੇਸ਼ ਦੀ ਜਵਾਨੀ ਨੂੰ ਸਹੀ ਮਾਰਗ-ਦਰਸ਼ਨ ਦੇ ਕੇ ਆਪਣੇ ਅਸਲੀ ਰੋਲ ਮਾਡਲ ਚੁਣਨ ਦੀ ਸੋਝੀ ਨਾ ਸਿਖਾਈ ਗਈ ਤਾਂ ਸਮਾਜ ਵਿਰੋਧੀ ਅਨਸਰਾਂ ਨੌਜਵਾਨਾਂ ਨੂੰ ਇਸੇ ਤਰ੍ਹਾਂ ਗੁੰਮਰਾਹ ਕਰਕੇ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰਦੇ ਰਹਿਣਗੇ। ਸਮਾਜ ਅਤੇ ਸਰਕਾਰ ਦਾ ਫਰਜ਼ ਬਣਦਾ ਹੈ।
ਕਿ ਵਿੱਦਿਅਕ ਸੰਸਥਾਵਾਂ ਨੂੰ ਉਹਨਾਂ ਦੇ ਆਪਣੇ ਅਸਲੀ ਮਨੋਰਥ ਦਾ ਅਹਿਸਾਸ ਕਰਵਾ ਕੇ ਵਿਦਿਆਰਥੀ ਨੂੰ ਸਿਰਫ ਨੰਬਰ ਪੈਦਾ ਕਰਨ ਵਾਲੀਆਂ ਮਸ਼ੀਨਾਂ ਬਣਾਉਣ ਦੀ ਬਜਾਏ ਜਾਗਰੂਕ ਨਾਗਰਿਕਤਾ ਦੇ ਗੁਣ ਭਰਨ। ਨੌਜਵਾਨਾਂ ਨੂੰ ਗਲਤ ਰਸਤੇ ਤੋਰਨ ਵਾਲੇ ਲੋਕਾਂ ਨਾਲ ਸਖਤੀ ਨਾਲ ਨਜਿੱਠਣ ਦੀ ਵੀ ਜਰੂਰਤ ਹੈ। ਜੇਕਰ ਸਰਕਾਰਾਂ, ਸਮਾਜ ਅਤੇ ਵਿੱਦਿਅਕ ਸੰਸਥਾਵਾਂ ਨੌਜਵਾਨਾਂ ਦਾ ਸਹੀ ਮਾਰਗ-ਦਰਸ਼ਨ ਕਰਨਾ ਸ਼ੁਰੂ ਕਰ ਦੇਣ ਤਾਂ ਸਮਾਜ ਲਈ ਚੁਣੌਤੀ ਬਣੀਆਂ ਬੇਸ਼ੁਮਾਰ ਸਮੱਸਿਆਵਾਂ ਦਾ ਖੁਦ-ਬ-ਖੁਦ ਖਾਤਮਾ ਹੋ ਜਾਵੇਗਾ ਅਤੇ ਸਹੀ ਮਾਰਗ ਦਰਸ਼ਨ ਦੀ ਬਦੌਲਤ ਸਹੀ ਮਾਰਗ ‘ਤੇ ਚਲਦੀ ਨੌਜਵਾਨ ਪੀੜ੍ਹੀ ਦੇਸ਼ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਉਣ ਦੇ ਭਲੀਭਾਂਤ ਸਮਰੱਥ ਹੋ ਜਾਵੇਗੀ।