ਆਪ ਦੀ ‘ਅਗਾਂਊ ਸੂਚੀ’ ਦਾ ਭੂਚਾਲ ਜਾਰੀ

  • ਲੁਧਿਆਣਾ ਦੱਖਣੀ ਦੇ ਆਪ ਲੀਡਰਾਂ ਨੇ ਖੋਲ੍ਹਿਆ ਮੋਰਚਾ
  • ਅਹਿਬਾਬ ਗਰੇਵਾਲ ਦੀ ਟਿਕਟ ਕੈਂਸਲ ਕਰਨ ਦੀ ਕੀਤੀ ਮੰਗ

ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਪਹਿਲੀ ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਪਾਰਟੀ ਵਿੱਚ ਅੰਦਰੂਨੀ ਬਗਾਵਤ ਰੁਕਣ ਦੀ ਨਾਅ ਹੀ ਨਹੀਂ ਲੈ ਰਹੀਂ ਹੈ। ਹੁਣ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਹਬਾਬ ਗਰੇਵਾਲ ਦੇ ਖ਼ਿਲਾਫ਼ ਲੁਧਿਆਣਾ ਦੱਖਣੀ ਦੇ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਦੀ ਟਿਕਟ ਕੈਂਸਲ ਕਰਨ ਦੀ ਮੰਗ ਕਰ ਦਿੱਤੀ ਹੈ।
ਚੰਡੀਗੜ੍ਹ ਵਿਖੇ ਡਾ. ਅਮਨਦੀਪ ਬੈਂਸ ਅਤੇ ਡੀ.ਐਸ. ਗਰੇਵਾਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਅਹਬਾਬ ਗਰੇਵਾਲ ਨੂੰ ਟਿਕਟ ਦੇ ਕੇ ਗਲਤੀ ਕੀਤੀ ਹੈ ਕਿਉਂਕਿ ਇੱਕ ਆਮ ਆਦਮੀ ਪਾਰਟੀ ਵਰਕਰ ਵਲੋਂ ਜਿੱਥੇ ਉਸ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹੋਏ ਹਨ ਉਥੇ ਹੀ ਉਹ ਜੇਤੂ ਉਮੀਦਵਾਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੱਖਣੀ ਤੋਂ ਕਈ ਇਹੋ ਜਿਹੇ ਦਾਅਵੇਦਾਰ ਅੱਜ ਵੀ ਹਨ, ਜਿਹੜੇ ਕਿ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ‘ਤੇ ਸੀਟ ਨੂੰ ਆਸਾਨੀ ਨਾਲ ਜਿੱਤ ਕੇ ਦੇ ਸਕਦੇ ਹਨ ਪਰ ਕੁਝ ਲੀਡਰਾਂ ਨੇ ਆਪਣੀ ਮਨਮਰਜ਼ੀ ਕਰਦੇ ਹੋਏ ਬਿਨ੍ਹਾਂ ਕਿਸੇ ਪੜਤਾਲ ਤੋਂ ਅਹਬਾਬ ਗਰੇਵਾਲ ਨੂੰ ਟਿਕਟ ਦੇ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਸ਼ਿਕਾਇਤ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੂਰ ਨੂੰ ਕੀਤੀ ਸੀ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਿਹੜੇ ਵੀ ਉਮੀਦਵਾਰਾਂ ਨੂੰ ਗਲਤ ਟਿਕਟ ਮਿਲ ਗਈ ਹੈ, ਉਨ੍ਹਾਂ ਬਾਰੇ ਪੜਤਾਲ ਕਰਦੇ ਹੋਏ ਟਿਕਟ ਕੈਂਸਲ ਕੀਤੀ ਜਾਵੇਗੀ।
ਉਨ੍ਹਾਂ ਨੇ ਇਸ ਸਬੰਧੀ ਸੰਜੇ ਸਿੰਘ ਨਾਲ ਕੋਈ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਤਾਂ ਬਾਹਰੀ ਆਦਮੀ ਹੈ, ਇਸ ਲਈ ਉਹ ਸੰਜੇ ਸਿੰਘ ਨਾਲ ਗੱਲਬਾਤ ਨਹੀਂ ਕਰਨਗੇ, ਜਦੋਂ ਕਿ ਜਲਦ ਹੀ ਉਹ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਦੇ ਹੋਏ ਸ਼ਿਕਾਇਤ ਜਰੂਰ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨ ਲਈ ਆਏ ਹਨ, ਉਨ੍ਹਾਂ ਵਿੱਚੋਂ ਇੱਕ ਵੀ ਲੀਡਰ ਚੋਣ ਲੜਨ ਦਾ ਇੱਛੁਕ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਦਾਅਵੇਦਾਰੀ  ਪੇਸ਼ ਕੀਤੀ ਹੋਈ ਹੈ। ਉਹ ਤਾਂ ਵਰਕਰ ਹਨ ਅਤੇ ਚਾਹੁੰਦੇ ਹਨ ਕਿ ਕਿਸੇ ਚੰਗੇ ਉਮੀਦਵਾਰ ਨੂੰ ਟਿਕਟ ਮਿਲ ਜਾਵੇ ਤਾਂ ਕਿ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਦੱਖਣੀ ਤੋਂ ਚੰਗੀਆਂ ਵੋਟਾਂ ‘ਤੇ ਜਿੱਤ ਪ੍ਰਾਪਤ ਹੋਵੇ।