
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੇ 8 ਜ਼ਿਲ੍ਹੇ ਭਿਆਨਕ ਹੜ੍ਹਾਂ ਦੀ ਲਪੇਟ ’ਚ ਆ ਗਏ ਹਨ। ਰਾਵੀ ਦਰਿਆ ’ਚ ਪਾਣੀ ਵਧਣ ਕਾਰਨ ਬੁੱਧਵਾਰ ਨੂੰ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦੇ ਚਾਰ ਗੇਟ ਟੁੱਟ ਗਏ, ਜਿਸ ਕਾਰਨ ਉੱਥੇ ਤਾਇਨਾਤ 50 ਕਰਮਚਾਰੀ ਫਸ ਗਏ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ’ਚ ਰਾਤ ਤੋਂ ਫਸੇ 381 ਵਿਦਿਆਰਥੀਆਂ ਅਤੇ 70 ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਹ ਖਬਰ ਵੀ ਪੜ੍ਹੋ : Punjab Flood Alert: ਰਮਦਾਸ ਦੇ ਇਲਾਕੇ ‘ਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਪਹੁੰਚੀ
ਦੂਜੇ ਪਾਸੇ, ਪਾਕਿਸਤਾਨ ਵਿੱਚ ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਤੇ ਕਰਤਾਰਪੁਰ ਲਾਂਘੇ ’ਚ ਪਾਣੀ ਭਰ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਾਕਿਸਤਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਦਰਬਾਰ ਸਮੇਤ ਪੂਰੇ ਕੰਪਲੈਕਸ ਵਿੱਚ ਕਈ ਫੁੱਟ ਪਾਣੀ ਦਾਖਲ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਹੜ੍ਹ ਪ੍ਰਭਾਵਿਤ ਪਿੰਡ ਫਿਰੋਜ਼ਪੁਰ ਦਾ ਦੌਰਾ ਕਰਨਗੇ। ਮਾਨ ਸਰਹੱਦੀ ਪਿੰਡ ਬਰੇਕੇ ’ਚ ਸਥਾਪਤ ਰਾਹਤ ਕੈਂਪ ’ਚ ਲੋਕਾਂ ਨੂੰ ਮਿਲਣਗੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ। Punjab Natural Disaster
ਉਹ ਦੁਪਹਿਰ 12 ਵਜੇ ਤੱਕ ਪਹੁੰਚਣਗੇ। ਫਿਰੋਜ਼ਪੁਰ ਵਿੱਚ ਸਰਹਿੰਦ ਨਹਿਰ ’ਤੇ ਬਣਿਆ ਪੁਲ ਟੁੱਟ ਗਿਆ ਹੈ, ਜਿਸ ਕਾਰਨ ਕਈ ਪਿੰਡ ਸੰਪਰਕ ਤੋਂ ਕੱਟ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਠਾਨਕੋਟ ਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਉੱਥੇ ਛੱਡਿਆ ਤਾਂ ਜੋ ਲੋਕਾਂ ਨੂੰ ਬਚਾਉਣ ਲਈ ਇਸਦੀ ਵਰਤੋਂ ਕੀਤੀ ਜਾ ਸਕੇ। ਪੰਜਾਬ ’ਚ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ 200 ਤੋਂ ਵੱਧ ਪਿੰਡ ਡੁੱਬ ਗਏ ਹਨ। Punjab Natural Disaster
ਐਨਡੀਆਰਐਫ, ਐਸਡੀਆਰਐਫ ਤੇ ਫੌਜ ਇੱਥੇ ਬਚਾਅ ਕਾਰਜਾਂ ’ਚ ਰੁੱਝੀ ਹੋਈ ਹੈ। ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟਣ ਤੋਂ ਬਾਅਦ ਸਿੰਚਾਈ ਵਿਭਾਗ ਦਾ ਕਰਮਚਾਰੀ ਵਿਨੋਦ ਕੁਮਾਰ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ ਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਪਠਾਨਕੋਟ ’ਚ ਸ਼ਾਹਪੁਰ ਕੰਢੀ ਵੱਲ ਰਣਜੀਤ ਸਾਗਰ ਡੈਮ ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਸੁਜਾਨਪੁਰ ’ਚ ਹੜ੍ਹ ਨੇ ਕਈ ਘਰਾਂ ਤੇ ਜੰਮੂ-ਕਸ਼ਮੀਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਰਾਵੀ ਉੱਤੇ ਬਣੇ ਰੇਲਵੇ ਪੁਲ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਹੈ। ਕਠੂਆ-ਪਠਾਨਕੋਟ ਪੁਲ ’ਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ। Punjab Natural Disaster
ਸੁਜਾਨਪੁਰ ਦੇ ਅਤੇਪੁਰ ਇਲਾਕੇ ’ਚ, ਜਗਤਾਰ ਨਾਂਅ ਦਾ ਇੱਕ ਵਿਅਕਤੀ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ। ਪਠਾਨਕੋਟ ਦੇ ਡੀਸੀ ਆਦਿੱਤਿਆ ਉੱਪਲ, ਐਸਪੀ ਦਲਜਿੰਦਰ ਸਿੰਘ ਨੇ ਕਿਹਾ ਕਿ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਸੁਜਾਨਪੁਰ ਵਿੱਚ ਨਹਿਰਾਂ ਟੁੱਟ ਗਈਆਂ ਹਨ। ਹੁਸ਼ਿਆਰਪੁਰ ’ਚ, ਟਾਂਡਾ ਉਡਮੁਰ ਦੇ ਸਲੇਮਪੁਰ ਮੰਡ ਇਲਾਕੇ ’ਚ ਬਿਆਸ ਦਰਿਆ ਦੇ ਹੜ੍ਹ ’ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਲਾਲਪੁਰ ਨਿਵਾਸੀ ਜੈਲਾ ਆਪਣੇ ਦੋ ਸਾਥੀਆਂ ਨਾਲ ਬਿਆਸ ਦਰਿਆ ਦੇ ਹੜ੍ਹ ’ਚ ਫਸੇ ਕੁਝ ਲੋਕਾਂ ਦੀ ਮਦਦ ਲਈ ਪਾਣੀ ’ਚ ਉਤਰਿਆ ਸੀ। Punjab Natural Disaster
ਉਸਦੀ ਲਾਸ਼ ਦੁਪਹਿਰ 3 ਵਜੇ ਦੇ ਕਰੀਬ ਪਾਣੀ ’ਚੋਂ ਬਾਹਰ ਕੱਢੀ ਗਈ। ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਫੌਜ ਲੋਕਾਂ ਲਈ ਦੂਤ ਬਣ ਗਈ ਹੈ। ਫੌਜ ਦੇ ਨਾਲ-ਨਾਲ ਬੀਐਸਐਫ ਤੇ ਸੀਆਰਪੀਐਫ ਨੇ ਵੀ ਜ਼ਿੰਮੇਵਾਰੀ ਸੰਭਾਲ ਲਈ ਹੈ। ਇਸ ਸਮੇਂ, ਰਾਹਤ ਕਾਰਜਾਂ ’ਚ 13 ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਰਾਹਤ ਕਾਰਜਾਂ ਦੌਰਾਨ, ਫੌਜ ਨੇ ਰੁਦਰ ਹੈਲੀਕਾਪਟਰ ਤੋਂ ਬਾਅਦ ਚਿਨੂਕ (ਬੋਇੰਗ ਸੀਐਚ-47) ਵੀ ਤਾਇਨਾਤ ਕੀਤਾ ਹੈ। ਹੁਣ ਤੱਕ ਫੌਜ, ਬੀਐਸਐਫ ਤੇ ਸੀਆਰਪੀਐਫ ਦੇ ਜਵਾਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੜ੍ਹਾਂ ’ਚ ਫਸੇ 720 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। Punjab Natural Disaster
ਅੰਮ੍ਰਿਤਸਰ ’ਚ ਪਾਣੀ ਦਾ ਪੱਧਰ ਵੱਧਣ ਕਾਰਨ 40 ਤੋਂ ਜ਼ਿਆਦਾ ਪਿੰਡਾਂ ’ਚ ਪਾਣੀ ਭਰਿਆ
ਲਗਾਤਾਰ ਮੀਂਹ ਤੇ ਰਾਵੀ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਅੰਮ੍ਰਿਤਸਰ ਦੇ 40 ਤੋਂ ਵੱਧ ਪਿੰਡ ਪਾਣੀ ’ਚ ਡੁੱਬ ਗਏ ਹਨ। ਵੀਰਵਾਰ ਨੂੰ ਫੌਜ ਨੇ ਜ਼ਿੰਮੇਵਾਰੀ ਸੰਭਾਲੀ ਤੇ ਹੜ੍ਹ ਪ੍ਰਭਾਵਿਤ ਪਿੰਡਾਂ ਤੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਡੀਸੀ ਸਾਕਸ਼ੀ ਸਾਹਨੀ ਨੇ ਵੀਰਵਾਰ ਸਵੇਰੇ 4 ਵਜੇ ਬਚਾਅ ਕਾਰਜਾਂ ਦਾ ਜਾਇਜ਼ਾ ਵੀ ਲਿਆ। ਡੀਸੀ ਨੇ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਲਗਭਗ 40 ਪਿੰਡ ਪ੍ਰਭਾਵਿਤ ਹੋਏ ਹਨ। ਬਹੁਤ ਸਾਰੇ ਲੋਕ ਉਨ੍ਹਾਂ ’ਚ ਫਸੇ ਹੋਏ ਹਨ। ਪਰ ਬਚਾਅ ਟੀਮ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ’ਚ ਲਗਾਤਾਰ ਲੱਗੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਵੀ ਸਖ਼ਤ ਪ੍ਰਬੰਧ ਕਰ ਰਿਹਾ ਹੈ।