ਪਿੰਡ ਵਾਸੀਆਂ ਨੇ ਨੀਲੇ ਕਾਰਡ ਵਿਖਾਕੇ ਕੀਤਾ ਰੋਸ਼ ਪ੍ਰਦਰਸ਼ਨ
ਗੁਰਜੀਵਨ ਸਿੱਧੂ, ਨਥਾਣਾ: ਕਾਂਗਰਸ ਪਾਰਟੀ ਦੀ ਨਵੀਂ ਬਣੀ ਸਰਕਾਰ ਤੋਂ ਲੋਕ ਖਫਾ ਹੋਣੇ ਸ਼ੁਰੂ ਹੋ ਗਏ ਹਨ, ਇਸ ਦੀ ਤਾਜ਼ਾ ਮਿਸ਼ਾਲ ਉਸ ਸਮੇਂ ਮਿਲੀ ਜਦ ਨਗਰ ਨਥਾਣਾ ਦੇ ਨੀਲੇ ਕਾਰਡ ਧਾਰਕਾਂ ਨੇ ਇੱਕਠੇ ਹੋ ਕੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ। ਕ੍ਰਿਪਾਲ ਸਿੰਘ ਕੌਸ਼ਲਰ,ਜਗਸੀਰ ਸਿੰਘ ਸੀਰਾ,ਹਾਕਮ ਸਿੰਘ,ਸੋਹਣ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਲੋਕਾਂ ਨੂੰ ਭਾਰੀ ਉਮੀਦ ਸੀ ਕਿ ਸਰਕਾਰ ਲੋਕਾਂ ਨੂੰ ਸੁਖ-ਸਹੂਲਤਾਂ ਦੇ ਕੇ ਸੁਰਖੁਰੂ ਕਰ ਦੇਵੇਗੀ ਪਰ ਹੋਇਆ ਸਭ ਕੁਝ ਇਸ ਦੇ ਉਲਟ ਪਹਿਲਾ ਚਲਦੀਆਂ ਸਕੀਮਾਂ ਤੇ ਵੀ ਇੱਕ ਵਾਰ ਤਾਂ ਰੋਕ ਲਗਾ ਦਿੱਤੀ ਹੈ।
ਸਰਕਾਰ ਖਿਲਾਫ ਰੋਸ
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਨੀਲੇ ਕਾਰਡ ਧਾਰਕਾਂ ਨੂੰ ਦੋ ਸੌ ਰੁਪਏ ਪ੍ਰਤੀ ਕੁਇੰਟਲ ਦੀਆਂ ਸਸਤੀਆਂ ਦਰਾਂ ਤੇ ਮਿਲਣ ਵਾਲੀ ਕਣਕ ਦੀ ਸਪਲਾਈ ਨਾ ਦਿੱਤੇ ਜਾਣ ਕਰਕੇ ਇਸ ਨਾਲ ਸਬੰਧਤ ਵਰਗ ਵਿੱਚ ਭਾਰੀ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ।
ਗਰੀਬਾਂ ਨੂੰ ਅਜੇ ਤੱਕ ਨਹੀਂ ਸਸਤੀ ਕਣਕ
ਸੁਰਜੀਤ ਕੌਰ, ਮੂਰਤੀ ਕੌਰ, ਗੁਰਦੇਵ ਕੌਰ,ਅਮਨਦੀਪ ਕੌਰ,ਕੁਲਵਿੰਦਰ ਕੌਰ,ਸ਼ਿੰਦਰ ਕੌਰ,ਖੁਸ਼ਪ੍ਰੀਤ ਕੌਰ ਤੇ ਹੋਰਨਾਂ ਕਾਰਡ ਧਾਰਕਾਂ ਨੇ ਆਪਣਾ ਦੁੱਖੜਾ ਬਿਆਨ ਕਰਦਿਆਂ ਦੱਸਿਆ ਕਿ ਸਸਤੀਆਂ ਦਰਾਂ ਦੀ ਕਣਕ ਨਾ ਮਿਲਣ ਕਰਕੇ ਉਨ੍ਹਾਂ ਦੇ ਆਟੇ ਵਾਲੇ ਪੀਪੇ ਖਾਲੀ ਖੜ੍ਹਕ ਰਹੇ ਹਨ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਉਨ੍ਹਾਂ ਨੂੰ ਦਸੰਬਰ ਮਹੀਨੇ ਵਿੱਚ ਇਹ ਸਸਤੀਆਂ ਦਰਾਂ ਦੀ ਕਣਕ ਦਿੱਤੀ ਗਈ ਸੀ,ਪਰ ਉਸ ਪਿੱਛੋਂ ਨਵੀਂ ਬਣੀ ਕਾਂਗਰਸ ਦੀ ਸਰਕਾਰ ਸਮੇਂ ਅੱਜ ਤੱਕ ਅਜਿਹੀ ਕਣਕ ਦੇ ਦਰਸਨ ਵੀ ਨਹੀਂ ਹੋਏ।
ਗਰੀਬ ਮਹਿੰਗੇ ਭਾਅ ਦਾ ਆਟਾ ਖਰੀਦਣ ਲਈ ਮਜ਼ਬੂਰ
ਬੂਟਾ ਸਿੰਘ,ਗੇਡੀ ਸਿੰਘ,ਪਰਮਜੀਤ ਕੌਰ,ਗੁਰਦੀਪ ਕੌਰ,ਜਸਮੇਲ ਕੌਰ ਨੇ ਕਿਹਾ ਕਿ ਸਰਦੇ ਪੁਜਦੇ ਲੋਕਾਂ ਨੇ ਆਪਣੇ ਸਾਲ ਭਰ ਦੀਆਂ ਲੋੜਾਂ ਲਈ ਕਣਕ ਦਾ ਬੰਦੋਬਸਤ ਕਰ ਲਏ ਹਨ ਪਰ ਇਸ ਸਮੇਂ ਬੇ ਜਮੀਨੇ, ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਲਈ ਆਪਣੀਆਂ ਰੋਜਮਰਾਂ ਦੀਆਂ ਜਰੂਰਤਾਂ ਲਈ ਕਣਕ ਇੱਕਠੀ ਕਰਨ ਵਾਸਤੇ ਦੋ ਚਾਰ ਹੋਣਾਂ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦਸੰਬਰ 2016 ਵਿੱਚ ਇਸ ਸ਼ਕੀਮ ਅਧੀਨ ਸਸਤੀਆਂ ਦਰਾਂ ਦੀ ਕਣਕ ਦੀ ਸਪਲਾਈ ਹੋਈ ਸੀ,ਪਰ ਇਸ ਪਿੱਛੋਂ ਉਨ੍ਹਾਂ ਨੂੰ ਕਣਕ ਨਹੀਂ ਮਿਲੀ। ਜਿਸ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਲਈ ਮਹਿੰਗੇ ਭਾਅ ਦਾ ਆਟਾ ਖਰੀਦਣ ਲਈ ਮਜ਼ਬੂਰ ਹਨ।
ਰਸੋਈ ਦੀਆਂ ਵਸਤਾਂ ਡਿੱਪੂਆਂ ‘ਤੇ ਜਲਦੀ ਮੁਹੱਈਆ ਕਰਵਾਉਣ ਦੀ ਮੰਗ
ਉਨ੍ਹਾਂ ਕਿਹਾ ਕਿ ਨਵੀਂ ਬਣੀ ਕਾਂਗਰਸ ਸਰਕਾਰ ਤੋਂ ਇਹ ਉਮੀਦ ਸੀ ਕਿ ਉਹ ਗਰੀਬ ਅਤੇ ਮਧ ਵਰਗੀ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਸਮਝ ਕੇ ਸਹੂਲਤਾਂ ਦੇਵੇਗੀ,ਪਰ ਇਹ ਤਾਂ ਅਕਾਲੀ ਭਾਜਪਾ ਸਰਕਾਰ ਨਾਲੋਂ ਵੀ ਗਈ ਗੁਜ਼ਰੀ ਸਾਬਤ ਹੋ ਰਹੀ ਹੈ। ਨੀਲੇ ਕਾਰਡ ਧਾਰਕਾਂ ਨੇ ਕਿਹਾ ਕਿ ਮੌਜੂਦਾਂ ਸਰਕਾਰ ਨੇ ਗਰੀਬਾਂ ਦਾ ਰਾਸ਼ਨ ਬੰਦ ਕਰਕੇ ਬੰਦ ਕਰ ਦਿੱਤਾ ਹੈ।
ਮਹਿੰਗਾਈ ਦੇ ਕਾਰਨ ਗੀਰਬ ਪਰਿਵਾਰ ਚੁੱਲੇ ਤਪਾਉਣ ਤੋਂ ਲਾਚਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਪਰਿਵਾਰਾਂ ਦੇ ਚੁਲੇ ਬਲਦੇ ਰੱਖਣ ਲਈ ਰੋਜਾਨਾਂ ਰਸੋਈ ਵਰਤੋਂ ‘ਚ ਆਉਣ ਵਾਲੀਆਂ ਵਸਤਾਂ ਛੇਤੀ ਤੋਂ ਛੇਤੀ ਡਿੱਪੂਆਂ ਤੇ ਸਸਤੇ ਭਾਅ ‘ਚ ਮੁਹਈਆ ਕੀਤੀਆਂ ਜਾਣ।
ਇਸ ਸਬੰਧੀ ਜਦ ਹਲਕਾ ਵਿਧਾਇਕ ਨਾਲ ਰਾਬਤਾ ਕਰਨਾ ਚਾਹਿਆ ਤਾਂ ਵਾਰ-ਵਾਰ ਫੋਨ ਕਰਨ ਤੇ ਵੀ ਉਨ੍ਹਾਂ ਫੋਨ ਰਿਸੀਵ ਕਰਨਾ ਮੁਨਾਸਿਬ ਨਹੀਂ ਸਮਝਿਆ। ਨਥਾਣਾ ਨਗਰ ਦੇ ਵਿਅਕਤੀਆਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਜਦ ਵਿਧਾਇਕ ਵੱਲੋਂ ਪੱਤਰਕਾਰ ਦਾ ਫੋਨ ਰਿਸੀਵ ਨਹੀਂ ਕੀਤਾ ਜਾ ਰਿਹਾ ਤਾਂ ਆਮ ਵੋਟਰ ਦਾ ਕੀ ਹਾਲ ਹੋਵੇਗਾ ?