ਇਨਕਲਾਬੀ ਦੇਸ਼ ਭਗਤ ਸੁਖਦੇਵ ਦਾ ਜਨਮ ਦਿਨ ‘ਜਵਾਨੀ ਬਚਾਓ ਦਿਵਸ’ ਵਜੋਂ ਮਨਾਇਆ

Sukhdev' Birthday Celebrated

ਜੱਦੀ ਘਰ ਨੂੰ ਢੁੱਕਵੀਂ ਯਾਦਗਾਰ ਦਾ ਰੂਪ ਦੇਣ ਲਈ ਪੰਜਾਬ ਸਰਕਾਰ ਤੋਂ ਕੀਤੀ ਮੰਗ

ਕੋਟਕਪੂਰਾ, (ਸੁਭਾਸ਼ ਸ਼ਰਮਾ)। ਲੁਧਿਆਣੇ ਦੇ ‘ਨੌ ਘਰਾ ਮੁਹੱਲੇ’ ਵਿੱਚ 15 ਮਈ 1907 ਨੂੰ ਪਿਤਾ ਰਾਮ ਲਾਲ ਥਾਪਰ ਦੇ ਘਰ ਮਾਤਾ ਰਲੀ ਦੇਵੀ ਦੀ ਕੁੱਖ ਤੋਂ ਜਨਮੇ ਇਨਕਲਾਬੀ ਦੇਸ਼ ਭਗਤ ਸ਼ਹੀਦ ਸੁਖਦੇਵ, ਜਿੰਨਾਂ ਨੂੰ ਬਰਤਾਨਵੀ ਹਕੂਮਤ ਨੇ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਨਾਲ 23 ਮਾਰਚ 1931 ਨੂੰ ਸ਼ਹੀਦ ਕਰ ਦਿੱਤਾ ਸੀ। ਅੱਜ 15 ਮਈ ਨੂੰ 115ਵਾਂ ਜਨਮ ਦਿਨ ‘ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ’ ਵੱਲੋਂ ਸਥਾਨਕ ਭਗਤ ਸਿੰਘ ਪਾਰਕ ’ਚ ਪ੍ਰਭਾਵਸ਼ਾਲੀ ਤੇ ਸਾਦੇ ਢੰਗ ਨਾਲ ਸਮਾਗਮ ਕਰਕੇ ਮਨਾਇਆ ਗਿਆ।

ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਪਿ੍ਰੰਸੀਪਲ ਨਵਦੀਪ ਸ਼ਰਮਾ, ਮਾ. ਸੋਮਨਾਥ ਅਰੋੜਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਾਬਾ ਫਰੀਦ ਨਰਸਿੰਗ ਕਾਲਜ ਦੇ ਐੱਮ.ਡੀ. ਡਾ. ਮਨਜੀਤ ਸਿੰਘ ਢਿੱਲੋਂ ਤੇ ਡਾ. ਜਗਦੀਪ ਸਿੰਘ ਪੂਨੀਆ ਬਿਰਾਜਮਾਨ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸੁਪਰਡੈਂਟ ਜਗਜੀਤ ਸਿੰਘ, ਮਨਦੀਪ ਸਿੰਘ ਮਿੰਟੂ ਗਿੱਲ, ਦਰਸ਼ਨ ਸਿੰਘ ਸਰਾਵਾਂ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ, ਪ੍ਰਦੀਪ ਸਿੰਘ ਬਰਾੜ, ਸੰਜੀਵ ਕੁਮਾਰ ਧੀਂਗੜਾ ਅਤੇ ਪਿ੍ਰੰਸੀਪਲ ਸੰਦੀਪ ਕੌਰ ਨੇ ਇਨਕਲਾਬੀ ਦੇਸ਼ ਭਗਤ ਸੁਖਦੇਵ ਦੇ ਮੁੱਢਲੇ ਜੀਵਨ, ਨੈਸ਼ਨਲ ਕਾਲਜ ਲਾਹੌਰ ’ਚ ਭਗਤ ਸਿੰਘ ਅਤੇ ਭਗਵਤੀ ਚਰਣ ਵੋਹਰਾ ਆਦਿ ਨਾਲ ਮੇਲ ਮਿਲਾਪ ਅਤੇ ਇਨਾਂ ਵਲੋਂ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਪਿਛਲੇ ਕਾਰਨਾਂ ਅਤੇ ਮੰਤਵਾਂ ਬਾਰੇ ਚਾਨਣਾ ਪਾਇਆ।

ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਦੱਸਿਆ ਕਿ ਇਨਾਂ ਇਨਕਲਾਬੀ ਦੇਸ਼ ਭਗਤਾਂ ਦੀ ਪਾਰਟੀ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਦੀ ਪੰਜਾਬ ਇਕਾਈ ਦਾ ਇੰਚਾਰਜ ਸੁਖਦੇਵ ਸੀ ਅਤੇ ਸਮਾਜਵਾਦੀ ਵਿਚਾਰਧਾਰਾ ਬਾਰੇ ਭਗਤ ਸਿੰਘ ਬਾਅਦ ਉਹੀ ਸਿਧਾਂਤਕ ਸਮਝ ਵਾਲਾ ਆਗੂ ਸੀ। ਇਹੀ ਕਾਰਨ ਸੀ ਕਿ ਅੰਗਰੇਜ਼ੀ ਹਕੂਮਤ ਉਸਨੂੰ ਆਪਣੇ ਰਾਜ ਲਈ ਸਭ ਤੋਂ ਖਤਰਨਾਕ ਸਮਝਦੀ ਸੀ। ਬੁਲਾਰਿਆਂ ਨੇ ਸ਼ਹੀਦ ਸੁਖਦੇਵ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਸਿਰਫ਼ ਇਨਕਲਾਬ ਜਿੰਦਾਬਾਦ ਕਹਿਣ ਨਾਲ ਹੀ ਕੋਈ ਇਨਕਲਾਬੀ ਨਹੀਂ ਬਣ ਜਾਂਦਾ, ਸਗੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਵਿਰੁੱਧ ਆਖ਼ਰੀ ਦਮ ਤੱਕ ਲੜਣ ਵਾਲਾ ਮਨੁੱਖ ਹੀ ਸੱਚਾ ਇਨਕਲਾਬੀ ਕਹਾਉਣ ਦਾ ਹੱਕਦਾਰ ਹੈ।

ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਕਿਹਾ ਕਿ ਇੱਕ ਸਾਜਿਸ਼ ਅਧੀਨ ਦੇਸ਼ ਦੀ ਜਵਾਨੀ ਨੂੰ ਨਸ਼ਿਆਂ ’ਤੇ ਲਾਇਆ ਜਾ ਰਿਹਾ ਹੈ ਜਾਂ ਫਿਰਕੂ ਨਫ਼ਰਤ ਦੀ ਪਾਣ ਚੜਾ ਕੇ ਦੰਗਈ ਬਣਾਉਣ ਦੇ ਯਤਨ ਜਾਰੀ ਹਨ। ਬੁਲਾਰਿਆਂ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਸੁਖਦੇਵ ਅਤੇ ਉਸਦੇ ਸਾਥੀਆਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪਿ੍ਰੰਸੀਪਲ ਨਵਦੀਪ ਸ਼ਰਮਾ ਦਾ ਸਿੱਖਿਆ ਵਿਭਾਗ ਨੂੰ ਵੱਡਮੁੱਲੀਆਂ ਸੇਵਾਵਾਂ ਨਿਭਾਉਣ ਬਦਲੇ ਸੁਸਾਇਟੀ ਵਲੋਂ ਉਨਾਂ ਦੇ 56ਵੇਂ ਜਨਮ ਦਿਨ ਮੌਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਨਾਂ ਦੇ ਮਾਤਾ ਕਿ੍ਰਸ਼ਨਾ ਦੇਵੀ ਤੋਂ ਇਲਾਵਾ ਅਮਰਜੀਤ ਸਿੰਘ ਖੋਖਰ, ਸੁਖਚੈਨ ਸਿੰਘ ਰਾਮਸਰ, ਨਛੱਤਰ ਸਿੰਘ ਭਾਣਾ, ਹਰਵਿੰਦਰ ਸ਼ਰਮਾ, ਗੁਰਚਰਨ ਸਿੰਘ ਮਾਨ, ਰੁਲਦੂ ਸਿੰਘ ਔਲਖ, ਗੁਰਨਾਮ ਸਿੰਘ ਮਾਨੀਵਾਲਾ, ਗੁਰਦੀਪ ਕੌਰ ਬਰਾੜ, ਹਾਕਮ ਸਿੰਘ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਰਾਮ ਮੂਰਤੀ, ਉਰਮਿਲਾ ਦੇਵੀ, ਸੁਖਵਿੰਦਰ ਸਿੰਘ ਬਾਗੀ, ਗੇਜਰਾਮ ਭੋਰਾ, ਮਨਜੀਤ ਕੁਮਾਰ ਸ਼ਰਮਾ, ਪੂਰਨ ਸਿੰਘ ਸੰਧਵਾਂ, ਹੇਮੰਤ ਨਰੂਲਾ, ਵਿਨੋਦ ਕੁਮਾਰ ਲੈਕਚਰਾਰ, ਹਰਨੇਕ ਸਿੰਘ ਮਹਿਲ, ਅਜਾਇਬ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ