ਬੇ-ਮੌਸਮੀ ਬਾਰਿਸ਼ ਨੇ ਸੀਮਿਤ ਸਮੇਂ ਲਈ ਰੋਕੀ ਨਾਭਾ ਮੰਡੀ ਦੀ ਰਫਤਾਰ | Punjab Rain
Punjab Rain: (ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਅੱਧਾ ਕੁ ਘੰਟਾ ਪਏ ਬੇਮੌਸਮੀ ਮੀਂਹ ਨੇ ਜਿੱਥੇ ਤਪਦੀ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਦਿੱਤੀ ਉੱਥੇ ਕਿਸਾਨਾਂ ਦੀਆਂ ਚਿੰਤਾਵਾਂ ’ਚ ਵਾਧਾ ਕਰ ਦਿੱਤਾ। ਦੱਸਣਯੋਗ ਹੈ ਕਿ ਹਲਕਾ ਨਾਭਾ ਦੀ ਨਵੀਂ ਅਨਾਜ ਮੰਡੀ ਵਿਖੇ ਸਰੋਂ ਦੀ ਫਸਲ ਦੀ ਮੈਗਾ ਆਮਦ ਤੋਂ ਬਾਅਦ ਹੁਣ ਕਣਕ ਦੀ ਫਸਲ ਦੀ ਆਮਦ ਦੀ ਸ਼ੁਰੁੂਆਤ ਹੋਣ ਲੱਗੀ ਸੀ। ਅੱਜ ਦੁਪਹਿਰ ਅਚਾਨਕ ਬਦਲੇ ਮੌਸਮ ਨੇ ਜਿੱਥੇ ਨਾਭਾ ਮੰਡੀ ਦੀ ਰਫਤਾਰ ਨੂੰ ਸੀਮਤ ਸਮੇਂ ਲਈ ਰੋਕ ਦਿੱਤਾ ਉੱਥੇ ਮੰਡੀ ਨਾਲ ਜੁੜੇ ਵਰਗਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਵੀ ਕਰ ਦਿੱਤਾ।
ਫਸਲ ਪੱਕਣ ਬਾਅਦ ਮੀਂਹ ਦੀ ਆਮਦ ਨੇ ਕਿਸਾਨਾਂ ਨੂੰ ਚਿੰਤਾਵਾਂ ’ਚ ਪਾਇਆ
ਮੀਂਹ ਦੀ ਆਮਦ ਹੋਣ ਸਾਰ ਆੜਤੀਆਂ ਅਤੇ ਮਜ਼ਦੂਰਾਂ ਵੱਲੋਂ ਕਿਸਾਨਾਂ ਦੀ ਨਾਭਾ ਮੰਡੀ ਵਿਖੇ ਲਿਆਂਦੀ ਫਸਲ ਨੂੰ ਸੁਚੱਜੇ ਢੰਗ ਨਾਲ ਢੱਕ ਦਿੱਤਾ ਗਿਆ। ਨਾਭਾ ਮੰਡੀ ਵਿਖੇ ਬੁੱਧਵਾਰ ਤੋਂ ਕਣਕ ਦੀ ਆਮਦ ਨੇ ਰਫਤਾਰ ਪਕੜੀ ਹੈ ਜੋ ਕਿ ਫਸਲ ਦੀ ਭੋਂ ਦੇ ਮੀਂਹ ਨਾਲ ਨਰਮ ਹੋਣ ਕਾਰਨ ਆਗਾਮੀ ਕੁਝ ਦਿਨਾਂ ਲਈ ਰੁਕਣ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ। ਉਪਰੋਕਤ ਬਾਰਿਸ਼ ਨੂੰ ਬੇਲੋੜਾ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਕਿਹਾ ਕਿ ਕਣਕ ਦੀ ਫਸਲ ਖੇਤਾਂ ਵਿੱਚ ਲਗਭਗ ਤਿਆਰ ਖੜੀ ਹੈ ਜਿਸ ’ਤੇ ਇਸ ਸਮੇਂ ਵਰ੍ਹਿਆ ਕੁਦਰਤੀ ਪਾਣੀ ਇਸ ਦੀ ਗੁਣਵੱਤਾ ਨੂੰ ਕੋਈ ਲਾਭ ਨਹੀਂ ਦੇਵੇਗਾ।
ਉਨ੍ਹਾਂ ਦੱਸਿਆ ਕਿ ਬੇਸ਼ੱਕ ਜਿੰਨਾ ਕੁ ਮੀਹ ਵਰਿਆ ਹੈ ਉਸ ਨਾਲ ਕਣਕ ਦੀ ਫਸਲ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋ ਸਕਦਾ ਪਰੰਤੂ ਉਹਨਾਂ ਕਿਹਾ ਕਿ ਜੇਕਰ ਮੁੜ ਬਰਸਾਤ ਹੋਈ ਤਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਜ਼ਰੂਰ ਵਧਣਗੀਆਂ। ਦੂਜੇ ਪਾਸੇ ਕੁਲਦੀਪ ਢਿੰਗੀ ਅਤੇ ਧਰਮਪਾਲ ਮੰਡੌੜ ਨੇ ਦੱਸਿਆ ਕਿ ਹਾੜੀ ਦੀ ਫਸਲ ਦੀ ਆਮਦ ਤੋਂ ਪਹਿਲਾਂ ਜਾਂ ਆਮਦ ਹੋਣ ਨਾਲ ਮੌਸਮ ਹਮੇਸ਼ਾ ਹੀ ਕਰਵਟ ਬਦਲਦਾ ਹੈ ਜਿਸ ਦੀ ਮਾਰ ਹਮੇਸ਼ਾ ਛੋਟੇ ਵਰਗੀ ਕਿਸਾਨਾਂ ਨੂੰ ਹੀ ਝੱਲਣੀ ਪੈਂਦੀ ਹੈ।
ਮੀਂਹ ਦਾ ਪੇਂਡੂ ਖੇਤਰ ’ਚ ਕੋਈ ਪ੍ਰਭਾਵ ਨਹੀਂ ਪਿਆ : ਮੰਡੀ ਬੋਰਡ ਅਫਸਰ
ਬੇਮੌਸਮੀ ਬਾਰਿਸ਼ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਮੰਡੀ ਬੋਰਡ ਅਫਸਰ ਗੁਰਮਾਨਕ ਸਿੰਘ ਨੇ ਦੱਸਿਆ ਕਿ ਬਾਰਿਸ਼ ਦਾ ਪ੍ਰਭਾਵ ਸ਼ਹਿਰੀ ਖੇਤਰ ’ਚ ਜਿਆਦਾ ਰਿਹਾ ਹੈ ਜਦੋਂਕਿ ਪੇਂਡੂ ਖੇਤਰ ਵਿੱਚ ਬਾਰਿਸ਼ ਦਾ ਕੋਈ ਪ੍ਰਭਾਵ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਰਿਸ਼ ਇੰਨੀ ਨਹੀਂ ਹੈ ਕਿ ਕਣਕ ਦੀ ਫਸਲ ਦੀ ਸਰਕਾਰੀ ਖਰੀਦ ਪ੍ਰਭਾਵਿਤ ਹੋ ਸਕੇ। Punjab Rain