ਪਰਉਪਕਾਰ ਦਾ ਪੁਰਸਕਾਰ

ਪਰਉਪਕਾਰ ਦਾ ਪੁਰਸਕਾਰ

ਨੰਦਨ ਜੰਗਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਭਿਆਨਕ ਬਿਮਾਰੀ ਨੇ ਪੈਰ ਪਸਾਰੇ ਸਨ। ਜਿਸ ਨਾਲ ਕਈ ਜਾਨਵਰਾਂ ਤੇ ਪੰਛੀਆਂ ਦੀ ਮੌਤ ਹੋ ਚੁੱਕੀ ਸੀ। ਬਿਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਸੀ ਲੱਭ ਰਿਹਾ। ਜੰਗਲ ਦੇ ਰਾਜੇ ਨੇ ਐਲਾਨ ਕਰਵਾ ਦਿੱਤਾ ਕਿ ਇਸ ਬਿਮਾਰੀ ਤੋਂ ਹਾਲ ਦੀ ਘੜੀ ਬਚਣ ਦਾ ਇੱਕੋ-ਇੱਕ ਉਪਾਅ ਹੈ ਕਿ ਹਰ ਕੋਈ ਆਪੋ-ਆਪਣੇ ਟਿਕਾਣੇ ‘ਤੇ ਹੀ ਰਹੇ। ਕੋਈ ਵੀ ਬਾਹਰ ਨਾ ਜਾਵੇ ਕਿਉਂਕਿ ਇਹ ਲਾਗ ਦੀ ਬਿਮਾਰੀ ਹੈ। ਜੋ ਜਿੱਥੇ ਹੈ ਉੱਥੇ ਹੀ ਰਹੇ। ਸਭ ਨੂੰ ਲੋੜ ਅਨੁਸਾਰ ਭੋਜਨ ਉਸ ਦੇ ਟਿਕਾਣੇ ‘ਤੇ ਪਹੁੰਚਾਉਣ ਦਾ ਇੰਤਜ਼ਾਮ ਕਰ ਦਿੱਤਾ ਜਾਵੇਗਾ।

ਇੱਕ ਦਿਨ ਚੁਨਮੁਨ ਚਿੜੀ ਦੇ ਆਲ੍ਹਣੇ ਤੱਕ ਕੋਈ ਵੀ ਭੋਜਨ ਦੇਣ ਨਾ ਆਇਆ। ਉਸ ਦੇ ਬੱਚੇ ਭੁੱਖ ਨਾਲ ਸ਼ੋਰ ਮਚਾ ਰਹੇ ਸਨ। ਉਹ ਵਾਰ-ਵਾਰ ਆਲੇ ਦੁਆਲੇ ਨਜ਼ਰ ਮਾਰਦੀ ਕਿ ਹੁਣ ਕੋਈ ਆਵੇਗਾ ਤੇ ਪਿਛਲੇ ਦੋ ਦਿਨਾਂ ਵਾਂਗ ਉਸ ਤੱਕ ਭੋਜਨ ਪਹੁੰਚਾਵੇਗਾ। ਪਰ ਦੁਪਹਿਰ ਹੋ ਗਈ ਸੀ ਤੇ ਕੋਈ ਵੀ ਉਸ ਤੱਕ ਭੋਜਨ ਦੇਣ ਨਹੀਂ ਸੀ ਆਇਆ। ਉਸ ਕੋਲੋਂ ਆਪਣੇ ਬੱਚਿਆਂ ਦੀ ਹਾਲਤ ਵੇਖੀ ਨਹੀਂ ਸੀ ਜਾ ਰਹੀ।
ਉਸ ਨੇ ਦੂਰ ਤੱਕ ਨਜ਼ਰ ਮਾਰੀ ਕੋਈ ਵੀ ਪੰਛੀ ਜਾਂ ਜਾਨਵਰ ਵਿਖਾਈ ਨਹੀਂ ਸੀ ਦੇ ਰਿਹਾ ਜਿਸ ਕੋਲੋਂ ਉਹ ਭੋਜਨ ਸਬੰਧੀ ਕੋਈ ਜਾਣਕਾਰੀ ਲੈ ਸਕੇ ਜਾਂ ਮੱਦਦ ਲੈ ਸਕੇ। ਫਿਰ ਉਹ ਬੇਵੱਸ ਹੋ ਭੋਜਨ ਦੀ ਤਲਾਸ਼ ਵਿਚ ਉੱਡੀ ਤੇ ਇੱਧਰ-Àੁੱਧਰ ਭੋਜਨ ਤਲਾਸ਼ਦੀ ਰਹੀ ਪਰ ਉਸ ਨੂੰ ਕਿਤੇ ਵੀ ਭੋਜਨ ਨਹੀਂ ਸੀ ਮਿਲ ਰਿਹਾ।

ਇੱਧਰ ਚੁਨਮੁਨ ਦੇ ਆਲ੍ਹਣੇ ਵਿਚ ਉਸ ਦੇ ਬੋਟ ਲਗਾਤਾਰ ਭੋਜਨ ਲਈ ਸ਼ੋਰ ਪਾ ਰਹੇ ਸਨ। ਤਦੇ ਥੋੜ੍ਹੀ ਦੂਰ ਰਹਿੰਦੇ ਟੀਟੂ ਤੋਤੇ ਨੇ ਬੋਟਾਂ ਦੀ ਚੀਂ-ਚੀਂ ਦਾ ਸ਼ੋਰ ਸੁਣਿਆ ਤਾਂ ਸਮਝ ਗਿਆ ਕਿ ਚਿੜੀ ਆਲ੍ਹਣੇ ਵਿਚ ਨਹੀਂ ਹੈ ਤੇ ਸ਼ਾਇਦ ਆਪਣੇ ਬੱਚਿਆਂ ਲਈ ਭੋਜਨ ਦੀ ਤਲਾਸ਼ ਵਿਚ ਗਈ ਹੈ। ਕਿਉਂਕਿ ਅੱਜ ਉਸ ਤੱਕ ਵੀ ਕੋਈ ਭੋਜਨ ਦੇਣ ਨਹੀਂ ਸੀ ਆਇਆ। ਸਾਰਾ ਮਾਜਰਾ ਸਮਝਦੇ ਹੀ ਉਸ ਨੇ ਬਿਨਾ ਦੇਰ ਕੀਤੇ ਆਪਣੇ ਕੋਲ ਸੰਭਾਲਿਆ ਕੁਝ ਭੋਜਨ ਚਿੜੀ ਦੇ ਆਲ੍ਹਣੇ ਕੋਲ ਆ ਬੋਟਾਂ ਨੂੰ ਖੁਆ ਦਿੱਤਾ।

ਹੁਣ ਬੋਟ ਇੱਕਦਮ ਸ਼ਾਂਤ ਹੋ ਗਏ ਸਨ। ਇੰਨੇ ਵਿਚ ਹੀ ਉਦਾਸ ਤੇ ਨਿਰਾਸ਼ ਚਿੜੀ ਜਿਵੇਂ ਹੀ ਆਪਣੇ ਆਲ੍ਹਣੇ ਵਿਚ ਪਰਤੀ ਤਾਂ ਟੀਟੂ ਤੋਤੇ ਨੂੰ ਵੇਖ ਪਹਿਲਾਂ ਤਾਂ ਕੁਝ ਹੈਰਾਨ ਹੋਈ ਪਰ ਫਿਰ ਆਪਣੇ ਬੱਚਿਆਂ ਦੇ ਮੂੰਹ ‘ਤੇ ਲੱਗੇ ਭੋਜਨ ਨੂੰ ਵੇਖ ਤੇ ਉਨ੍ਹਾਂ ਨੂੰ ਸੰਤੁਸ਼ਟ ਤੇ ਖੁਸ਼ ਵੇਖ ਕੇ ਸਮਝ ਗਈ ਕਿ ਉਨ੍ਹਾਂ ਦੀ ਭੁੱਖ ਮਿਟਾਉਣ ਲਈ ਹੀ ਟੀਟੂ ਉਸ ਦੇ ਆਲ੍ਹਣੇ ਤੱਕ ਆਇਆ ਹੈ।

ਉਸ ਨੇ ਟੀਟੂ ਦਾ ਧੰਨਵਾਦ ਕੀਤਾ ਤਾਂ ਉਹ ਆਖਣ ਲੱਗਾ, ”ਇਸ ਵਿਚ ਧੰਨਵਾਦ ਵਾਲੀ ਕੋਈ ਗੱਲ ਨਹੀਂ। ਇਸ ਸੰਕਟ ਦੀ ਘੜੀ ਵਿਚ ਜੇਕਰ ਇੱਕ ਪ੍ਰਾਣੀ ਦੂਜੇ ਪ੍ਰਾਣੀ ਦੇ ਕੰਮ ਨਹੀਂ ਆਵੇਗਾ ਤਾਂ ਕੌਣ ਆਵੇਗਾ? ਮੇਰੇ ਕੋਲ ਕੱਲ੍ਹ ਦਾ ਭੋਜਨ ਬਚਿਆ ਪਿਆ ਸੀ ਸੋ ਤੇਰੇ ਬੱਚਿਆਂ ਦੇ ਕੰਮ ਆ ਗਿਆ। ਅੱਗੇ ਤੋਂ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਆਵਾਜ਼ ਦੇਵੀਂ ਭੈਣ!”

ਟੀਟੂ ਤੋਤਾ ਕਹਿ ਕੇ ਜਿਵੇਂ ਹੀ ਜਾਣ ਲੱਗਾ ਉਸ ਦੇ ਸਾਹਮਣੇ ਇੱਕ ਦੇਵਤਾ ਪ੍ਰਗਟ ਹੋਇਆ ਤੇ ਕਹਿਣ ਲੱਗਾ, ਨੇਕ ਦਿਲ ਪ੍ਰਾਣੀ, ਮੈਂ ਤੇਰੀ ਪਰਉਪਕਾਰ ਦੀ ਭਾਵਨਾ ਤੋਂ ਬਹੁਤ ਖੁਸ਼ ਹਾਂ। ਤੇਰੇ ਇਸ ਪਰਉਪਕਾਰ ਬਦਲੇ ਤੈਨੂੰ ਪੁਰਸਕਾਰ ਦੇਣਾ ਚਾਹੀਦਾ ਹੈ।  ਕਹਿ ਕੇ ਦੇਵਤਾ ਨੇ ਇੱਕ ਲਾਲ ਰੰਗ ਦੀ ਗਾਨੀ ਸਨਮਾਨ ਪੱਖੋਂ ਟੀਟੂ ਤੋਤੇ ਦੇ ਗਲ਼ ਵਿਚ ਪਾ ਦਿੱਤੀ। ਅੱਜ ਵੀ ਉਹ ਲਾਲ ਰੰਗ ਦੀ ਗਾਨੀ ਤੋਤੇ ਦੇ ਗਲ਼ ਵਿਚ ਅਸੀਂ ਦੇਖ ਸਕਦੇ ਹਾਂ ਜੋ ਕਿ ਉਸ ਦੇ ਪਰਉਪਕਾਰ ਦਾ ਪੁਰਸਕਾਰ ਹੈ।
ਹਰਿੰਦਰ ਸਿੰਘ ਗੋਗਨਾ,
ਕੰਟਰੋਲਰ ਦਫਤਰ (ਪ੍ਰੀਖਿਆਵਾਂ)
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋ. 98723–25960

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ