Election Commission: ਕਿਹਾ, ਹਲਫਨਾਮੇ ’ਤੇ ਦਸਤਖ਼ਤ ਕਰੇ ਜਾਂ ਦੇਸ਼ ਤੋਂ ਮੁਆਫ਼ੀ ਮੰਗੇ ਰਾਹੁਲ
Election Commission: ਨਵੀਂ ਦਿੱਲੀ (ਏਜੰਸੀ)। ਰਾਹੁਲ ਗਾਂਧੀ ਵੱਲੋਂ ਚੋਣ ਕਮਿਸ਼ਨ ’ਤੇ ਲਾਏ ਗਏ ‘ਵੋਟ ਚੋਰੀ’ ਦੇ ਗੰਭੀਰ ਦੋਸ਼ਾਂ ’ਤੇ ਕਮਿਸ਼ਨ ਨੇ ਸਖ਼ਤ ਰੁਖ਼ ਅਪਣਾਇਆ ਹੈ। ਚੋਣ ਕਮਿਸ਼ਨ ਨੇ ਪੂਰੇ ਮਾਮਲੇ ਦੀ ਜਾਂਚ ਲਈ ਰਾਹੁਲ ਗਾਂਧੀ ਤੋਂ ਹਲਫ਼ਨਾਮਾ ਮੰਗਿਆ ਹੈ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਆਪਣੇ ਵਿਸ਼ਲੇਸ਼ਣ ’ਤੇ ਭਰੋਸਾ ਕਰਦੇ ਹਨ ਅਤੇ ਚੋਣ ਕਮਿਸ਼ਨ ’ਤੇ ਲਾਏ ਗਏ ਦੋਸ਼ਾਂ ਨੂੰ ਸੱਚ ਮੰਨਦੇ ਹਨ, ਤਾਂ ਉਨ੍ਹਾਂ ਨੂੰ ਬਿਨਾਂ ਕਿਸੇ ਝਿਜਕ ਦੇ ਹਲਫਨਾਮੇ ’ਤੇ ਦਸਤਖ਼ਤ ਕਰਨੇ ਚਾਹੀਦੇ ਹਨ।
ਕਮਿਸ਼ਨ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਇਸ ਐਲਾਨਨਾਮੇ ’ਤੇ ਦਸਤਖ਼ਤ ਨਹੀਂ ਕਰਦੇ ਹਨ, ਤਾਂ ਇਸਦਾ ਸਿੱਧਾ ਅਰਥ ਹੋਵੇਗਾ ਕਿ ਉਹ ਆਪਣੇ ਵਿਸ਼ਲੇਸ਼ਣ ਅਤੇ ਇਸ ਦੇ ਆਧਾਰ ’ਤੇ ਲਾਏ ਗਏ ਦੋਸ਼ਾਂ ’ਤੇ ਭਰੋਸਾ ਨਹੀਂ ਕਰਦੇ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਚੋਣ ਕਮਿਸ਼ਨ ’ਤੇ ਲਾਏ ਗਏ ‘ਬੇਤੁਕੇ ਦੋਸ਼ਾਂ’ ਲਈ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। Election Commission
Read Also : ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
ਸੂਤਰਾਂ ਅਨੁਸਾਰ ਚੋਣ ਕਮਿਸ਼ਨ ਨੇ ਅੱਗੇ ਕਿਹਾ ਹੈ ਕਿ ਰਾਹੁਲ ਗਾਂਧੀ ਕੋਲ ਹੁਣ ਸਿਰਫ਼ ਦੋ ਹੀ ਬਦਲ ਹਨ, ਜਾਂ ਤਾਂ ਐਲਾਨਨਾਮੇ ’ਤੇ ਦਸਤਖ਼ਤ ਕਰਕੇ ਆਪਣੇ ਦੋਸ਼ਾਂ ਨੂੰ ਸਾਬਤ ਕਰਨ, ਜਾਂ ਫਿਰ ਬੇਬੁਨਿਆਦ ਦੋਸ਼ ਲਾਉਣ ਲਈ ਦੇਸ਼ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ। ਦੱਸ ਦੇਈਏ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਚੋਣ ਕਮਿਸ਼ਨ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਮਿਸ਼ਨ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਚੋਣਾਂ ਵਿੱਚ ਧਾਂਦਲੀ ਕਰ ਰਿਹਾ ਹੈ ਅਤੇ ਲੋਕਤੰਤਰ ਨੂੰ ਕਮਜ਼ੋਰ ਕਰ ਰਿਹਾ ਹੈ।
ਮੈਂ ਸੰਸਦ ਵਿੱਚ ਸੰਵਿਧਾਨ ਦੀ ਸਹੁੰ ਚੁੱਕੀ ਹੈ: ਰਾਹੁਲ | Election Commission
- ਹੁਣ ਵੈੱਬਸਾਈਟ ਬੰਦ ਕਰਕੇ ਸਬੂਤ ਖ਼ਤਮ ਕਰਨ ਦਾ ਲਾਇਆ ਦੋਸ਼
ਬੈਂਗਲੁਰੂ । ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ’ਤੇ ਨਵੇਂ ਦੋਸ਼ ਲਾਏ। ਬੈਂਗਲੁਰੂ ਵਿੱਚ ਹੋਈ ਕਾਂਗਰਸ ਦੀ ‘ਵੋਟ ਅਧਿਕਾਰ ਰੈਲੀ’ ਵਿੱਚ ਰਾਹੁਲ ਗਾਂਧੀ ਨੇ ਇੱਕ ਨਵਾਂ ਦਾਅਵਾ ਕੀਤਾ ਅਤੇ ਕਿਹਾ ਕਿ ਜਦੋਂ ਦੇਸ਼ ਦੇ ਲੋਕ ਸਾਡੇ ਡੇਟਾ ਬਾਰੇ ਸੁਆਲ ਪੁੱਛ ਰਹੇ ਹਨ, ਤਾਂ ਚੋਣ ਕਮਿਸ਼ਨ ਨੇ ਵੈੱਬਸਾਈਟ ਬੰਦ ਕਰ ਦਿੱਤੀ ਹੈ। ਰੈਲੀ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਆਪਣੀ ਵੈੱਬਸਾਈਟ ਬੰਦ ਕਰ ਦਿੱਤੀ ਹੈ।
ਚੋਣ ਕਮਿਸ਼ਨ ਜਾਣਦਾ ਹੈ ਕਿ ਜੇਕਰ ਜਨਤਾ ਉਨ੍ਹਾਂ ਤੋਂ ਸੁਆਲ ਪੁੱਛਣ ਲੱਗ ਪਈ, ਤਾਂ ਉਨ੍ਹਾਂ ਦਾ ਪੂਰਾ ਢਾਂਚਾ ਢਹਿ ਜਾਵੇਗਾ। ‘ਹਲਫ਼ੀਆ ਬਿਆਨ’ ਨੋਟਿਸ ਦਾ ਜਵਾਬ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਕਮਿਸ਼ਨ ਮੇਰੇ ਤੋਂ ਹਲਫ਼ਨਾਮਾ ਮੰਗਦਾ ਹੈ। ਉਹ ਕਹਿੰਦੇ ਹਨ ਕਿ ਮੈਨੂੰ ਸਹੁੰ ਚੁੱਕਣੀ ਪਵੇਗੀ। ਪਰ ਮੈਂ ਸੰਸਦ ਵਿੱਚ ਸੰਵਿਧਾਨ ਦੀ ਸਹੁੰ ਚੁੱਕੀ ਹੈ। ਕਾਂਗਰਸ ਦੇ ਸੰਸਦ ਮੈਂਬਰ ਨੇ ਫਿਰ ਮੰਗ ਕੀਤੀ ਕਿ ਚੋਣ ਕਮਿਸ਼ਨ ਸਾਨੂੰ ਪੂਰੇ ਦੇਸ਼ ਦੀ ਇਲੈਕਟ੍ਰਾਨਿਕ ਵੋਟਰ ਸੂਚੀ ਅਤੇ ਚੋਣਾਂ ਨਾਲ ਸਬੰਧਤ ਵੀਡੀਓਗ੍ਰਾਫੀ ਦੇ ਰਿਕਾਰਡ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਹ ਮਿਲ ਜਾਂਦਾ ਹੈ, ਤਾਂ ਅਸੀਂ ਸਾਬਤ ਕਰਾਂਗੇ ਕਿ ਪੂਰੇ ਦੇਸ਼ ਵਿੱਚ ਸੀਟਾਂ ਚੋਰੀ ਹੋਈਆਂ ਹਨ।
ਵੋਟਰ ਸੂਚੀ ’ਤੇ ਰਾਹੁਲ ਦਾ ਦਾਅਵਾ ਝੂਠਾ : ਭਾਜਪਾ
ਨਵੀਂ ਦਿੱਲੀ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਨੇ ਵੋਟਰ ਸੂਚੀ ਬਾਰੇ ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਦਾਅਵਿਆਂ ਨੂੰ ਝੂਠਾ ਦੱਸਿਆ ਹੈ। ਉਹ ਇੱਥੇ ਭਾਜਪਾ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲ ਰਹੇ ਸਨ।
ਉਨ੍ਹਾਂ ਕਿਹਾ ਕਿ ਗਾਂਧੀ ਉਸ ਦਰੱਖਤ ਦੀ ਟਾਹਣੀ ਕੱਟ ਰਹੇ ਹਨ, ਜਿਸ ’ਤੇ ਉਹ ਬੈਠੇ ਹਨ। ਚੋਣ ਕਮਿਸ਼ਨ ਦੇ ਕਰਮਚਾਰੀਆਂ ਵਿਰੁੱਧ ਗਾਂਧੀ ਵੱਲੋਂ ਵਰਤੀ ਗਈ ਭਾਸ਼ਾ ’ਤੇ ਇਤਰਾਜ਼ ਪ੍ਰਗਟ ਕਰਦੇ ਹੋਏ, ਉਨ੍ਹਾਂ ਸੁਆਲ ਉਠਾਇਆ ਕਿ ਕੀ ਅਜਿਹੇ ਬਿਆਨ ਅਤੇ ਭਾਸ਼ਾ ਦੇਸ਼ ਦੀ ਸੰਵਿਧਾਨਕ ਸੰਸਥਾ ਵਿਰੁੱਧ ਢੁਕਵੀਂ ਹੈ। ਉਨ੍ਹਾਂ ਕਿਹਾ ਕਿ ਗਾਂਧੀ ਫੌਜ ਅਤੇ ਦੇਸ਼ ਦੀ ਸਿਖਰਲੀ ਅਦਾਲਤ ਵਿਰੁੱਧ ਬੋਲਣ ਦਾ ਮੌਕਾ ਨਹੀਂ ਗੁਆਉਂਦੇ। ਫੌਜ, ਸੰਸਦ, ਚੋਣ ਕਮਿਸ਼ਨ, ਅਦਾਲਤ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਹਨ ਅਤੇ ਇਨ੍ਹਾਂ ਸੰਸਥਾਵਾਂ ਵਿਰੁੱਧ ਧਮਕੀ ਭਰੀ ਭਾਸ਼ਾ ਦੀ ਵਰਤੋਂ ਕਰਨਾ ਸਹੀ ਨਹੀਂ ਹੈ। ਉਨ੍ਹਾਂ ਕਾਂਗਰਸ ਆਗੂ ’ਤੇ ਅੰਕੜਿਆਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ।