ਕੇਂਦਰ ਸਰਕਾਰ ਨੇ ਪੀਐਨਜੀ ਤੇ ਸੀਐਨਜੀ ਗੈਸਾਂ (Gas Prices) ਦੀ ਕੀਮਤ ’ਚ ਕਟੌਤੀ ਦਾ ਫੈਸਲਾ ਲਿਆ ਹੈ ਜਿਸ ਨਾਲ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰ ਰਹੀ ਜਨਤਾ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ। ਸਰਕਾਰੀ ਕੰਪਨੀਆਂ ਦੇ ਨਾਲ-ਨਾਲ ਪ੍ਰਾਈਵੇਟ ਕੰਪਨੀਆਂ ਨੇ ਵੀ ਗੈਸ ਕੀਮਤਾਂ ’ਚ ਕਟੌਤੀ ਕੀਤੀ ਹੈ। ਸੀਐਨਜੀ ਦੀ ਕੀਮਤਾਂ ’ਚ 6-7 ਰੁਪਏ ਤੱਕ ਕਟੌਤੀ ਕੀਤੀ ਗਈ ਹੈ। ਪਿਛਲੇ ਦੋ ਸਾਲਾਂ ’ਚ ਸੀਐੱਨਜੀ ਦੀਆਂ ਕੀਮਤਾਂ ’ਚ 80 ਫੀਸਦ ਤੋਂ ਜਿਆਦਾ ਵਾਧਾ ਕੀਤਾ ਗਿਆ ਸੀ।
ਗੈਸ ਦੀਆਂ ਕੀਮਤਾਂ
ਗੈਸ ਦੀਆਂ ਕੀਮਤਾਂ ਹੁਣ ਹਰ ਮਹੀਨੇ ਤੈਅ ਹੋਣਗੀਆਂ ਪਹਿਲਾਂ ਇਹ ਕੀਮਤਾਂ ਛੇ ਮਹੀਨੇ ਬਾਅਦ ਤੈਅ ਹੁੰਦੀਆਂ ਸਨ। ਹੁਣ ਨਵੇਂ ਫਾਰਮੂਲੇ ਅਨੁਸਾਰ ਘਰੇਲੂ ਕੁਦਰਤੀ ਗੈਸ ਦੀ ਕੀਮਤ ਇੰਡੀਅਨ ਕਰੂਡ ਬਾਸਕੇਟ ਦੀ ਪਿਛਲੇ ਇੱਕ ਮਹੀਨੇ ਦੀ ਕੀਮਤ ਨਾਲ ਅਨੁਮਾਨੀ ਜਾਵੇਗੀ। ਅਸਲ ’ਚ ਸੀਐਨਜੀ ਜੋ ਕਿ ਗੱਡੀਆਂ ਲਈ ਵਰਤੀ ਜਾਂਦੀ ਹੈ ਦੀਆਂ ਕੀਮਤਾਂ ਵਧਣ ਨਾਲ ਸਿੱਧੇ ਅਤੇ ਅਸਿੱਧੇ ਤੌਰ ’ਤੇ ਜਨਤਾ ਨੂੰ ਪ੍ਰਭਾਵਿਤ ਹੋ ਰਹੀ ਸੀ ਗੈਸ ਦੀ ਕੀਮਤ ਵਧਣ ਨਾਲ ਕਿਰਾਇਆ ਵਧ ਗਿਆ ਸੀ ਜਿਸ ਨਾਲ ਸਫਰ ਕਰਨ ਵਾਲਿਆਂ ਦੀ ਜੇਬ ’ਤੇ ਭਾਰੀ ਬੋਝ ਪੈ ਰਿਹਾ ਸੀ। ਦੂਜੇ ਪਾਸੇ ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਵਾਤਾਵਰਨ ਦੇ ਮਾਮਲੇ ’ਚ ਸਹੀ ਨਹੀਂ
ਗੈਸ ਦੇ ਮਹਿੰਗੇ ਭਾਅ ਵਾਤਾਵਰਨ ਦੇ ਮਾਮਲੇ ’ਚ ਸਹੀ ਨਹੀਂ। ਮਹਾਂਨਗਰਾਂ ’ਚ ਹਵਾ ਪ੍ਰਦੂਸ਼ਣ ਵੱਡੀ ਸਮੱਸਿਆ ਬਣ ਚੁੱਕਾ ਹੈ। ਡੀਜਲ ਵਾਲੀਆਂ ਗੱਡੀਆਂ ਨੂੰ ਘਟਾਉਣ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ। ਸੜਕਾਂ ’ਤੇ ਸਾਹ ਲੈਣਾ ਔਖਾ ਹੋ ਜਾਂਦਾ ਹੈ। ਸੀਐਨਜੀ ਵਾਲੇ ਸਾਧਨਾਂ ਦੀ ਗਿਣਤੀ ਵਧਣ ਨਾਲ ਵਾਤਾਵਰਨ ’ਚ ਸੁਧਾਰ ਆ ਰਿਹਾ ਹੈ ਪਰ ਗੈਸ ਦੀਆਂ ਕੀਮਤਾਂ ਵਧਣ ਨਾਲ ਲੋਕ ਫਿਰ ਮਜ਼ਬੂਰੀ ਵੱਸ ਡੀਜਲ ਵਾਲੀਆਂ ਗੱਡੀਆਂ ਵੱਲ ਮੁੜ ਪੈਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਗੈਸ ਕੀਮਤਾਂ ਦੇ ਰੇਟ ਵਾਜ਼ਬ ਰੱਖੀਆਂ ਜਾਣ ਤਾਂ ਕਿ ਲੋਕ ਡੀਜਲ ਵਾਲੇ ਸਾਧਨਾਂ ਦਾ ਰੁਝਾਨ ਛੱਡਣ।
ਫਿਲਿੰਗ ਸਟੇਸ਼ਨਾਂ ਦੀ ਗਿਣਤੀ
ਇਸ ਦੇ ਨਾਲ ਹੀ ਗੈਸ ਫਿਲਿੰਗ ਸਟੇਸ਼ਨਾਂ ਦੀ ਗਿਣਤੀ ’ਚ ਵਾਧਾ ਕਰਨ ਦੀ ਸਖਤ ਜ਼ਰੂਰਤ ਹੈ। ਗੈਸ ਪੰਪਾਂ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਵੀ ਖਪਤਕਾਰਾਂ (ਉਪਭੋਗਤਾਵਾਂ) ਨੂੰ ਨਿਰਾਸ਼ ਕਰਦੀਆਂ ਹਨ। ਜਿੱਥੋਂ ਤੱਕ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਦਾ ਸਬੰਧ ਹੈ ਤੇਲ ਵਾਲੇ ਸਾਧਨਾਂ ਘਟਾਉਣੇ ਸਮੇਂ ਦੀ ਜ਼ਰੂਰਤ ਹੈ। ਇਲੈਕਟਿ੍ਰਕ ਸਾਧਨ ਤੇ ਗੈਸ ਵਾਲੇ ਸਾਧਨ ਜਿਵੇਂ ਜਿਵੇਂ ਵਧਣਗੇ ਉਵੇਂ-ਉਵੇਂ ਹਵਾ ਪ੍ਰਦੂਸ਼ਣ ਘਟੇਗਾ। ਗੈਸ ਕੀਮਤਾਂ ਨੂੰ ਕੰਟਰੋਲ ’ਚ ਰੱਖਣ ਲਈ ਹੋਰ ਠੋਸ ਨੀਤੀਆਂ ਬਣਾਈਆਂ ਜਾਣ ਕਿਉਂਕਿ ਇਹ ਮਾਮਲਾ ਸਿਰਫ ਮਹਿੰਗਾਈ ਦਾ ਨਹੀਂ ਸਗੋਂ ਇਸ ਦੇ ਮਨੁੱਖੀ ਸਰੋਕਾਰ ਵੀ ਹਨ।