Rain : ਪੋਹ ਦੀਆਂ ਕਣੀਆਂ ਕਣਕ ’ਤੇ ਘਿਓ ਬਣ ਵਰ੍ਹੀਆਂ, ਤੇਜ਼ ਹੋਵੇਗਾ ਫਸਲ ਦਾ ਫੁਟਾਰਾ

Rain
ਬਠਿੰਡਾ : ਖੇਤ ’ਚ ਖੜ੍ਹੀ ਕਣਕ, ਜਿਸਦਾ ਹੁਣ ਮੀਂਹ ਨਾਲ ਫੁਟਾਰਾ ਤੇਜ਼ ਹੋਵੇਗਾ।

Rain : (ਸੁਖਜੀਤ ਮਾਨ) ਬਠਿੰਡਾ/ਮਾਨਸਾ। ਪੰਜਾਬ ਦੇ ਵੱਡੀ ਗਿਣਤੀ ੜਿਫਲ੍ਹਿਆਂ ਵਿੱਚ ਦੇਰ ਰਾਤ ਤੋਂ ਦੁਪਹਿਰ ਤੱਕ ਹਲਕੀ-ਹਲਕੀ ਕਿਣਮਿਣ ਹੁੰਦੀ ਰਹੀ ਮਾਝਾ ਖੇਤਰ ’ਚ ਹਲਕਾ ਮੀਂਹ ਪਿਆ। ਇਸ ਮੀਂਹ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੇਗੀ। ਕਣਕ ਦੀ ਫਸਲ ’ਤੇ ਕਣੀਆਂ ਘਿਓ ਬਣ ਕੇ ਵਰ੍ਹੀਆਂ, ਜਿਸ ਨਾਲ ਫਸਲ ਦਾ ਫੁਟਾਰਾ ਤੇਜ਼ ਹੋਵੇਗਾ। ਮੌਸਮ ’ਤੇ ਸਿਹਤ ਮਾਹਿਰਾਂ ਵੱਲੋਂ ਇਸ ਮੀਂਹ ਨੂੰ ਲਾਹੇਵੰਦ ਕਰਾਰ ਦਿੱਤਾ ਗਿਆ ਹੈ।

ਵੇਰਵਿਆਂ ਮੁਤਾਬਿਕ ਮੌਸਮ ਵਿਭਾਗ ਪੰਜਾਬ ਨੇ ਮੀਂਹ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ। ਉਸ ਮੁਤਾਬਿਕ ਲੰਘੀ ਰਾਤ ਤੋਂ ਪੰਜਾਬ ਭਰ ’ਚ ਰੁਕ-ਰੁਕ ਕੇ ਹਲਕੀ ਕਿਣਮਿਣ ਅੱਜ ਦੁਪਹਿਰ ਤੱਕ ਹੁੰਦੀ ਰਹੀ। ਮੀਂਹ ਤੋਂ ਪਹਿਲਾਂ ਛਾਏ ਬੱਦਲਾਂ ਕਰਕੇ ਠੰਢ ਘੱਟ ਸੀ ਪਰ ਹਲਕੇ ਮੀਂਹ ਨੇ ਤਾਪਮਾਨ ਫਿਰ ਘਟਾ ਦਿੱਤਾ ਹੈ। ਹੁਣ ਮੀਂਹ ਕਾਰਨ ਠੰਢ ਵਧਣ ਦੇ ਨਾਲ-ਨਾਲ ਧੁੰਦ ਵੀ ਪੈਣੀ ਸ਼ੁਰੂ ਹੋਵੇਗੀ। ਕਣਕ ਦੀ ਫਸਲ ਨੂੰ ਇਸ ਮੀਂਹ ਦੀ ਕਾਫੀ ਲੋੜ ਮਹਿਸੂਸ ਹੋ ਰਹੀ ਸੀ। ਸਵੇਰ-ਸ਼ਾਮ ਦੀ ਠੰਢ ਨੂੰ ਛੱਡਕੇ ਦਿਨ ਵੇਲੇ ਤਾਪਮਾਨ ’ਚ ਕੋਈ ਜ਼ਿਆਦਾ ਗਿਰਾਵਟ ਨਾ ਹੋਣ ਕਰਕੇ ਕਣਕ ਦੀ ਫਸਲ ਦਾ ਨਾ ਸਿਰਫ ਵਾਧਾ ਰੁਕਿਆ ਹੋਇਆ ਸੀ ਨਾਲ ਹੀ ਕਈ ਥਾਈਂ ਗੁਲਾਬੀ ਸੁੰਡੀ ਦੇ ਕਹਿਰ ਨੇ ਕਿਸਾਨਾਂ ਨੂੰ ਮੁੜ ਕਣਕ ਬੀਜਣ ਲਈ ਮਜਬੂਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: Crime News: ਪਿਸਤੌਲ ਦੀ ਨੋਕ ’ਤੇ ਲੁੱਟਣ ਆਏ ਲੁਟੇਰੇ ਦੁਕਾਨਦਾਰ ਨੇ ਭਜਾਏ

ਮਾਨਸਾ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਦਾ ਕਹਿਣਾ ਹੈ ਕਿ ਜਿੱਥੇੇ ਖੇਤਾਂ ’ਚ ਕਣਕਾਂ ਨੂੰ ਪਾਣੀ ਨਹੀਂ ਲੱਗਿਆ ਸੀ, ਉੱਥੇ ਇਹ ਮੀਂਹ ਕਣਕ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗਾ ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਕਣਕ ’ਚ ਪਈ ਗੁਲਾਬੀ ਸੁੰਡੀ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਸੀ ਪਰ ਜੋ ਬਾਕੀ ਬਚਦੀ ਸੀ, ਉਹ ਹੁਣ ਮੀਂਹ ਮਗਰੋਂ ਠੰਢ ਵਧਣ ਨਾਲ ਖਤਮ ਹੋ ਜਾਵੇਗੀ

ਖਾਦ ਦਾ ਕੰਮ ਕਰੇਗਾ ਮੀਂਹ : ਖੇਤੀ ਮਾਹਿਰ

ਜ਼ਿਲ੍ਹਾ ਬਠਿੰਡਾ ਦੇ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਦਾ ਕਹਿਣਾ ਹੈ ਕਿ ਜੋ ਹਲਕਾ ਮੀਂਹ ਪਿਆ ਹੈ ਇਹ ਫਸਲਾਂ ਲਈ ਖਾਦ ਦਾ ਕੰਮ ਕਰੇਗਾ ਕਿਉਂਕਿ ਹਵਾ ਵਿਚਲੀ ਨਾਈਟਰੋਜਨ ਮੀਂਹ ਦੇ ਜ਼ਰੀਏ ਸਿੱਧੀ ਫਸਲ ਤੱਕ ਪੁੱਜੀ ਹੈ। ਮੀਂਹ ਦਾ ਪਾਣੀ ਧਰਤੀ ਹੇਠਲੇ ਪਾਣੀ ਨਾਲੋਂ ਜ਼ਿਆਦਾ ਬਿਹਤਰ ਹੋਣ ਕਰਕੇ ਜ਼ਮੀਨ ਸੁਧਾਰ ’ਚ ਵੀ ਮੱਦਦ ਕਰਦਾ ਹੈ ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਉਹਨਾਂ ਸੁਝਾਅ ਦਿੱਤਾ ਕਿ ਅਜਿਹੇ ਮੌਸਮ ’ਚ ਆਲੂਆਂ ਨੂੰ ਚਿੱਟਾ ਝੁਲਸ ਰੋਗ ਪੈਣ ਦਾ ਖਤਰਾ ਵਧ ਜਾਂਦਾ ਹੈ, ਜਿਸ ਤੋਂ ਬਚਾਅ ਲਈ ਉਹ ਬਾਗਬਾਨੀ ਵਿਭਾਗ ਦੇ ਮਾਹਿਰਾਂ ਦੇ ਸੰਪਰਕ ’ਚ ਰਹਿਣ।

ਸੰਘਣੀ ਧੁੰਦ ਪੈਣ ਦੀ ਸੰਭਾਵਨਾ | Rain

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਾਹਿਰਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਆਉਣ ਵਾਲੇ ਤਿੰਨ-ਚਾਰ ਦਿਨਾਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੀਤ ਲਹਿਰ ਵੀ ਵਗੇਗੀ ਅੰਦਾਜ਼ਨ 5 ਤੋਂ 9 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ। Rain