ਜਨਵਰੀ 2014 ਤੋਂ 31 ਦਸੰਬਰ 2015 ਦਰਮਿਆਨ ਦੋ ਸਾਲ ਦਾ ਆਪਸ਼ਨਲ ਵਾਧਾ ਲੈ ਕੇ ਸੇਵਾ ਮੁਕਤ ਹੋਏ ਪੈਨਸ਼ਨਰ (Retired Pensioners) ਹੋ ਰਹੇ ਨੇ ਖੱਜਲ-ਖੁਆਰ : ਦਰਸ਼ਨ ਲੁਬਾਣਾ ਸੂਬਾ ਪ੍ਰਧਾਨ
- ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਨੇ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਦੇ ਨਾਂ ਪੱਤਰ ਲਿਖ ਕੇ ਮਸਲਾ ਹੱਲ ਕਰਨ ਦੀ ਕੀਤੀ ਮੰਗ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ , ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ , ਐਕਟਿੰਗ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾਂ ਤੇ ਸੂਬਾਈ ਆਗੂ ਪ੍ਰੇਮ ਚਾਵਲਾ ਨੇ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਪੰਜਾਬ ਸਰਕਾਰ ਦੇ ਨਾਂਅ ਇੱਕ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ 1 ਜਨਵਰੀ 2014 ਤੋਂ 31 ਦਸੰਬਰ 2015 ਦਰਮਿਆਨ 2 ਸਾਲ ਦਾ ਆਪਸ਼ਨਲ ਵਾਧਾ ਲੈਣ ਕਰਕੇ ਸਾਲ 2016 ਤੇ ਸਾਲ 2017 ਦੌਰਾਨ ਅਸਲ ਵਿਚ ਸੇਵਾ ਨਵਿਰਤ (Retired Pensioners ) ਹੋਏ ਕਰਮਚਾਰੀਆਂ ਨੂੰ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਪੈਨਸ਼ਨਰੀ ਲਾਭ ਦੇਣ ਲਈ ਮਿਤੀ 29 ਅਕਤੂਬਰ 2021 ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਕੋਈ ਸਪੱਸ਼ਟ ਅਗਵਾਈ ਲੀਹਾਂ ਨਾ ਹੋਣ ਕਾਰਨ ਸਬੰਧਤ ਪੈਨਸ਼ਨਰਾਂ ਵਿੱਚ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਤੇ ਇਹ ਪੈਨਸ਼ਨਰ ਲਗਾਤਾਰ ਖੱਜਲ ਖੁਆਰ ਹੋ ਰਹੇ ਹਨ ।
ਜਦੋੋਂ ਇਹ ਪੈਨਸ਼ਨਰ ਖਜ਼ਾਨਾ ਦਫਤਰਾਂ ਵਿੱਚ ਜਾਂਦੇ ਹਨ ਤਾਂ ਖਜ਼ਾਨਾ ਦਫ਼ਤਰਾਂ ਵਾਲੇ ਕਰਮਚਾਰੀ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਾ ਹੋਣ ਕਾਰਨ ਸਬੰਧਤ ਪੈਨਸ਼ਨਰਾਂ ਦੇ ਬਿਨੈ ਪੱਤਰਾਂ ਦੀ ਕੋਈ ਵੀ ਕਾਰਵਾਈ ਕਰਨ ਤੋਂ ਆਪਣੇ-ਆਪ ਨੂੰ ਅਸਮਰੱਥ ਮਹਿਸੂਸ ਕਰਦੇ ਹਨ ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੂਬਾਈ ਆਗੂਆਂ ਨੇ ਮਾਣਯੋਗ ਸ੍ਰੀ ਕੇ.ਏ. ਪੀ.ਸਿਨਹਾ ਆਈ. ਏ. ਐਸ. ਪ੍ਰਮੁੱਖ ਸਕੱਤਰ ਵਿੱਤ ਵਿਭਾਗ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਦਾ ਹੋਈ ਇਸ ਸਥਿਤੀ ਨੂੰ ਸਪੱਸ਼ਟ ਕਰਨ ਲਈ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ/ ਸਕੱਤਰਾਂ/ ਵਿਭਾਗੀ ਮੁਖੀਆਂ ਅਤੇ ਰਾਜ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਅਫਸਰਾਂ ਦੇ ਨਾਂਅ ਲੋੜੀਂਦੀਆਂ ਗਾਈਡਲਾਈਨਜ਼ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਜੋ ਪੈਦਾ ਹੋਈ ਭਰਮ ਦੀ ਸਥਿਤੀ ਦਾ ਯੋਗ ਨਿਪਟਾਰਾ ਹੋ ਸਕੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ