ਨਿੱਸਰ ਰਹੀ ਝੋਨੇ ਦੀ ਫਸਲ ਦਾ ਬੂਰ ਝੜਨ ਕਰਕੇ ਨਹੀਂ ਬਣੇਗਾ ਦਾਣਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਅੱਜ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਣ ਦਾ ਖਦਸਾ ਹੈ। ਪੰਜਾਬ ’ਚ ਅੱਜ ਕਈ ਥਾਈਂ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫਸਲ ਦੇ ਧਰਤੀ ’ਤੇ ਲੱਗਣ ਦੀਆਂ ਰਿਪੋਰਟਾਂ ਵੀ ਹਨ। ਇੱਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਝੋਨੇ ਦੀ ਬੱਲੀ ’ਤੇ ਬੂਰ ਆ ਰਿਹਾ ਸੀ, ਉਹ ਇਸ ਮੀਂਹ ਨਾਲ ਝੜ ਜਾਵੇਗਾ ਅਤੇ ਖਾਲੀ ਦਾਣਾ ਰਹਿਣ ਕਰਕੇ ਫੜਾ ਵੱਧਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹਾ ਪਟਿਆਲਾ, ਸੰਗਰੂਰ, ਲੁਧਿਆਣਾ, ਫਰੀਦਕੋਟ, ਬਠਿੰਡਾ ਆਦਿ ਖੇਤਰਾਂ ਵਿੱਚ ਭਾਰੀ ਮੀਂਹ ਪਿਆ ਹੈ। ਜਿਹੜੀ ਝੋਨੇ ਦੀ ਫਸਲ ਅਗੇਤੀ ਸੀ, ਉਸ ਵਿੱਚ ਤਾਂ ਦਾਣਾ ਪੈ ਗਿਆ ਹੈ ਪਰ ਜੋ ਪਿਛੇਤੀ ਸੀ, ਉਸ ’ਤੇ ਬੂਰ ਆ ਰਿਹਾ ਸੀ। ਬੱਲੀ ’ਤੇ ਬੂਰ ਆਉਣ ਤੋਂ ਬਾਅਦ ਉਸ ਵਿੱਚ ਦੁੱਧ ਪੈਣਾ ਸੀ ਅਤੇ ਫਿਰ ਦਾਣਾ ਬਣਨਾ ਸੀ। ਜੋਰਦਾਰ ਮੀਂਹ ਕਾਰਨ ਉਕਤ ਬੂਰ ਝੜ ਜਾਵੇਗਾ ਜਿਸ ਨਾਲ ਦਾਣਾ ਨਹੀਂ ਬਣੇਗਾ। ਇਸ ਮੀਂਹ ਨਾਲ ਝੋਨੇ ਦੀ ਫਸਲ ਦਾ ਝਾੜ ਘੱਟ ਰਹਿਣ ਦੀ ਸੰਭਾਵਨਾ ਹੈ। ਬੇਮੌਸਮਾ ਪੈ ਰਿਹਾ ਇਹ ਮੀਂਹ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਰਿਹਾ ਹੈ।
ਹਰ ਵਾਰ ਜਦੋਂ ਫਸਲ ਪੱਕਣ ਜਾਂ ਦਾਣਾ ਪੈਣ ਵਾਲਾ ਹੁੰਦਾ ਹੈ ਤਾਂ ਕੁਦਰਤ ਵੱਲੋਂ ਆਪਣਾ ਕਹਿਰ ਢਾਹ ਦਿੱਤਾ ਜਾਂਦਾ ਹੈ। ਕਿਸਾਨ ਅਮਰੀਕ ਸਿੰਘ, ਕਿਸਾਨ ਤੇਜਾ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਝੋਨੇ ਦੀ ਫਸਲ ਬਹੁਤ ਵਧੀਆ ਸੀ ਅਤੇ ਚੰਗੇ ਝਾੜ ਦੀ ਆਸ ਸੀ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ’ਚ ਬੱਲੀ ਫੁੱਟ ਰਹੀ ਸੀ ਅਤੇ ਦਾਣਾ ਪੈਣ ਲਈ ਬੂਰ ਆ ਰਿਹਾ ਸੀ ਪਰ ਮੀਂਹ ਕਾਰਨ ਉਸ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਵੀ ਮੀਂਹ ਤਾਂ ਪੈ ਰਿਹਾ ਸੀ, ਪਰ ਘੱਟ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਮੌਸਮ ਦੌਰਾਨ ਝੋਨੇ ਦੀ ਫਸਲ ਨੂੰ ਉੱਲੀ ਰੋਗ ਵੀ ਵਧੇਗਾ।
ਝੋਨੇ ਦੀ ਫਸਲ ਦਾ ਝਾੜ ਘਟਣ ਦਾ ਖਦਸਾ: ਖੇਤੀਬਾੜੀ ਅਫ਼ਸਰ
ਇਸ ਸਬੰਧੀ ਜਦੋਂ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਆਖਿਆ ਕਿ ਜਿਹੜੀ ਫਸਲ ਨਿੱਸਰ ਰਹੀ ਸੀ ਅਤੇ ਬੂਰ ਆ ਰਿਹਾ ਸੀ, ਉਹ ਬੂਰ ਮੀਂਹ ਨਾਲ ਝੜ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਨੁਕਸਾਨ ਇਹ ਹੋਵੇਗਾ ਕਿ ਦਾਣਾ ਨਹੀਂ ਪਵੇਗਾ ਅਤੇ ਬੱਲੀ ’ਚ ਫੜਾ ਪੈਦਾ ਹੋ ਜਾਵੇਗਾ। ਇਸ ਨਾਲ ਝਾੜ ਵਿੱਚ ਕਮੀ ਜ਼ਰੂਰ ਆਵੇਗੀ। ਉਨ੍ਹਾਂ ਕਿਹਾ ਕਿ ਜਿਹੜੀ ਫਸਲ ਵਿੱਚ ਦਾਣਾ ਪੈ ਗਿਆ ਹੈ, ਉਸ ਦਾ ਬਹੁਤਾ ਨੁਕਸਾਨ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਮੀਂਹ ਇਸ ਵਕਤ ਝੋਨੇ ਦੀ ਫਸਲ ਲਈ ਠੀਕ ਨਹੀਂ ਹੈ।
ਬਿਜਲੀ ਦੀ ਮੰਗ 6 ਹਜਾਰ ਮੈਗਾਵਟ ’ਤੇ ਪੁੱਜੀ, ਸਿਰਫ਼ 3 ਯੂਨਿਟ ਹੀ ਚਾਲੂ
ਜੋਰਦਾਰ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਵਿੱਚ ਭਾਰੀ ਗਿਰਾਵਟ ਆ ਗਈ ਹੈ। ਅੱਜ ਬਿਜਲੀ ਦੀ ਮੰਗ ਸਿਰਫ਼ 6 ਹਜਾਰ ਮੈਗਾਵਾਟ ਦੇ ਕਰੀਬ ਸੀ। ਪਾਵਰਕੌਮ ਦੇ ਸਰਕਾਰੀ ਖੇਤਰ ਦੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਥਰਮਲ ਗੋਇੰਦਵਾਲ ਸਾਹਿਬ ਦਾ ਪਲਾਂਟ ਵੀ ਪੂਰੀ ਤਰ੍ਹਾਂ ਠੱਪ ਹੈ। ਇਸ ਦੇ ਨਾਲ ਹੀ ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੈ ਤੇ ਇੱਕ ਯੂਨਿਟ ਹੀ 343 ਮੈਗਾਵਾਟ ਬਿਜਲੀ ਦੇ ਰਿਹਾ ਸੀ। ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਦੋ ਯੂਨਿਟ 629 ਮੈਗਾਵਾਟ ਬਿਜਲੀ ਦੇ ਰਹੇ ਹਨ। ਇਸ ਤੋਂ ਇਲਾਵਾ ਹਾਈਡ੍ਰਲ ਤੋੋਂ ਸਿਰਫ਼ 393 ਮੈਗਾਵਾਟ ਹੀ ਬਿਜਲੀ ਉਤਪਾਦਨ ਹੋ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ