ਰਿਸ਼ਤੇ
ਰਿਸ਼ਤਿਆਂ ਦੀ ਕੀ ਗੱਲ ਮੈਂ ਦੱਸਾਂ,
ਕੀ-ਕੀ ਕੁੱਝ ਦਿਖਾਉਂਦੇ ਰਿਸ਼ਤੇ।
ਮਤਲਬ ਹੋਵੇ ਤਾਂ ਪੈਰੀਂ ਡਿੱਗਦੇ,
ਬਿਨ ਮਤਲਬ ਰੰਗ ਵਟਾਉਂਦੇ ਰਿਸ਼ਤੇ।
ਆਪਣਿਆਂ ਦੀ ਖੁਸ਼ੀ ਦੇ ਲਈ,
ਅਨੇਕਾਂ ਕਰਮ ਕਮਾਉਂਦੇ ਰਿਸ਼ਤੇ।
ਦੁਨੀਆਂ ਦੀ ਜਦ ਸੋਚਣ ਲੱਗਦੇ,
ਰੀਝਾਂ ਕਤਲ ਕਰਵਾਉਂਦੇ ਰਿਸ਼ਤੇ।
ਭਰਾ-ਭਰਾ ਦਾ ਦੁਸ਼ਮਣ ਬਣ ਜਾਏ,
ਜਦ ਆਪਣੀ ਖੇਡ ਰਚਾਉਂਦੇ ਰਿਸ਼ਤੇ।
ਕੁੱਝ ਰਿਸ਼ਤੇ ਬੱਸ ਦੁੱਖ ਨੇ ਦਿੰਦੇ,
ਕੁੱਝ ਰੋਂਦਿਆਂ ਨੂੰ ਹਸਾਉਂਦੇ ਰਿਸ਼ਤੇ।
ਕੋਈ-ਕੋਈ ਕਰਦਾ ਮਨ ਦੀ ਗੱਲ ਨੂੰ,
ਜ਼ਿਆਦਾ ਜਿਸਮ ਹੰਢਾਉਂਦੇ ਰਿਸ਼ਤੇ।
ਕਈ ਖ਼ਾਬਾਂ ਜੋਗੇ ਹੀ ਰਹਿ ਜਾਂਦੇ ਨੇ,
ਸੁੱਤਿਆਂ ਤੱਕ ਜਗਾਉਂਦੇ ਰਿਸ਼ਤੇ।
ਦੂਰ ਹੋ ਕੇ ਵੀ ਉਂਝ ਕੋਲ ਨੇ ਰਹਿੰਦੇ,
ਯਾਦਾਂ ਨਾਲ ਸਤਾਉਂਦੇ ਰਿਸ਼ਤੇ।
ਤਾਂਘ ਮਿਲਣੇ ਦੀ ਲੱਗੀ ਰਹਿੰਦੀ,
ਤੜਫਦਿਆਂ ਨੂੰ ਤੜਫਾਉਂਦੇ ਰਿਸ਼ਤੇ।
ਕੁੱਝ ਕਦਰਦਾਨ ਰਿਸ਼ਤਿਆਂ ਦੇ,
ਪੀੜ੍ਹੀਆਂ ਤੱਕ ਨਿਭਾਉਂਦੇ ਰਿਸ਼ਤੇ।
ਕੀ ਹੋਇਆ ਗਿੱਲ ਚੰਦਰੇ ਜ਼ਮਾਨੇ ਨੂੰ,
ਰੂਹਾਂ ਵਾਲੇ ਨਾ ਥਿਆਉਂਦੇ ਰਿਸ਼ਤੇ।
ਜਸਵੰਤ ਗਿੱਲ ਸਮਾਲਸਰ
ਮੋ. 97804-51878
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।