ਪ੍ਰੋ. ਬੇਅੰਤ ਬਾਜਵਾ
ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਪੰਜਾਬੀ ਗਲਪ ਦਾ ਹਾਸਲ ਸਨ। ਉਨ੍ਹਾਂ ਦਾ ਜਨਮ ਇੰਦਰ ਰਾਮ ਦੇ ਘਰ ਮਾਤਾ ਸੋਧਾਂ ਦੀ ਕੁੱਖੋਂ 28 ਅਗਸਤ 1932 ਨੂੰ ਪਿੰਡ ਧੌਲਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਵਿਖੇ ਹੋਇਆ। ਅਣਖੀ ਨੇ ਆਪਣੀ ਚੌਥੀ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ (ਪਾਣੀ ਵਾਲਾ) ਤੋਂ ਹਾਸਲ ਕੀਤੀ। ਉਨ੍ਹਾਂ ਬਾਕੀ ਦੀ ਪੜ੍ਹਾਈ ਹੰਡਿਆਇਆ, ਬਰਨਾਲਾ ਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ।
ਉਨ੍ਹਾਂ ਨੇ ਸਾਹਿਤਿਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ। ਉਨ੍ਹਾਂ ਦੇ ਦੋ ਕਾਵਿ-ਸੰਗ੍ਰਹਿ, 250 ਤੋਂ ਵੱਧ ਕਹਾਣੀਆਂ ਪ੍ਰਕਾਸ਼ਿਤ ਹੋਈਆਂ। ਸ੍ਰੀ ਅਣਖੀ ਦਾ ਪਹਿਲਾ ਨਾਵਲ ‘ਪਰਦਾ ਤੇ ਰੌਸ਼ਨੀ’ ਲੋਕ ਕਚਹਿਰੀ ਵਿਚ ਆਇਆ। ਪਰ ਅਣਖੀ ਹੋਰਾਂ ਦੀ ਨਾਵਲਕਾਰ ਦੇ ਤੌਰ ’ਤੇ ਪਛਾਣ ‘ਕੋਠੇ ਖੜਕ ਸਿੰਘ’ ਨਾਲ ਹੋਈ। ਇਸੇ ਨਾਵਲ ਨੂੰ ਹੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਪੰਜਾਬੀ ਸਾਹਿਤ ਦੀ ਝੋਲੀ 16 ਨਾਵਲ ਤੇ 14 ਕਹਾਣੀ ਸੰਗ੍ਰਹਿ ਅਤੇ ਕਈ ਵਾਰਤਕ ਪੁਸਤਕਾਂ ਪਾਉਣ ਵਾਲੇ ਅਣਖੀ ਦੇ ਨਾਵਲ ਸਲਫਾਸ, ਢਿੱਡ ਦੀ ਆਂਦਰ, ਪ੍ਰਤਾਪੀ, ਦੁੱਲੇ ਦੀ ਢਾਬ, ਆਦਿ ਨਾਵਲ ਸਾਹਿਤਿਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਰਹੇ ਹਨ।
ਪਿੰਡਾਂ ਬਾਰੇ ਉਨ੍ਹਾਂ ਦੀ ਕਿਤਾਬ ‘ਹੱਡੀਂ ਬੈਠੇ ਪਿੰਡ’ ਅਤੇ ਵਿੱਛੜ ਚੁੱਕੇ ਦੋਸਤਾਂ ਬਾਰੇ ਲਿਖੀ ਕਿਤਾਬ ‘ਮੋਏ ਮਿੱਤਰਾਂ ਦੀ ਸ਼ਖਾਨਤ’ ਵੀ ਕਾਫੀ ਚਰਚਾ ’ਚ ਹਨ। ਅਣਖੀ ਜੀ ਉੱਘੇ ਨਾਵਲਕਾਰ ਹੋਣ ਦੇ ਨਾਲ ਚੰਗੇ ਕਾਲਮ ਨਵੀਸ ਵੀ ਸਨ। ਪੰਜਾਬੀ ਦੇ ਚਰਚਿਤ ਅਖ਼ਬਾਰਾਂ ’ਚ ਉਨ੍ਹਾਂ ਦੇ ਕਾਲਮ ਛਪਦੇ ਰਹੇ ਹਨ। ਲੇਖਕ ਦੋਸਤਾਂ ਦੀਆਂ ਪਤਨੀਆਂ ਬਾਰੇ ਉਨ੍ਹਾਂ ਦਾ ਬਹੁਚਰਚਿਤ ਕਾਲਮ ‘ਮੈਂ ਤਾਂ ਬੋਲਾਂਗੀ’ ਨੇ ਕਾਫੀ ਨਾਮਣਾ ਖੱਟਿਆ। ਉਨ੍ਹਾਂ ਨੇ ‘ਕਹਾਣੀ ਪੰਜਾਬ’ ਦੀ ਪ੍ਰਕਾਸ਼ਨਾ 1993 ਤੋਂ ਸ਼ੁਰੂ ਕੀਤੀ। ਕਹਾਣੀ ਪੰਜਾਬ ਦੀ ਪਹਿਲੀ ਸੰਪਾਦਕੀ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਕਹਾਣੀ ਪੰਜਾਬ ਬੰਦ ਹੋਣ ਲਈ ਛਪਦਾ ਹੈ। ਇਸ ਦੇ ਸੌ ਅੰਕ ਜ਼ਰੂਰ ਛਾਪਾਂਗੇ। ਉਨ੍ਹਾਂ ਦੇ ਤੁਰ ਜਾਣ ਪਿੱਛੋਂ ਅੱਜ-ਕੱਲ੍ਹ ਇਸ ਰਸਾਲੇ ਦੀ ਸੰਪਾਦਨਾ ਅਣਖੀ ਦੇ ਸਪੁੱਤਰ ਅਲੀਗੜ ਯੂਨੀਵਰਸਿਟੀ ਦੇ ਪ੍ਰੋ. ਕ੍ਰਾਂਤੀ ਪਾਲ ਕਰ ਰਹੇ ਹਨ। ਕਹਾਣੀ ਪੰਜਾਬ ਮੈਗਜੀਨ ਦਾ ਸੌਵਾਂ ਅੰਕ ਵੀ ਲੋਕ-ਅਰਪਣ ਹੋ ਚੁੱਕਾ ਹੈ ਜੋ ਅਣਖੀ ਜੀ ਦੀ ਜਨਮ ਭੋਇੰ ਪਿੰਡ ਧੌਲਾ ਵਿਖੇ ਕੀਤਾ ਗਿਆ ਹੈ।
ਅਣਖੀ ਦੀ ‘ਸੁੱਤਾ ਨਾਗ’ ਚਰਚਿਤ ਕਹਾਣੀ ’ਤੇ ਸ਼ਾਇਰ ਅਮਰਦੀਪ ਗਿੱਲ ਵੱਲੋਂ ਟੈਲੀਫਿਲਮ ਦਾ ਨਿਰਮਾਣ ਵੀ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਕਹਾਣੀ ‘ਸਾਈਕਲ ਦੌੜ’ ਅਤੇ ‘ਖਾਰਾ ਦੁੱਧ’ ਜੋ ਦੂਰਦਰਸ਼ਨ ਤੇ ਆ ਚੁੱਕੀਆਂ ਹਨ ਨੇ ਵੀ ਦਰਸ਼ਕਾਂ ਅਤੇ ਪਾਠਕਾਂ ਦੇ ਮਨਾਂ ਅੰਦਰ ਡੂੰਘੀ ਥਾਂ ਬਣਾਈ ਹੈ। ‘ਮਲ਼੍ਹੇ ਝਾੜੀਆਂ’ ਸਾਹਿਤਿਕ ਸਵੈ-ਜੀਵਨੀ ਤੋਂ ਅਣਖੀ ਦੇ ਜੀਵਨ ਅਤੇ ਸਾਹਿਤ ਬਾਰੇ ਵਿਸਥਾਰ ਵਿਚ ਜਾਣਿਆ ਜਾ ਸਕਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿਚ ਪੇਂਡੂ ਲੋਕਾਂ ਦੇ ਦੁੱਖ-ਸੁਖ ਅਤੇ ਪੰਜਾਬ ਦੀ ਕਿਸਾਨੀ ਦੀ ਹਾਲਤ ਸਾਫ ਝਲਕਦੀ ਹੈ। ਸ੍ਰੀ ਅਣਖੀ ਦੀ ਤੁਲਨਾ ਵਿਸ਼ਵ ਪ੍ਰਸਿੱਧ ਲੇਖਕ ਥਾਮਸ ਆਰਡੀ ਨਾਲ ਕੀਤੀ ਜਾਂਦੀ ਹੈ।
ਸਾਹਿਤ ਅਕਾਦਮੀ ਪੁਰਸਕਾਰ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਵੀ ਰਾਮ ਸਰੂਪ ਅਣਖੀ ਨੂੰ ਤਿੰਨ ਵਾਰ ਸਨਮਾਨਿਆ ਜਾ ਚੁੱਕਾ ਹੈ, ਜਦਕਿ ਭਾਰਤੀ ਕਲਾ ਪ੍ਰੀਸ਼ਦ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਵੀ ਉਨ੍ਹਾਂ ਦੀ ਝੋਲੀ ਪਏ ਹਨ। ਇਨ੍ਹਾਂ ਸਨਮਾਨਾਂ ਤੋਂ ਇਲਾਵਾ ਅਣਖੀ ਨੂੰ ਬਾਬਾ ਫਰੀਦ ਜੀ ਐਵਾਰਡ ਦੇ ਨਾਲ-ਨਾਲ ਕਈ ਵੱਡੇ ਪੁਰਸਕਾਰ ਮਿਲੇ। ਦੱਸਣਯੋਗ ਗੱਲ ਇਹ ਹੈ ਕਿ ਅਣਖੀ ਨੂੰ ਹਿੰਦੀ ਸਾਹਿਤ ਸੰਸਾਰ ਵਿਚ ਵੀ ਓਨਾ ਹੀ ਜਾਣਿਆ ਜਾਂਦਾ ਹੈ ਜਿੰਨਾ ਪੰਜਾਬੀ ਵਿਚ। ਅਣਖੀ ਨੇ ਆਪਣੇ ਨਾਵਲਾਂ ਵਿਚ ਪੇਂਡੂ ਸਮਾਜ ਦੀ ਟੁੱਟ-ਭੱਜ, ਪੰਜਾਬ ਦੀ ਕਿਰਸਾਨੀ ਅਤੇ ਰਿਸ਼ਤਿਆਂ ਵਿਚ ਆਏ ਨਿਘਾਰ ਨੂੰ ਬਾਖ਼ੂਬੀ ਚਿਤਰਿਆ ਹੈ। 14 ਫਰਵਰੀ 2010 ਨੂੰ ਆਪਣੇ ਨਾਵਲ ਨੂੰ ਅੰਤਿਮ ਛੋਹਾਂ ਦਿੰਦਿਆਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਹਰ ਸਾਲ 28 ਅਗਸਤ ਵਾਲੇ ਦਿਨ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵੱਲੋਂ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ।
ਪ੍ਰਧਾਨ, ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ.) ਧੌਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।