ਪੰਜਾਬ ਅੰਦਰ ਬਿਜਲੀ ਦੀ ਮੰਗ ‘ਚ ਪਿਛਲੇ ਸਾਲ ਨਾਲੋਂ ਰਿਕਾਰਡ ਤੋੜ ਵਾਧਾ

Demand, Power, Demand, Punjab

ਬਿਜਲੀ ਦੀ ਮੰਗ ਵਿੱਚ ਇੱਕਦਮ ਹੋਇਆ 33 ਫੀਸਦੀ ਵਾਧਾ

  • ਹਾਈਡਲਾਂ ਰਾਹੀਂ ਬਿਜਲੀ ਉਤਪਦਾਨ ‘ਚ ਆਈ ਕਮੀ
  • ਕੇਂਦਰੀ ਪ੍ਰੋਜੈਕਟਾਂ ਤੋਂ ਵੀ ਮਿਲ ਰਹੀ ਐ ਘੱਟ ਬਿਜਲੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਝੋਨੇ ਲਈ ਬਿਜਲੀ ਸਪਲਾਈ ਦੇਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਪਿਛਲੇ ਸਾਲ ਨਾਲੋਂ ਰਿਕਾਰਡ ਵਾਧਾ ਹੋ ਗਿਆ ਹੈ। ਆਲਮ ਇਹ ਹੈ ਕਿ ਬਿਜਲੀ ਦੀ ਮੰਗ ਵਿੱਚ ਪਿਛਲੇ ਵਰੇ ਨਾਲੋਂ ਇਕਦਮ 33 ਫੀਸਦੀ ਵਾਧਾ ਹੋ ਗਿਆ ਹੈ। ਇੱਧਰ ਹਾਈਡਲਾਂ ਵਿੱਚ ਪਾਣੀ ਪੱਧਰ ਘੱਟ ਹੋਣ ਕਾਰਨ ਬਿਜਲੀ ਉਤਪਾਦਤਾਂ ਘੱਟ ਪੈਦਾ ਹੋ ਰਹੀ ਹੈ।  ਜਾਣਕਾਰੀ ਅਨੁਸਾਰ ਪਿਛਲੇ ਸਾਲ 21 ਜੂਨ 2017 ਨੂੰ ਬਿਜਲੀ ਦੀ ਮੰਗ 18043 ਲੱਖ ਯੂਨਿਟ ਸੀ। ਜਦਕਿ ਪਿਛਲੇ ਦਿਨੀਂ ਲੰਘੀ 21 ਜੂਨ ਨੂੰ ਇਹ ਮੰਗ 10832  ਮੈਗਾਵਾਟ ਰਹੀ ਹੈ।

ਜਿਹੜੀ ਕਿ ਇਸੇ ਦਿਨ ਪਿਛਲੇ ਸਾਲ 8819 ਮੈਗਾਵਾਟ ਸੀ। ਇਸ ਤਰ੍ਹਾਂ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਹੋਇਆ ਹੈ।  ਇੱਧਰ ਪੰਜਾਬ ਦੇ ਹਾਈਡਲ ਪ੍ਰਾਜੈਕਟਾਂ ਵਿੱਚ ਪਾਣੀ ਦੀ ਆਮਦ ਅਤੇ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਹਾਈਡਲ ਜਨਰੇਸ਼ਨ ਦਾ ਉਤਪਾਦਨ ਘੱਟ ਹੋਇਆ ਹੈ। ਪਿਛਲੇ ਸਾਲ 21 ਜੂਨ 2017 ਨੂੰ ਹਾਈਡਲ ਪ੍ਰੋਜੈਕਟਸ ਦਾ ਉਤਪਾਦਨ 181.89 ਲੱਖ ਯੂਨਿਟ ਸੀ, ਜਦੋਂ ਕਿ 21 ਜੂਨ 2018 ਨੂੰ 128.65 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹੋਇਆ। ਇਸੇ ਤਰ੍ਹਾਂ ਬੀਬੀਐਮਬੀ ਤੋਂ ਪਿਛਲੇ ਸਾਲ 156.30 ਲੱਖ ਯੂਨਿਟ ਉਤਪਾਦਨ ਹੋਇਆ ਸੀ, ਜਿਹੜਾ ਕਿ 21 ਜੂਨ 2018 ਨੂੰ 141.81 ਲੱਖ ਯੂਨਿਟ ਪ੍ਰਾਪਤ ਹੋਇਆ। ਗੌਇੰਦਵਾਲ ਥਰਮਲ ਪਲਾਂਟ ਪੰਜਾਬ ਨੂੰ ਕੋਈ ਬਿਜਲੀ ਨਹੀਂ ਦੇ ਰਿਹਾ ਜਿਸ ਤੋਂ 491 ਮੈਗਾਵਾਟ ਬਿਜਲੀ ਮਿਲਣ ਦੀ ਆਸ ਸੀ।

ਪਾਵਰਕੌਮ ਦੇ ਚੇਅਰਮੈਂਨ ਕਮ ਮਨੈਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਤਕਨੀਕੀ ਨੁਕਸਾਂ ਕਰਕੇ ਪੀ.ਐਸ.ਪੀ.ਸੀ.ਐਲ. ਵੱਲੋਂ ਕੀਤੇ ਲੰਮੇ ਅਰਸੇ ਦੇ ਸਮਝੋਤਿਆਂ ਅਧੀਨ ਕੇਂਦਰੀ ਸੈਕਟਰ ਦੇ ਚਾਰ ਪਲਾਂਟਾਂ ਜਿਨ੍ਹਾਂ ਵਿੱਚ ਦਾਮੌਦਰ ਵੈਲੀ ਕਾਰਪੋਰੇਸ਼ਨ ਤੋਂ 184 ਮੈਗਾਵਾਟ, ਰਿਹਾਂਦ ਤੋਂ 50 ਮੈਗਾਵਾਟ, ਕੋਸਟਲ ਗੁਜਰਾਤ ਪਾਵਰ ਲਿਮਟਿਡ, ਮਦੁਰਾ ਅਤੇ ਸਾਸ਼ਨ ਪਲਾਂਟ ਤੋਂ 50 ਮੈਗਾਵਾਟ ਬਿਜਲੀ ਪ੍ਰਾਪਤ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਪਾਵਰਕੌਮ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਪੰਜਾਬ ਦੀ ਬਿਜਲੀ ਪੂਰਤੀ ਲਈ ਸਮਰੱਥ ਹੈ। ਉਨ੍ਹਾਂ ਕਿਹਾ ਕਿ ਰੋਪੜ ਅਤੇ ਲਹਿਰਾ ਥਰਮਲ ਪਲਾਂਟਾਂ ਨੇ 21 ਜੂਨ 2018 ਨੂੰ 365.8  ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜਦੋਂ ਕਿ 21 ਜੂਨ 2017 ਨੂੰ ਇਹ ਉਤਪਾਦਨ 146.95 ਲੱਖ ਯੂਨਿਟ ਸੀ।

ਪ੍ਰਾਈਵੇਟ ਥਰਮਲ ਦੇ ਰਹੇ ਨੇ ਜ਼ਿਆਦਾ ਬਿਜਲੀ….

ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਨੇ ਵੱਧ ਮਾਤਰਾ ਵਿੱਚ ਬਿਜਲੀ ਦਾ ਉਤਪਾਦਨ ਕੀਤਾ ਹੈ।  ਬੈਂਕਿੰਗ ਪ੍ਰਣਾਲੀ ਅਧੀਨ 1700 ਮੈਗਾਵਾਟ ਬਿਜਲੀ ਉਪਲੱਬਧ ਕਰਵਾਉਣ ਲਈ ਪ੍ਰਬੰਧ ਕੀਤੇ ਹੋਏ ਹਨ। ਸਰਾਂ ਨੇ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੀ ਸਪਲਾਈ ਦੀ ਨਿਗਰਾਨੀ ਬੜੀ ਬਰੀਕੀ ਨਾਲ ਕੀਤੀ ਜਾ ਰਹੀ ਹੈ ਜੇਕਰ ਭਵਿੱਖ ‘ਚ ਬਿਜਲੀ ਦੀ ਹੋਰ ਮੰਗ ਦੀ ਜ਼ਰੂਰਤ ਪਈ ਤਾਂ ਸਾਰਟ ਟਰਮ ਖਰੀਦ ਸਮਝੋਤਿਆਂ ਰਾਂਹੀ ਬਿਜਲੀ ਦੇ ਪ੍ਰਬੰਧ ਕੀਤੇ ਜਾਣਗੇ।

ਦਿਹਾਤੀ ਖੇਤਰਾਂ ਵਿੱਚ ਕੱਟ ਸ਼ੁਰੂ…

ਇੱਧਰ ਦਿਹਾਤੀ ਖੇਤਰਾਂ ਵਿੱਚ ਬਿਜਲੀ ਕੱਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਜਦਕਿ ਪਾਵਰਕੌਮ ਬਿਜਲੀ ਕੱਟਾਂ ਤੋਂ ਇਨਕਾਰੀ ਹੋ ਰਹੀ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਦਿਨ ਵਿੱਚ ਕਈ ਘੰਟੇ ਬਿਜਲੀ ਗੁੱਲ ਹੋ ਰਹੀ ਹੈ ਜਦਕਿ ਰਾਤ ਵੇਲੇ ਵੀ ਅੱਧੇ ਘੰਟੇ ਤੋਂ ਵੱਧ ਦੇ ਕੱਟ ਲੱਗ ਰਹੇ ਹਨ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਈ ਕੱਟ ਨਹੀਂ ਲਗਾਏ ਜਾ ਰਹੇ।

LEAVE A REPLY

Please enter your comment!
Please enter your name here