ਜ਼ਬਰ ਜਨਾਹ ਮਾਮਲਾ : ਬਰਨਾਲਾ ਦੇ ਵਕੀਲ ਨਹੀਂ ਲੜਨਗੇ ਮੁਲਜ਼ਮ ਦਾ ਕੇਸ : ਐਸੋਸੀਏਸ਼ਨ ਪ੍ਰਧਾਨ

ਐਡਵੋਕੇਟ ਰਾਜਦੇਵ ਸਿੰਘ ਖਾਲਸਾ ਮੁਫ਼ਤ ‘ਚ ਲੜਨਗੇ ਪੀੜਤ ਬੱਚੀ ਦਾ ਕੇਸ

ਬਰਨਾਲਾ, (ਜਸਵੀਰ ਸਿੰਘ ਗਹਿਲ) ਜ਼ਿਲ੍ਹਾ ਬਰਨਾਲਾ ਦੇ ਪਿੰਡ ਇੱਕ ਪਿੰਡ ‘ਚ ਬੁੱਧਵਾਰ ਨੂੰ ਚਾਰ ਸਾਲਾ ਮਾਸੂਮ ਬੱਚੀ ਨਾਲ ਹੋਏ ਜ਼ਬਰ ਜਨਾਹ ਦੇ ਮੁਲਜ਼ਮ ਦਾ ਕੇਸ ਜ਼ਿਲ੍ਹੇ ਦਾ ਕੋਈ ਵਕੀਲ ਵੀ ਨਹੀਂ ਲੜੇਗਾ ਤੇ ਮੁਲਜ਼ਮ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ। ਇਹ ਗੱਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਐਡਵੋਕੇਟ ਗੁਰਬਿੰਦਰ ਸਿੰਘ ਗਿੰਦੀ ਨੇ ਸਥਾਨਕ ਸਿਵਲ ਹਸਪਤਾਲ ‘ਚ ਪੀੜਤ ਪਰਿਵਾਰ ਨੂੰ ਮਿਲਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ।

ਉਨ੍ਹਾਂ ਕਿਹਾ ਕਿ ਮੁਲਜ਼ਮ ਵੱਲੋਂ ਕੀਤੀ ਗਈ ਇਹ ਕਰਤੂਤ ਹੱਦ ਦਰਜ਼ੇ ਦੀ ਘਟੀਆ ਹੈ, ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਇਸ ਲਈ ਉਹ ਖੁਦ ਬਿਨਾ ਕਿਸੇ ਫੀਸ ਦੇ ਪੀੜਤਾ ਨੂੰ ਇਨਸਾਫ਼ ਤੇ ਮੁਲਜ਼ਮ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਪੀੜਤ ਬੱਚੀ ਦਾ ਕੇਸ ਲੜਨਗੇ ਤੇ ਇਸ ਤੋਂ ਇਲਾਵਾ ਸ਼੍ਰੋਮਣੀ ਡੈਮੋਕ੍ਰੇਟਿਕ ਦੇ ਸੂਬਾ ਪ੍ਰਧਾਨ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਮਿਲੇ ਕੇ ਪੀੜਤਾ ਨੂੰ ਆਰਥਿਕ ਸਹਾਇਤਾ ਵੀ ਦਿਵਾਉਣਗੇ।

ਇਸ ਮੌਕੇ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸ਼੍ਰੋਮਣੀ ਡੈਮੋਕ੍ਰੇਟਿਕ ਦੇ ਪੰਜਾਬ ਪ੍ਰਦੇਸ਼ ਵਪਾਰ ਵਿੰਗ ਦੇ ਪੰਜਾਬ ਪ੍ਰਧਾਨ ਮਨੂੰ ਜਿੰਦਲ ਆਦਿ ਵੀ ਹਾਜ਼ਰ ਸਨ। ਇਸ ਦੇ ਨਾਲ ਹੀ ਜਿੱਥੇ ਸਾਬਕਾ ਪਾਰਲੀਮੈਂਟ ਮੈਂਬਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਵੀ ਘਟਨਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੀੜਤਾ ਦਾ ਕੇਸ ਮੁਫ਼ਤ ਲੜਨ ਦਾ ਐਲਾਨ ਕੀਤਾ ਹੈ ਉੱਥੇ ਹੀ ਪਿੰਡ ਵਾਸੀਆਂ ਨੇ ਇੱਕ ਐਕਸ਼ਨ ਕਮੇਟੀ ਦਾ ਵੀ ਗਠਨ ਕੀਤਾ ਹੋ ਜੋ ਪੀੜਤ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਚਾਰਾਜੋਈ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.