ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀ ਗਰਜ਼ੇ, ਫੀਸਾਂ ਦੇ ਵਾਧੇ ਖਿਲਾਫ਼ ਕੱਢੀ ਰੈਲੀ

Rally in Punjabi University Sachkahoon

ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀ ਗਰਜ਼ੇ, ਫੀਸਾਂ ਦੇ ਵਾਧੇ ਖਿਲਾਫ਼ ਕੱਢੀ ਰੈਲੀ

25 ਅਕਤੂਬਰ ਤੋਂ ਵਾਇਸ-ਚਾਂਸਲਰ ਦਫਤਰ ਅੱਗੇ ਪੱਕੇ ਮੋਰਚੇ ਦਾ ਐਲਾਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਜ ਛੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਧੀਆਂ ਫੀਸਾਂ ਖਿਲਾਫ਼ ਆਪਣਾ ਰੋਸ ਪ੍ਰਦਸ਼ਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਚਿਤਾਵਨੀ ਰੈਲੀ ਕੱਢਦਿਆ 25 ਅਕਤੂਬਰ ਤੋਂ ਵਾਇਸ ਚਾਂਸਲਰ ਦੇ ਦਫ਼ਤਰ ਅੱਗੇ ਪੱਕੇ ਮੋਰਚੇ ਦਾ ਐਲਾਨ ਕਰ ਦਿਤਾ ਗਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੋਰਸ ਫੀਸਾਂ ਵਿੱਚ ਵਾਧਾ 3.4 ਫੀਸਦੀ ਤੋਂ ਲੈ ਕੇ 109 ਫੀਸਦੀ ਤੱਕ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਅੱਜ ਏਆਈਐੱਸਐੱਫ, ਐੱਸਐੱਫਆਈ, ਪੀਐੱਸਯੂ, ਪੀਐੱਸਯੂ (ਲਲਕਾਰ), ਡੀਐੱਸਓ ਅਤੇ ਪੀਆਰਐੱਸਯੂ ਦੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ, ਜੋ ਕਿ ਵੱਡੇ ਇਕੱਠ ’ਚ ਤਬਦੀਲ ਹੋ ਗਿਆ। ਵਿਦਿਆਰਥੀਆਂ ਨੇ ਵਾਇਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਭਾਰੀ ਇੱਕਠ ਕਰਕੇ ਆਪਣੀ ਗੱਲ ਰੱਖੀ ਅਤੇ ਫੀਸਾਂ ਦੇ ਵਾਧੇ ਖਿਲਾਫ਼ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ। ਇਸ ਮੌਕੇ ਆਗੁੂਆਂ ਵਰਿੰਦਰ ਖੁਰਾਣਾ, ਅਮਿ੍ਰਤਪਾਲ ਸਿੰਘ, ਪਰਮਿੰਦਰ ਕੌਰ, ਸੰਦੀਪ, ਬਲਕਾਰ ਸਿੰਘ ਅਤੇ ਰਸ਼ਪਿੰਦਰ ਜਿੰਮੀ ਰੈਲੀ ਨੇ ਕਿਹਾ ਕਿ ਸਾਡੇ ਵੱਲੋਂ ਵਾਰ-ਵਾਰ ਯੂਨੀਵਰਸਿਟੀ ਪ੍ਰਸਾਸ਼ਨ ਦੇ ਧਿਆਨ ’ਚ ਆਪਣੀਆਂ ਮੰਗਾਂ ਲਿਆਂਦੀਆਂ ਗਈ ਹਨ ਪਰ ਪ੍ਰਸ਼ਾਸਨ ਇਨ੍ਹਾਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਦੀਆਂ ਕੋਰਸ ਫੀਸਾਂ ’ਚ ਵਾਧਾ 3.4% ਤੋਂ ਲੈ ਕੇ 109% ਤੱਕ ਦਾ ਹੈ। ਇਸਦੇ ਨਾਲ ਹੀ ਹੋਸਟਲ ਦੀਆਂ ਫੀਸਾਂ ’ਚ ਵਾਧਾ ਹੋਇਆ, ਜਿਸ ਵਿੱਚ ਮੈੱਸ ਸਿਕਿਊਰਿਟੀ ਤੱਕ ਸ਼ਾਮਲ ਹੈ ਜੋ 7000 ਰੁਪਏ ਕਰ ਦਿੱਤੀ ਗਈ ਹੈ।

ਹਰੇਕ ਤਰ੍ਹਾਂ ਦੇ ਫਾਰਮਾਂ ਦੀ ਫੀਸ ਵਧਾਈ ਗਈ ਹੈ। ਯੂਨੀਵਰਸਿਟੀ ਕੈਂਪਸ ਦੀਆਂ ਫੀਸਾਂ ਤੋਂ ਬਿਨਾ ਇਸ ਦੇ ਕੰਸਟੀਚਿਊਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਤੇ ਰਿਜਨਲ ਸੈਂਟਰਾਂ ਦੇ ਕੋਰਸਾਂ ਦੀਆਂ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਨੀਤੀ 2020 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜ-ਸਾਲਾ ਅੰਤਰ ਅਨੁਸਾਸ਼ਨੀ ਕੋਰਸਾਂ ਕਾਇਮ ਕਰਨ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿੱਚ ਨਾ ਸਿਰਫ਼ ਫੀਸ ਬਾਕੀ ਕੋਰਸਾਂ ਨਾਲੋਂ ਬਹੁਤ ਜ਼ਿਆਦਾ ਹੈ ਬਲਕਿ ਇੱਕੋ ਕੋਰਸ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਦਾਖਲ ਕਰਕੇ ਉਹਨਾਂ ਨੂੰ ਇੱਕੋਂ ਕਲਾਸ-ਰੂਮ ਵਿੱਚ ਪੜ੍ਹਾਉਣ ਦਾ ਅਮਲ ਵਰਤ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਦਾਅ ਉੱਤੇ ਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਸਟਲ ਦੀ ਘਾਟ ਪੰਜਾਬੀ ਯੂਨੀਵਰਸਿਟੀ ’ਚ ਬੜੇ ਵੱਡੇ ਪੱਧਰ ’ਤੇ ਹੈ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ, ਲੜਕੀਆਂ ਦੇ ਹੋਸਟਲਾਂ ’ਚ ਕਮਰਿਆਂ ਦੀ ਸਮਰੱਥਾ ਤੋਂ ਦੁੱਗਣੀ-ਤਿੱਗਣੀ ਹੈ ਅਤੇ ਬੁਨਿਆਦੀ ਸਹੂਲਤਾਂ ਵੀ ਨਹੀਂ।

ਵਿਦਿਆਰਥੀਆਂ ਆਗੂਆਂ ਨੇ ਆਪਣੀਆਂ ਮੰਗਾਂ ਬਾਰੇ ਵਾਇਸ-ਚਾਂਸਲਰ ਡਾ. ਅਰਵਿੰਦ ਨੂੰ ਮੰਗ-ਪੱਤਰ ਸੌਂਪਿਆ ਗਿਆ। ਇਸ ਦੌਰਾਨ ਵਿਦਿਆਰਥੀ ਆਗੂਆਂ ਨੇ ਮੰਗਾਂ ਪੂਰੀਆਂ ਨਾ ਹੋਣ ਦੇ ਇਵਜ਼ ਵਜੋਂ 25 ਅਕਤੂਬਰ ਤੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਿ੍ਰਸ਼ਟੀ, ਪਿ੍ਰਤਪਾਲ ਸਿੰਘ, ਰਾਹੁਲ, ਲਵਪ੍ਰੀਤ, ਸੁਖਨ, ਅਰਸ਼, ਗੌਰਵ, ਨੀਤੂ, ਗੁਰਪ੍ਰੀਤ, ਨਵਜੋਤ, ਹਰਪ੍ਰੀਤ, ਗੁਰਵਿੰਦਰ, ਪੁਸ਼ਪਿੰਦਰ, ਨੇਹਾ, ਗੁਰਪ੍ਰੀਤ, ਅਰਸ਼, ਗੁਰਦਾਸ, ਰਾਜਵੀਰ, ਲਖਵਿੰਦਰ ਆਦਿ ਮੌਜ਼ੂਦ ਸਨ।

ਇਹ ਨੇ ਵਿਦਿਆਰਥੀਆਂ ਦੀਆਂ ਮੰਗਾਂ

ਕੋਰਸ, ਹੋਸਟਲ, ਪ੍ਰੀਖਿਆ, ਫਾਰਮ ਫੀਸਾਂ ਤੇ ਹੋਸਟਲ ਮੈਸ ਸਿਕਿਉਰਿਟੀ ਸਮੇਤ ਹੋਰ ਵਾਧਾ ਤਰੁੰਤ ਵਾਪਸ ਲਿਆ ਜਾਵੇ। ਨਵੇਂ ਸ਼ੁਰੂ ਕੀਤੇ ਪੰਜ ਸਾਲਾ ਅੰਤਰ-ਅਨੁਸਾਸ਼ਨੀ ਕੋਰਸਾਂ ਦੀਆਂ ਫੀਸਾਂ ਨਜਾਇਜ਼ ਹਨ। ਇਹਨਾਂ ਨੂੰ ਘਟਾ ਕੇ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਬਰਾਬਰ ਕੀਤਾ ਜਾਵੇ। ਵਿਦਿਆਰਥੀਆਂ ਲਈ ਤੁਰੰਤ ਨਵੇਂ ਹੋਸਟਲਾਂ ਦੀ ਉਸਾਰੀ ਕੀਤੀ ਜਾਵੇ। ਪੀਐੱਚ.ਡੀ ਦੀਆਂ ਸਾਰੀਆਂ ਨੋਟੀਫਾਈਡ ਸੀਟਾਂ ਭਰੀਆਂ ਜਾਣ ਅਤੇ ਐੱਮ.ਫਿਲ ਦਾ ਕੋਰਸ ਚਾਲੂ ਰੱਖਿਆ ਜਾਵੇ। ਗੈਸਟ ਫੈਕਲਟੀ ਦੀਆਂ ਤਨਖਾਹਾਂ ’ਚ ਕੀਤੀ ਕਟੌਤੀ ਦਾ ਫੈਸਲਾ ਰੱਦ ਕੀਤਾ ਜਾਵੇ। ਲਾਇਬ੍ਰੇਰੀ ਦੇ ਜੁਰਮਾਨੇ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ। ਲਾਇਬ੍ਰੇਰੀ ਦਾ ਪਹਿਲਾਂ ਵਾਲਾ ਸਮਾਂ ਸਵੇਰ 8 ਤੋਂ ਅਗਲੇ ਦਿਨ ਸਵੇਰ 6 ਵਜੇ ਤੱਕ ਬਹਾਲ ਕੀਤਾ ਜਾਵੇ ਅਤੇ ਸਮਝੌਤੇ ਮੁਤਾਬਕ ਪੂਰੀ ਲਾਇਬਰੇਰੀ ਖੋਲੀ ਜਾਵੇ। ਖੋਜਾਰਥੀਆਂ ਦੀ ਰੋਕੀ ਹੋਈ ਫੈਲੋਸਪਿ ਤਰੁੰਤ ਜਾਰੀ ਹੋਵੇ, ਯੂਨੀਵਰਸਿਟੀ ਚ ਹੋਏ ਘਪਲਿਆਂ ਦੀ ਨਿਰਪੱਖ ਜਾਂਚ ਕਰਦੇ ਹੋਏ ਦੋਸੀਆਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ,ਪੰਜਾਬ ਸਰਕਾਰ ਯੂਨੀਵਰਸਿਟੀ ਦਾ ਘਾਟਾ ਪੂਰਾ ਕਰਨ ਲਈ ਵਿਸੇਸ ਗ੍ਰਾਂਟ ਜਾਰੀ ਕਰੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ