ਰਾਜਾ, ਰਾਜੇ ਤੇ ਵਰਿਆ…ਵੜਿੰਗ ਨੇ ਕਿਹਾ, ਸਾਨੂੰ ਨਹੀਂ ਪਤਾ ਸੀ ਕਿ ਕੈਪਟਨ ਬਾਦਲਾਂ ਨਾਲ ਰਲਿਐ, ਅਸੀਂ ਲੇਟ ਹਾਂ, ਅਸੀਂ ਮਾਫ਼ੀ ਮੰਗਦੇ ਹਾਂ
ਘਨੌਰ ਵਿਖੇ ‘ਖੁੱਲੀ ਚਰਚਾ ਵੜਿੰਗ ਦੇ ਸੰਗ’ ਦਾ ਪਹਿਲਾ ਸੈਸ਼ਨ, ਰਾਜਾ ਵੜਿੰਗ ਨੇ ਲਾਏ ਕੈਪਟਨ ਦੇ ਨਿਸ਼ਾਨੇ
(ਖੁਸ਼ਵੀਰ ਸਿੰਘ ਤੂਰ) ਪਅਿਾਲਾ/ਘਨੌਰ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਰੱਜ ਕੇ ਭੜਾਸ ਕੱਢੀ ਗਈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਮਰਿੰਦਰ ਸਿੰਘ ਸੂਬੇ ਦਾ ਦੇਣਦਾਰ ਹੈ ਅਤੇ ਲੋਕ ਆਗਾਮੀ ਚੋਣਾਂ ਵਿੱਚ ਕੈਪਟਨ ਅਤੇ ਭਾਜਪਾ ਦੋਵਾਂ ਨੂੰ ਸਬਕ ਸਿਖਾਉਣਗੇ। ਵੜਿੰਗ ਵੱਲੋਂ ਇੱਥੇ ਘਨੌਰ ਵਿਖੇ ‘ਖੁੱਲੀ ਚਰਚਾ ਵੜਿੰਗ ਦੇ ਸੰਗ’ ਦੇ ਪਹਿਲੇ ਸੈਸ਼ਨ ਦੌਰਾਨ ਕਾਂਗਰਸੀਆਂ ਨਾਲ ਗੱਲਬਾਤ ਵੀ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਨਹੀਂ ਪਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਰਲੇ ਹੋਏ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਉਹ ਪੰਜਾਬ ਦੀ ਆਨ ਬਾਨ ਸਾਨ ਨਾਲ ਸਮਝੌਤਾ ਕਰਨਗੇ। ਸਾਨੂੰ ਨਹੀਂ ਪਤਾ ਸੀ ਕਿ ਸਹੁ ਖਾਕੇ ਪੰਜਾਬ ਨੂੰ ਲੁੱਟਣ ਵਾਲਿਆਂ ਅਤੇ ਨਸ਼ਾ ਵੇਚਣ ਵਾਲਿਆਂ ਨਾਲ ਮਿਲੇ ਹੋਏ ਹਨ। ਉਨਾਂ ਕਿਹਾ ਕਿ ਅਸੀਂ ਮਾਫ਼ੀ ਮੰਗਦੇ ਹਾ ਕਿ ਅਸੀਂ ਲੇਟ ਹਾਂ ਅਤੇ ਸਾਢੇ ਚਾਰ ਸਾਲ ਬਰਬਾਦ ਕਰ ਦਿੱਤੇ। ਬੜਿੰਗ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ’ਤੇ ਕੇਜਰੀਵਾਲ ਦੇ ਹੈਰਾਨ ਕਰ ਵਾਲੇ ਦੋਹਰੇ ਮਾਪਦੰਡਾਂ ਨੇ ਉਸ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ 3 ਕਾਲੇ ਕਾਨੂੰਨਾਂ ’ਚੋਂ ਇੱਕ ਕਾਨੂੰਨ ਪਾਸ ਕਰਕੇ ਸਾਡੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਪੰਜਾਬ ਵਾਸੀ ਕੇਜਰੀਵਾਲ ਨੂੰ ਕਦੇ ਮੁਆਫ਼ ਨਹੀਂ ਕਰਨਗੇ।
‘ਖੁੱਲੀ ਚਰਚਾ ਵੜਿੰਗ ਦੇ ਸੰਗ’ ਦੇ ਪਹਿਲੇ ਸੈਸ਼ਨ ਦੌਰਾਨ ਪਾਰਟੀ ਕਾਡਰ ਅਤੇ ਸਥਾਨਕ ਵਾਸੀਆਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਾਡੀ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਕੇ ਪੰਜਾਬ ਨਾਲ ਧੋਖਾ ਕਰਨ ਵਾਲਿਆਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਦੱਸਿਆ ਕਿ ਆਗਾਮੀ ਚੋਣਾਂ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਮੰਤਰੀਆਂ ਦੇ ਯੋਜਨਾਬੱਧ ਲੜੀਵਾਰ ਪਬਲਿਕ ਇੰਟਰੈਕਸ਼ਨ ਪ੍ਰੋਗਰਾਮ ਦਾ ਇਸ ਪਹਿਲੇ ਸੈਸ਼ਨ ਤਹਿਤ ਉਹ ਆਮ ਲੋਕਾਂ ਦੇ ਰੂਬਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਇੰਟਰੈਕਸ਼ਨ ਪ੍ਰੋਗਰਾਮ ਤਹਿਤ ਕੱਲ੍ਹ ਨੂੰ ਖਰੜ, ਰਾਏਕੋਟ ਅਤੇ ਸਾਹਨੇਵਾਲ ਦੇ ਸਥਾਨਾਂ ’ਤੇ ਜਾਣਗੇ।
ਵੜਿੰਗ ਕਿਸੇ ਤੋਂ ਨਹੀਂ ਡਰਦਾ
ਵੱਖ-ਵੱਖ ਮਾਫੀਆ ਰਾਹੀਂ ਪੰਜਾਬ ਨੂੰ ਲੁੱਟਣ ਲਈ ਬਾਦਲਾਂ ’ਤੇ ਵਰ੍ਹਦਿਆਂ ਵੜਿੰਗ ਨੇ ਕਿਹਾ ਕਿ ਟੈਕਸ ਚੋਰੀ ਕਰਕੇ ਸੂਬੇ ਦੇ ਉੱਜਵਲ ਭਵਿੱਖ ਨੂੰ ਬਰਬਾਦ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਉਹ ਕਿਸੇ ਤੋਂ ਨਹੀਂ ਡਰਦੇ। ਵੜਿੰਗ ਨੇ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਊਧਮ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਲਈ ਜੰਗ ਦੇ ਨਤੀਜੇ ਬਾਰੇ ਸੋਚਿਆ ਹੁੰਦਾ ਤਾਂ ਅਸੀਂ ਇੱਕ ਮਹਾਨ ਦੇਸ਼ ਨਹੀਂ ਬਣਾ ਸਕਣਾ ਸੀ, ਵੜਿੰਗ ਨੇ ਕਿਹਾ ਕਿ ਇਨ੍ਹਾਂ ਸਾਰੇ ਮਹਾਨ ਸ਼ਹੀਦਾਂ ਦੇ ਨਾਂਅ ਵਿਸ਼ਵ ਭਰ ਵਿੱਚ ਹਰ ਥਾਂ ਸ਼ਰਧਾ ਅਤੇ ਸਤਿਕਾਰ ਨਾਲ ਲਏ ਜਾਂਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ