‘ਦੇਸ਼ ਦੇ ਭੁੱਖੇ ਮਰ ਰਹੇ ਪਸ਼ੂਆਂ ਨੂੰ ਪਰਾਲੀ ਦਾ ਚਾਰਾ ਘਿਓ ਵਾਂਗ ਲੱਗੇਗਾ’
ਗੁਰਪ੍ਰੀਤ ਸਿੰਘ/ਸੰਗਰੂਰ।’ਇਨ੍ਹੀਂ ਦਿਨੀਂ ਪੰਜਾਬ ਸਮੇਤ ਹਰਿਆਣਾ, ਰਾਜਸਥਾਨ ਤੇ ਦਿੱਲੀ ਵਿਖੇ ਵਾਤਾਵਰਨ ਹੱਦ ਦਰਜ਼ੇ ਤੱਕ ਦੂਸ਼ਿਤ ਹੋ ਚੁੱਕਿਆ ਹੈ, ਜਿਸ ਦਾ ਸਿੱਧਾ ਸਬੰਧ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਜੁੜਿਆ ਹੋਇਆ ਹੈ। ਅਸੀਂ ਦੇਸ਼ ਦੇ ਲੋਕਾਂ ਨੂੰ ਇਸ ਸਮੱਸਿਆ ਨੂੰ ਪੱਕੇ ਤੌਰ ‘ਤੇ ਨਿਜਾਤ ਦਿਵਾ ਸਕਦੇ ਹਾਂ ਅਤੇ ਇਸ ਲਈ ਅਸੀਂ ਆਪਣੇ ਪੱਧਰ ‘ਤੇ ਯਤਨ ਵੀ ਆਰੰਭ ਕੀਤੇ ਹਨ।’ ਇਹ ਦਾਅਵਾ ਸੰਗਰੂਰ ਵਿਖੇ ਸਮਾਜ ਸੇਵੀ ਤੇ ਧਾਰਮਿਕ ਸਖਸ਼ੀਅਤ ਸਵਾਮੀ ਅੰਮ੍ਰਿਤਾਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਦੂਸ਼ਿਤ ਹੋਣ ਤੋਂ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਇਹ ਹੈ ਕਿ ਕਿਸਾਨਾਂ ਤੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਤੁਰੰਤ ਹੀ ਖਰੀਦਿਆ ਜਾਵੇ। ਬੇਸ਼ੱਕ ਇਹ ਚੁਣੌਤੀ ਪੂਰਨ ਕੰਮ ਹੈ ਪਰ ਅਸੀਂ ਇਸ ‘ਤੇ ਕੰਮ ਸ਼ੁਰੂ ਕਰ ਚੁੱਕੇ ਹਾਂ। Straw
ਅਸੀਂ ਪੰਜਾਬ ਦੇ ਸਭ ਤੋਂ ਵੱਧ ਝੋਨਾ ਪੈਦਾ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਵਿੱਚ ਇੱਕ ਪਰਾਲੀ ਬੈਂਕ ਖੋਲ੍ਹਿਆ ਹੈ, ਜਿੱਥੇ ਕਿਸਾਨਾਂ ਤੋਂ ਝੋਨੇ ਦੀ ਪਰਾਲੀ ਖਰੀਦ ਕੇ ਉਸ ਨੂੰ ਵੱਖ-ਵੱਖ ਥਾਈਂ ਗਊਸ਼ਾਲਾਵਾਂ ਵਿੱਚ ਪਹੁੰਚਾ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਗਊਸ਼ਾਲਾਵਾਂ ਵਿੱਚ ਪਰਾਲੀ ਦੀ ਬਹੁਤ ਵੱਡੇ ਪੱਧਰ ‘ਤੇ ਲੋੜ ਹੈ ਜਿੱਥੇ ਪੰਜਾਬ ਦੀ ਸਾਰੀ ਪਰਾਲੀ ਦਿੱਤੀ ਜਾ ਸਕਦੀ ਹੈ ਪਰ ਪੰਜਾਬ ਸਰਕਾਰ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਟਰਾਂਸਪੋਰਟ ਦੀ ਹੈ, ਜੇਕਰ ਸਰਕਾਰ ਇਹ ਹੱਲ ਕਰਵਾ ਦੇਵੇ ਤਾਂ ਕੁਝ ਹੀ ਸਮੇਂ ਵਿੱਚ ਪੰਜਾਬ ਵਿੱਚੋਂ ਸਾਰੀ ਪਰਾਲੀ ਚੁੱਕ ਕੇ ਦੂਜੇ ਸੂਬਿਆਂ ਵਿੱਚ ਅਸਾਨੀ ਨਾਲ ਭੇਜੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਇੱਕ ਵੱਡੀ ਮਸ਼ੀਨ ਉਪਲਬਧ ਹੈ, ਜਿਹੜੀ ਇੱਕ ਦਿਨ ਵਿੱਚ ਕਈ-ਕਈ ਏਕੜਾਂ ਦੀ ਪਰਾਲੀ ਇਕੱਠੀ ਕਰਕੇ ਉਨ੍ਹਾਂ ਨੂੰ ਗੱਠਾਂ ਦਾ ਰੂਪ ਦੇ ਸਕਦੀ ਹੈ। ਉਨ੍ਹਾਂ ਹੋਰ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਇੱਕ ਏਕੜ ਵਿੱਚੋਂ ਲਗਭਗ 30 ਕਵਿੰਟਲ ਪਰਾਲੀ ਨਿੱਕਲਦੀ ਹੈ, ਜਿਹੜੀ ਡੇਢ ਰੁਪਏ ਕਿੱਲੋ ਦੇ ਹਿਸਾਬ ਨਾਲ ਕਿਸਾਨ ਤੋਂ ਖਰੀਦ ਕੇ ਉਸ ਨੂੰ ਅੱਗੇ ਗਊਸ਼ਾਲਾਵਾਂ ਵਿੱਚ ਢਾਈ ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਸਕਦਾ ਹੈ। ਮੁਨਾਫ਼ੇ ਨਾਲ ਇਸ ਦੇ ਟਰਾਂਸਪੋਰਟ ਤੇ ਹੋਰ ਖਰਚੇ ਨਿੱਕਲ ਸਕਦੇ ਹਨ।
ਮਥਰਾ (ਯੂਪੀ) ਦੇ ਰਹਿਣ ਵਾਲੇ ਅੰਮ੍ਰਿਤਾਨੰਦ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਵੀ ਲਿਖਿਆ ਹੈ, ਜਿਸ ਵਿੱਚ ਲਿਖਿਆ ਗਿਆ ਕਿ ਜਿਹੜੀ ਪਰਾਲੀ ਫੂਕੀ ਜਾ ਰਹੀ ਹੈ ਉਹ ਪਰਾਲੀ ਨਹੀਂ ਪਸ਼ੂਆਂ ਦਾ ਚਾਰਾ ਹੈ ਕਿਉਂਕਿ ਅੱਜ ਦੇਸ਼ ਦੀਆਂ 10 ਲੱਖ ਗਊਆਂ ਭੁੱਖ ਨਾਲ ਮਰ ਰਹੀਆਂ ਹਨ, ਉਨ੍ਹਾਂ ਨੂੰ ਚਾਰੇ ਦਾ ਪ੍ਰਬੰਧ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇਹ ਚਾਰਾ ਉਨ੍ਹਾਂ ਗਊਆਂ ਤੱਕ ਪਹੁੰਚਦਾ ਹੋ ਜਾਵੇ ਤਾਂ ਦੇਸ਼ ਵਿੱਚ ਦੁੱਧ, ਦਹੀਂ, ਮੱਖਣ ਆਮੋ ਆਮ ਹੋ ਜਾਵੇਗਾ। ਉਨ੍ਹਾਂ ਤਾਂ ਇਹ ਵੀ ਕਿਹਾ ਕਿ ਮੈਂ ਪੰਜਾਬ ਸਰਕਾਰ ਨਾਲ ਸਮਝੌਤਾ (ਐਗਰੀਮੈਂਟ) ਕਰਨਾ ਚਾਹੁੰਦਾ ਹਾਂ ਕਿ ਜੇਕਰ ਪੰਜਾਬ ਸਰਕਾਰ ਸਹਿਯੋਗ ਕਰੇ ਤਾਂ ਅਸੀਂ ਇਹ ਪਰਾਲੀ ਪੰਜਾਬ ਤੋਂ ਗੁਜਰਾਤ, ਰਾਜਸਥਾਨ ਅਤੇ ਦਿੱਲੀ ਆਦਿ ਦੇ ਸੂਬਿਆਂ ਵਿੱਚ ਲਿਜਾ ਕੇ ਚਾਰੇ ਦੀ ਵਰਤੋਂ ਲਈ ਵੱਖ-ਵੱਖ ਗਊਸ਼ਾਲਾਵਾਂ ਵਿੱਚ ਭੇਜ ਸਕਦੇ ਹਾਂ।
ਇਸ ਮੌਕੇ ਉਨ੍ਹਾਂ ਨਾਲ ਮੌਜ਼ੂਦ ਡਾ. ਏ.ਐਸ. ਮਾਨ ਸਮਾਜ ਸੇਵੀ ਸੰਗਰੂਰ ਨੇ ਕਿਹਾ ਕਿ ਜਿਹੜਾ ਅਸੀਂ ਪਰਾਲੀ ਬੈਂਕ ਬਣਾਇਆ ਹੈ, ਉਸ ਵਿੱਚ 700 ਏਕੜ ਤੋਂ ਜ਼ਿਆਦਾ ਰਕਬੇ ਦੀ ਪਰਾਲੀ ਪਹੁੰਚ ਚੁੱਕੀ ਹੈ, ਜਿਨ੍ਹਾਂ ਨੂੰ ਗੱਠਾਂ ਬਣਵਾ ਕੇ ਵੱਖ-ਵੱਖ ਗਊਸ਼ਾਲਾਵਾਂ ਵਿੱਚ ਭੇਜ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਅਤੇ ਇਸ ਦੇ ਨਤੀਜੇ ਵਧੀਆ ਨਿੱਕਲਣਗੇ। ਇਸ ਮੌਕੇ ਉਨ੍ਹਾਂ ਨਾਲ ਸ: ਗੌਂਸਲ ਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਤੇ ਕਿਸਾਨ ਵੀ ਮੌਜ਼ੂਦ ਸਨ।
ਪਰਾਲੀ ਪਸ਼ੂਆਂ ਦੀ ਸਿਹਤ ਲਈ ਬਹੁਤ ਵਧੀਆ : ਅੰਮ੍ਰਿਤਾਨੰਦ
ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਾਨੰਦ ਨੇ ਕਿਹਾ ਕਿ ਪਰਾਲੀ ਦਾ ਚਾਰਾ ਪਸ਼ੂਆਂ ਦੀ ਸਿਹਤ ਲਈ ਬਹੁਤ ਵਧੀਆ ਹੈ ਮੈਂ ਆਪਣੇ ਕੋਲ ਇੱਕ ਗਾਂ ਰੱਖੀ ਹੋਈ ਹੈ ਜਿਹੜੀ ਬਾਰਾਂ ਸਾਲ ਤੋਂ ਪਰਾਲੀ ਦਾ ਚਾਰਾ ਖਾ ਕੇ ਚੰਗਾ ਦੁੱਧ ਦੇ ਰਹੀ ਹੈ ਇਸ ਬਾਰੇ ਸਿਰਫ਼ ਗੱਲਾਂ ਹੀ ਹਨ ਕਿ ਪਰਾਲੀ ਵਿੱਚ ਜ਼ਹਿਰੀਲੇ ਪਦਾਰਥ ਮਿਲੇ ਹੁੰਦੇ ਹਨ ਭੁੱਖੇ ਪਸ਼ੂ ਕਵਿੰਟਲਾਂ ਦੇ ਹਿਸਾਬ ਨਾਲ ਪਰਾਲੀ ਦਾ ਚਾਰਾ ਇੱਕ ਦਿਨ ਵਿੱਚ ਖਾ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।