ਕੇਜਰੀਵਾਲ ਨੇ ਰਾਜਾ ਵੜਿੰਗ ਨੂੰ ਪਰਿਵਾਰ ਸਮੇਤ ਦਿੱਲੀ ਆਉਣ ਦਾ ਦਿੱਤਾ ਸੱਦਾ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ’ਤੇ ਹਨ। ਅੱਜ ਅੰਮ੍ਰਿਤਸਰ ’ਚ ਆਮ ਆਦਮੀ ਪਾਰਟੀ ਵੱਲੋਂ ਰੱਖੇ ਪ੍ਰੋਗਰਾਮ ’ਚ ਪੁੱਜੇ ਕੇਜਰੀਵਾਲ ਨੂੰ ਮਿਲਣ ਲਈ ਸੂਬੇ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉੱਥੇ ਪਹੁੰਚ ਗਏ। ਹੋਟਲ ਹਯਾਤ ਦੀ ਲੋਬੀ ਵਿੱਚ ਰਾਜਾ ਵੜਿੰਗ ਨੇ ਪਹਿਲਾਂ ਤੋਂ ਹੀ ਡੇਰਾ ਲਾਇਆ ਹੋਇਆ ਸੀ। ਪਹਿਲਾਂ ਤਾਂ ਕੇਜਰੀਵਾਲ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਮਿਲੇ ਵਗੈਰ ਇੱਥੋਂ ਨਹੀਂ ਜਾਣਗੇ ਤਾਂ ਆਖਰ ਕੇਜਰੀਵਾਲ ਮਿਲਣ ਲਈ ਤਿਆਰ ਹੋ ਗਏ।
ਕੇਜਰੀਵਾਲ ਨੇ ਰਾਜਾ ਵੜਿੰਗ ਨੂੰ ਛੇਵੀਂ ਮੰਜ਼ਿਲ ‘ਤੇ ਸਥਿਤ ਸਵੀਟ ਰੂਮ ‘ਚ ਬੁਲਾਇਆ ਪਰ ਵੜਿੰਗ ਨੇ ਕੈਮਰਿਆਂ ਦੇ ਸਾਹਮਣੇ ਬੈਠ ਕੇ ਗੱਲ ਕਰਨ ‘ਤੇ ਜ਼ੋਰ ਦਿੱਤਾ। ਜਿਸ ਤੋਂ ਬਾਅਦ ਕੇਜਰੀਵਾਲ ਨੂੰ ਲਾਬੀ ਵਿੱਚ ਆ ਕੇ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨਾਂ ਦਿੱਲੀ ਹਵਾਈ ਅੱਡੇ ਤੋਂ ਰੋਕੀਆਂ ਗਈਆਂ ਪੰਜਾਬ ਸਰਕਾਰ ਦੀ ਬੱਸ ਸੇਵਾ ਨੂੰ ਚਲਾਉਣ ਲਈ ਕਿਹਾ।
ਕੇਜਰੀਵਾਲ ਨੇ ਰਾਜਾ ਵੜਿੰਗ ਨੂੰ ਪਰਿਵਾਰ ਸਮੇਤ ਦਿੱਲੀ ਆਉਣ ਦਾ ਸੱਦਾ ਦਿੱਤਾ। ਇਸ ‘ਤੇ ਰਾਜਾ ਵੜਿੰਗ ਨੇ ਹਾਮੀ ਭਰ ਦਿੱਤੀ ਪਰ ਉਨ੍ਹਾਂ ਨੂੰ ਪਹਿਲਾਂ ਮਸਲਾ ਸੁਣਨ ਲਈ ਕਿਹਾ। ਰਾਜਾ ਵੜਿੰਗ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਤੋਂ ਸਿਰਫ਼ ਬਾਦਲ ਪਰਿਵਾਰ ਦੀਆਂ ਬੱਸਾਂ ਜਾਂਦੀਆਂ ਹਨ। ਸਰਕਾਰੀ ਬੱਸ ਨੂੰ ਉੱਥੇ ਪਹੁੰਚਣ ਦੀ ਇਜਾਜ਼ਤ ਨਹੀਂ ਹੈ।
ਰਾਜਾ ਵੜਿੰਗ ਨੇ ਦਿੱਲੀ ਏਅਰਪੋਰਟ ਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਾਂ ਦਿੱਲੀ ਸਰਕਾਰ ਦੀਆਂ ਬੱਸਾਂ ਚਲਾਉਣ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰ ਲਿਆ ਜਾਵੇਗਾ, ਪਰ ਇਸ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਇਹ ਮੁੱਦਾ ਪਹਿਲਾਂ ਵੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਦੀ ਸਰਕਾਰ ਵੱਲੋਂ 115 ਬੱਸਾਂ ਬੰਦ ਕੀਤੀਆਂ ਗਈਆਂ ਸਨ। ਜਦਕਿ 230 ਬੱਸਾਂ ਦੇ ਚਲਾਨ ਵੀ ਕੱਟੇ ਗਏ ਹਨ। ਦਿੱਲੀ ਤੋਂ ਸਰਕਾਰੀ ਬੱਸਾਂ ਚਲਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਧਰਨਾ ਦਿੱਤਾ ਸੀ। ਉਥੇ ਉਨ੍ਹਾਂ ਨੂੰ ਸੁਰੱਖਿਆ ਜਾਂਚ ਖੇਤਰ ਵਿੱਚ ਹੀ ਰੋਕਿਆ ਗਿਆ ਤਾਂ ਕਾਫੀ ਹੰਗਾਮਾ ਹੋ ਗਿਆ। ਇਸ ਪ੍ਰਦਰਸ਼ਨ ਤੋਂ ਬਾਅਦ ਜਦੋਂ ਰਾਜਾ ਵੜਿੰਗ ਨੂੰ ਪਤਾ ਚੱਲਿਆ ਕਿ ਦਿੱਲੀ ਦੇ ਮੁੱਖ ਮੰਤਰੀ ਹੋਟਲ ਹਯਾਤ ‘ਚ ਠਹਿਰੇ ਹੋਏ ਹਨ ਤਾਂ ਕੇਜਰੀਵਾਲ ਸਵੇਰੇ ਹੀ ਅੰਮ੍ਰਿਤਸਰ ਦੇ ਹਯਾਤ ਹੋਟਲ ‘ਚ ਪਹੁੰਚੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ