26 ਜਨਵਰੀ ਨੂੰ ਪਟਿਆਲਾ ’ਚ ਝੰਡਾ ਲਹਿਰਾਉਣਗੇ ਭਗਵੰਤ ਮਾਨ | Republic Day
Republic Day: (ਖੁਸ਼ਵੀਰ ਸਿੰਘ ਤੂਰ) ਪਟਿਆਲਾ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਪਟਿਆਲਾ ਦੇ ਵੱਖ-ਵੱਖ ਪੁਆਇੰਟਾਂ ’ਤੇ ਅੱਜ ਤੋਂ ਹੀ ਪੁਲਿਸ ਵੱਲੋਂ ਆਪਣਾ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਰਾਰਤੀ ਅਨਸਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਦੱਸਣਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਤਿੰਨ ਵਾਰ ਤਬਦੀਲ ਹੋਇਆ ਹੈ। ਸਭ ਤੋਂ ਪਹਿਲਾਂ ਫਰੀਦਕੋਟ ਵਿਖੇ ਮੁੱਖ ਮੰਤਰੀ ਵੱਲੋਂ ਝੰਡਾ ਲਹਿਰਾਉਣਾ ਸੀ, ਪਰ ਇੱਥੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਧਮਕੀਆਂ, ਖਾਲਿਸਤਾਨੀ ਨਾਅਰਿਆਂ ਸਮੇਤ ਖਾਲਿਸਤਾਨੀ ਝੰਡੇ ਲਹਿਰਾ ਦਿੱਤੇ ਗਏ। ਸੁਰੱਖਿਆ ਪੱਖੋਂ ਮੁੱਖ ਮੰਤਰੀ ਦਾ ਇੱਥੋਂ ਪ੍ਰੋਗਰਾਮ ਰੱਦ ਕਰਕੇ ਮੁਹਾਲੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:World Punjabi Conference: ਵਿਸ਼ਵ ਪੰਜਾਬੀ ਕਾਨਫਰੰਸ ’ਚ ਹਿੱਸਾ ਲੈ ਕੇ ਵਫ਼ਦ ਭਾਰਤ ਪੁੱਜਾ
ਇਸ ਤੋਂ ਬਾਅਦ ਦੇਰ ਸ਼ਾਮ ਨੂੰ ਮੁਹਾਲੀ ਤੋਂ ਵੀ ਇਹ ਪ੍ਰੋਗਰਾਮ ਬਦਲਦਿਆਂ ਪਟਿਆਲਾ ਵਿਖੇ ਕਰ ਦਿੱਤਾ ਗਿਆ। ਪਟਿਆਲਾ ਵਿਖੇ ਮੁੱਖ ਮੰਤਰੀ ਦਾ ਪ੍ਰੋਗਰਾਮ ਤਬਦੀਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਸਰੁੱਖਿਆ ਪ੍ਰਬੰਧਾਂ ਵਿੱਚ ਸਖ਼ਤੀ ਕਰ ਦਿੱਤੀ ਗਈ। ਲੰਘੇ ਕੱਲ੍ਹ ਹੀ ਪੰਜਾਬ ਦੇ ਡੀਜੀਪੀ ਗੋਰਵ ਯਾਦਵ ਵੱਲੋਂ ਪਟਿਆਲਾ ਵਿਖੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਗਣਤੰਤਰ ਦਿਵਸ ਸਬੰਧੀ ਸਖਤ ਸਰੁੱਖਿਆ ਦੇ ਆਦੇਸ਼ ਦੇ ਦਿੱਤੇ ਗਏ। ਅੱਜ ਪਟਿਆਲਾ ਵਿਖੇ ਪੋਲੋਂ ਗਰਾਉਂਡ ਨੂੰ ਜਾਂਦੇ ਰਸਤਿਆਂ ਸਮੇਤ ਪਟਿਆਲਾ ਸ਼ਹਿਰ ਦੇ ਵੱਖ ਵੱਖ ਪੁਆਇੰਟਾਂ ’ਤੇ ਪੁਲਿਸ ਦੇ ਸਖ਼ਤ ਪ੍ਰਬੰਧ ਨਜ਼ਰ ਆਏ।
ਪੁਲਿਸ ਵੱਲੋਂ ਵੱਖ-ਵੱਖ ਰਸਤਿਆਂ ਅਤੇ ਚੌਕਾਂ ’ਤੇ ਪਹਿਰਾ ਸ਼ੁਰੂ
ਪੁਲਿਸ ਵੱਲੋਂ ਆਉਣ-ਜਾਣ ਵਾਲਿਆਂ ਉੱਪਰ ਸਖ਼ਤ ਨਿਗ੍ਹਾ ਰੱਖੀ ਹੋਈ ਸੀ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਵੀ ਪੁਲਿਸ ਵੱਲੋਂ ਵੱਖ-ਵੱਖ ਨਾਕਿਆਂ ਤੇ ਚੈਕਿੰਗ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ ਅਤੇ ਸ਼ੱਕੀ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਜਾ ਰਹੀ ਹੈ। ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਵੱਲੋਂ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਡਿਊਟੀ ਪ੍ਰਬੰਧਾਂ ਵਿੱਚ ਕਿਸੇ ਤਰ੍ਹਾਂ ਦੀ ਊਣਤਾਈ ਲਈ ਵਰਜ਼ਿਆ ਹੈ। ਪੁਲਿਸ ਮੁਲਾਜ਼ਮ ਵੱਖ-ਵੱਖ ਨਾਕਿਆਂ ’ਤੇ ਪੂਰੀ ਤਰ੍ਹਾਂ ਸਤੱਰਕ ਦੇਖੇ ਗਏ ਹਨ। ਪਟਿਆਲਾ ਰੇਜ਼ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਵੀ ਸਰੁੱਖਿਆ ਪ੍ਰਬੰਧਾਂ ਨੂੰ ਲੈ ਕੇ ਆਪਣੀ ਪੂਰੀ ਨਿਗ੍ਹਾਂ ਜਮਾਈ ਹੋਈ ਹੈ। ਉਨ੍ਹਾਂ ਵੱਲੋਂ ਪਟਿਆਲਾ ਸਮੇਤ ਆਪਣੀ ਰੇਜ ਅਧੀਨ ਆਉਂਦੇ ਜ਼ਿਲ੍ਹਿਆਂ ਵਿੱਚ ਵੀ ਪੁਲਿਸ ਅਧਿਕਾਰੀਆਂ ਨੂੰ ਸਖਤ ਪ੍ਰਬੰਧਾਂ ਨੂੰ ਅਮਲੀ ਰੂਪ ਦੇਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸੇ ਪ੍ਰਕਾਰ ਦੀ ਅਣਗਿਹਲੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। Republic Day