ਰੈਗਿੰਗ: ਵਿਦਿਆਰਥੀਆਂ ਦਾ ਭਵਿੱਖ ਨਿਗਲਦਾ ਦੈਂਤ

ਰੈਗਿੰਗ: ਵਿਦਿਆਰਥੀਆਂ ਦਾ ਭਵਿੱਖ ਨਿਗਲਦਾ ਦੈਂਤ

ਪਿਛਲੇ ਦਿਨੀਂ ਭੋਪਾਲ ਦੀ ਇੱਕ ਨਿੱਜੀ ਫ਼ਾਰਮੈਸੀ ਕਾਲਜ ਦੀਆਂ ਚਾਰ ਵਿਦਿਆਰਥਣਾਂ ਨੂੰ ਰੈਗਿੰਗ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੰਦਿਆਂ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਰੈਗਿੰਗ ਦਾ ਇਹ ਮਾਮਲਾ ਸਾਢੇ ਸੱਤ ਸਾਲ ਪੁਰਾਣਾ ਸੀ, ਜਿਸ ’ਚ ਕਾਲਜ ਦੀਆਂ ਇਨ੍ਹਾਂ ਸੀਨੀਅਰ ਵਿਦਿਆਰਥਣਾਂ ਵੱਲੋਂ 18 ਸਾਲ ਦੀ ਇੱਕ ਜੂਨੀਅਰ ਵਿਦਿਆਰਥਣ ਦੀ ਲਗਾਤਾਰ ਰੈਗਿੰਗ ਕੀਤੇ ਜਾਣ ’ਤੇ ਉਸ ਵਿਦਿਆਰਥਣ ਨੇ ਪ੍ਰੇਸ਼ਾਨ ਹੋ ਕੇ ਆਪਣੇ ਹੀ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ

ਵਿਦਿਆਰਥਣ ਨੇ ਖੁਦਕੁਸ਼ੀ ਵਰਗਾ ਦਿਲ-ਕੰਬਾਊ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਸੁਸਾਇਡ ਨੋਟ ’ਚ ਇਨ੍ਹਾਂ ਚਾਰੇ ਵਿਦਿਆਰਥਣਾਂ ਤੋਂ ਇਲਾਵਾ ਅਧਿਆਪਕ ਨੂੰ ਵੀ ਜਿੰਮੇਵਾਰ ਠਹਿਰਾਇਆ ਸੀ ਇਸ ਮਾਮਲੇ ਦਾ ਫੈਸਲਾ ਸੁਣਾਉਂਦੇ ਸਮੇਂ ਅਦਾਲਤ ਨੇ ਆਪਣੇ ਆਦੇਸ਼ ’ਚ ਕਿਹਾ ਕਿ ਵਰਤਮਾਨ ਸਮੇਂ ’ਚ ਬਹੁਤ ਸਾਰੇ ਹੋਣਹਾਰ ਬੱਚੇ ਭਵਿੱਖ ਦੇ ਉੱਜਵਲ ਸੁਫਨੇ ਲੈ ਕੇ ਕਾਲਜ ’ਚ ਪੜ੍ਹਨ ਆਉਂਦੇ ਹਨ ਪਰ ਰੈਗਿੰਗ ਦੀ ਪਰੇਸ਼ਾਨੀ ਦੇ ਨਤੀਜੇ ਵਜੋਂ ਆਪਣਾ ਜੀਵਨ ਖ਼ਤਮ ਕਰ ਲੈਂਦੇ ਹਨ ਅਜਿਹੀ ਸਥਿਤੀ ’ਚ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਸੁਫ਼ਨੇ ਵੀ ਖ਼ਤਮ ਹੋ ਜਾਂਦੇ ਹਨ

ਪਿਛਲੇ ਸਾਲ ਤਾਂ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ’ਚ ਸਕੂਲ-ਕਾਲਜ ਬੰਦ ਰਹੇ, ਇਸ ਲਈ ਰੈਗਿੰਗ ਦੇ ਕਿਤੋਂ ਕੋਈ ਮਾਮਲੇ ਸਾਹਮਣੇ ਨਹੀਂ ਆਏ ਪਰ ਉਸ ਤੋਂ ਪਹਿਲਾਂ ਦੇ ਮਾਮਲਿਆਂ ’ਤੇ ਨਜ਼ਰ ਮਾਰੀਏ ਤਾਂ ਸਥਿਤੀ ਬੇਹੱਦ ਚਿੰਤਾਜਨਕ ਹੈ ਸਿੱਖਿਆ ਸੰਸਥਾਵਾਂ ’ਚ ਰੈਗਿੰਗ ਰੋਕਣ ਲਈ ਸਖ਼ਤ ਅਦਾਲਤੀ ਦਿਸ਼ਾ-ਨਿਰਦੇਸ਼ਾਂ ਦੇ ਬਾਵਜ਼ੂਦ ਪਿਛਲੇ ਕੁਝ ਸਾਲਾਂ ਤੋਂ ਰੈਗਿੰਗ ਦਾ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ

ਲਗਾਤਾਰ ਸਾਹਮਣੇ ਆਏ ਅਜਿਹੇ ਮਾਮਲਿਆਂ ਤੋਂ ਸਪੱਸ਼ਟ ਹੈ ਕਿ ਸੀਨੀਅਰ ਵਿਦਿਆਰਥਣਾਂ ਨੂੰ ਆਪਣੀ ਪਲ ਭਰ ਦੀ ਮਸਤੀ, ਅੱਖੜਤਾ ਅਤੇ ਰੋਹਬ ਕਾਇਮ ਕਰਨ ਲਈ ਅਦਾਲਤੀ ਆਦੇਸ਼ਾਂ ਦੀ ਰੱਤੀ ਭਰ ਵੀ ਪਰਵਾਹ ਨਹੀਂ ਹੈ ਉਨ੍ਹਾਂ ਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਕਿ ਰੈਗਿੰਗ ’ਚ ਉਨ੍ਹਾਂ ਦੀ ਸ਼ਮੂਲੀਅਤ ਸਾਬਤ ਹੋਣ ’ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦਾ ਕੀ ਹਸ਼ਰ ਹੋਵੇਗਾ ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾਂ ਰੈਗਿੰਗ ਦੇ ਮਾਮਲਿਆਂ ’ਚ ਜ਼ਿਆਦਾਤਰ ਲੜਕਿਆਂ ਦੀ ਸ਼ਮੂਲੀਅਤ ਹੀ ਦੇਖਣ ਨੂੰ ਮਿਲਦੀ ਸੀ ਪਰ ਹੁਣ ਲੜਕੀਆਂ ਵੀ ਇਸ ਵਿਚ ਲੜਕਿਆਂ ਤੋਂ ਪਿੱਛੇ ਨਹੀਂ ਹਨ

ਸਾਲ 2009 ’ਚ ਹਿਮਾਚਲ ਦੇ ਧਰਮਸ਼ਾਲਾ ’ਚ ਇੱਕ ਮੈਡੀਕਲ ਕਾਲਜ ਦੇ ਵਿਦਿਆਰਥੀ ਅਮਨ ਕਾਚਰੂ ਦੀ ਰੈਗਿੰਗ ਨਾਲ ਮੌਤ ਤੋਂ ਬਾਅਦ ਸੁਪਰੀਮ ਕੋਰਟ ਨੇ ਦੇਸ਼ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ’ਚ ਰੈਗਿੰਗ ਵਿਰੋਧੀ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਸਨ, ਜਿਸ ਤਹਿਤ ਦੋਸ਼ੀ ਪਾਏ ਜਾਣ ’ਤੇ ਅਜਿਹੇ ਵਿਦਿਆਰਥੀ ਨੂੰ ਤਿੰਨ ਸਾਲ ਦੀ ਸਖ਼ਤ ਕੈਦ ਹੋ ਸਕਦੀ ਹੈ ਅਤੇ ਉਸ ’ਤੇ ਆਰਥਿਕ ਜ਼ੁਰਮਾਨਾ ਵੀ ਲਾਇਆ ਜਾ ਸਕਦਾ ਹੈ

ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸੇ ਵਿਦਿਆਰਥੀ ਦੇ ਰੰਗ-ਰੂਪ ਜਾਂ ਉਸ ਦੇ ਪਹਿਰਾਵੇ ’ਤੇ ਟਿੱਪਣੀ ਕਰਕੇ ਉਸ ਦੇ ਸਵੈ-ਮਾਣ ਨੂੰ ਠੇਸ ਪਹੁੰਚਾਉਣਾ, ਉਸ ਦੀ ਖੇਤਰੀਅਤਾ, ਭਾਸ਼ਾ ਜਾਂ ਜਾਤੀ ਦੇ ਆਧਾਰ ’ਤੇ ਅਪਮਾਨ ਕਰਨਾ, ਉਸ ਦੀ ਨਸਲ ਜਾਂ ਪਰਿਵਾਰਕ ਪਿੱਠਭੂਮੀ ’ਤੇ ਅਭੱਦਰ ਟਿੱਪਣੀ ਕਰਨਾ ਜਾਂ ਉਸ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਕਿਸੇ ਤਰ੍ਹਾਂ ਦਾ ਬੇਲੋੜਾ ਕਾਰਜ ਕਰਵਾਇਆ ਜਾਣਾ ਰੈਗਿੰਗ ਦੇ ਦਾਇਰੇ ’ਚ ਸ਼ਾਮਿਲ ਕੀਤਾ ਗਿਆ ਹੈ ਦੱਸ ਦੇਈਏ ਕਿ 8 ਮਾਰਚ 2009 ਨੂੰ ਹਿਮਾਚਲ ’ਚ ਕਾਂਗੜਾ ਦੇ ਡਾ. ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ’ਚ ਰੈਗਿੰਗ ਦੌਰਾਨ ਚਾਰ ਸੀਨੀਅਰ ਵਿਦਿਆਰਥੀਆਂ ਨੇ ਪਹਿਲੇ ਸਾਲ ਦੇ ਵਿਦਿਆਰਥੀ ਅਮਨ ਸੱਤਿਆ ਕਾਚਰੂ ਨੂੰ ਏਨੀ ਬੇਰਹਿਮੀ ਨਾਲ ਕੁੱਟਿਆ ਸੀ ਕਿ ਉਸ ਦੀ ਮੌਤ ਹੋ ਗਈ ਸੀ ਹਾਲਾਂਕਿ ਅਮਨ ਅਤੇ ਉਸ ਦੇ ਕੁਝ ਦੋਸਤਾਂ ਨੇ ਕਾਲਜ ’ਚ ਰੈਗਿੰਗ ਦੀ ਲਿਖਤੀ ਸ਼ਿਕਾਇਤ ਕਾਲਜ ਦੇ ਪ੍ਰਿੰਸੀਪਲ ਅਤੇ ਹੋਸਟਲ ਅਧਿਕਾਰੀਆਂ ਨੂੰ ਕੀਤੀ ਸੀ

ਪਰ ਕਾਲਜ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਾ ਚੁੱਕਣ ’ਤੇ ਸੀਨੀਅਰ ਵਿਦਿਆਰਥੀਆਂ ਦਾ ਹੌਂਸਲਾ ਏਨਾ ਵਧਿਆ ਕਿ ਉਨ੍ਹਾਂ ਨੇ ਸ਼ਰਾਬ ਪੀ ਕੇ ਰੈਗਿੰਗ ਦੇ ਨਾਂਅ ’ਤੇ ਅਮਨ ਨਾਲ ਇਸ ਤਰ੍ਹਾਂ ਕੁੱਟ-ਮਾਰ ਕੀਤੀ ਕਿ ਡਾਕਟਰ ਬਣ ਕੇ ਆਪਣੇ ਮਾਤਾ-ਪਿਤਾ ਦੇ ਖੁਆਬਾਂ ਨੂੰ ਸਾਕਾਰ ਕਰਨ ਦੀ ਬਜਾਇ ਉਹ ਆਪਣੇ ਮਾਂ-ਬਾਪ ਨੂੰ ਹੰਝੂਆਂ ਦੇ ਦਰਿਆ ’ਚ ਡੁਬੋ ਕੇ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਗਿਆ ਆਂਧਰਾ ਪ੍ਰਦੇਸ਼ ’ਚ ਗੁੰਟੂਰ ਦੇ ਬਾਪਤਲਾ ਸਥਿਤ ਖੇਤੀ ਇੰਜੀਨੀਅਰਿੰਗ ਕਾਲਜ ’ਚ 12 ਮਾਰਚ 2009 ਨੂੰ ਸੀਨੀਅਰ ਵਿਦਿਆਰਥਣਾਂ ਵੱਲੋਂ ਕੀਤੀ ਗਈ ਰੈਗਿੰਗ ਤੋਂ ਖੁਦ ਨੂੰ ਸ਼ਰਮਸ਼ਾਰ ਮਹਿਸੂਸ ਕਰ ਰਹੀ ਨਾਦੀਮਿੰਤੀ ਤ੍ਰਿਵੇਣੀ ਨਾਂਅ ਦੀ ਪਹਿਲੇ ਸਾਲ ਦੀ ਵਿਦਿਆਰਥਣ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ

ਕੁਝ ਸਾਲ ਪਹਿਲਾਂ ਬਿਹਾਰ ਦੇ ਇੱਕ ਮੈਡੀਕਲ ਕਾਲਜ ’ਚ ਰੈਗਿੰਗ ਦੌਰਾਨ ਇੱਕ ਐਨ. ਆਰ. ਆਈ. ਦੇ ਇਕਲੌਤੇ ਪੁੱਤਰ ਦੀ ਮੌਤ ਹੋਣ ’ਤੇ ਬਹੁਤ ਬਵਾਲ ਹੋਇਆ ਸੀ ਇੱਕ ਇੰਜੀਨੀਅਰਿੰਗ ਕਾਲਜ ’ਚ ਤਾਂ ਰੋਜ਼ ਸ਼ਾਮ ਨੂੰ ਹੋਸਟਲ ’ਚ ਜੂਨੀਅਰ ਵਿਦਿਆਰਥੀਆਂ ਨੂੰ ਤੰਗ ਕਰਨ ਲਈ ਉਨ੍ਹਾਂ ਨੂੰ ਮੁਰਗਾ ਬਣਾਇਆ ਜਾਂਦਾ ਸੀ, ਨੰਗਾ ਕਰਕੇ ਉਨ੍ਹਾਂ ਨੂੰ ਇੱਕ-ਦੂਜੇ ਨੂੰ ਫੜ ਕੇ ਰੇਲਗੱਡੀ ਦੇ ਡੱਬਿਆਂ ਵਾਂਗ ਚੱਲਣ ਲਈ ਮਜ਼ਬੂਰ ਕੀਤਾ ਜਾਂਦਾ ਸੀ ਇੱਕ ਕਾਲਜ ਦੇ ਹੋਸਟਲ ’ਚ ਇੱਕ ਵਿਦਿਆਰਥੀ ਨੂੰ ਬਿਜਲੀ ਦੇ ਗਰਮ ਹੀਟਰ ’ਤੇ ਪੇਸ਼ਾਬ ਨੂੰ ਕਰਨ ਕਿਹਾ ਗਿਆ ਸੀਨੀਅਰ ਵਿਦਿਆਰਥੀਆਂ ਦੇ ਦਬਾਅ ’ਚ ਅਜਿਹੀ ਹਰਕਤ ਦਾ ਨਤੀਜਾ ਇਹ ਹੋਇਆ ਕਿ ਕਰੰਟ ਲੱਗਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ

ਇੱਕ ਮੈਡੀਕਲ ਕਾਲਜ ’ਚ ਇੱਕ ਜੂਨੀਅਰ ਵਿਦਿਆਰਥੀ ਨੂੰ ਮਜ਼ਬੂਰ ਕੀਤਾ ਗਿਆ ਕਿ ਉਹ ਰਾਤ ਸਮੇਂ ਪਿੰਜਰ ਵਾਲੇ ਕਮਰੇ ’ਚ ਜਾਵੇ, ਜਿੱਥੇ ਉਸ ਨੂੰ ਡਰਾਉਣ ਲਈ ਪਹਿਲਾਂ ਤੋਂ ਹੀ ਪਿੰਜਰ ਦੇ ਪਿੱਛੇ ਇੱਕ ਵਿਦਿਆਰਥੀ ਲੁਕਿਆ ਸੀ ਜਦੋਂ ਉਸ ਨੂੰ ਡਰਾਇਆ ਗਿਆ ਤਾਂ ਉਹ ਸਦਮੇ ਦੀ ਹਾਲਤ ’ਚ ਬੇਹੋੋਸ਼ ਹੋ ਕੇ ਉੱਥੇ ਹੀ ਡਿੱਗ ਪਿਆ

ਇੱਕ ਇੰਜੀਨੀਅਰਿੰਗ ਕਾਲਜ ’ਚ ਸੀਨੀਅਰ ਵਿਦਿਆਰਥੀਆਂ ਨੇ ਇੱਕ ਜੂਨੀਅਰ ਵਿਦਿਆਰਥੀ ਨੂੰ ਪਾਰਟੀ ਵਿਚ ਰੈਗਿੰਗ ਦੌਰਾਨ ਸਮੁੰਦਰ ’ਚ ਜਾਣ ਦਾ ਫਰਮਾਨ ਦਿੱਤਾ ਪਰ ਟਾਲ-ਮਟੋਲ ਕਰਨ ’ਤੇ ਸੀਨੀਅਰਾਂ ਨੇ ਉਸ ਨੂੰ ਜਬਰਦਸਤੀ ਸਮੁੰਦਰ ’ਚ ਧੱਕ ਦਿੱਤਾ, ਜਿੱਥੇ ਸਮੁੰਦਰ ਦੀਆਂ ਲਹਿਰਾਂ ਉਸ ਨੂੰ ਹਮੇਸ਼ਾ ਲਈ ਆਪਣੇ ਨਾਲ ਰੋੜ੍ਹ ਕੇ ਲੈ ਗਈਆਂ ਫ਼ਿਲਹਾਲ ਸਿਰਫ਼ ਸਿੱਖਿਆ ਸੰਸਥਾਵਾਂ ਦੇ ਪ੍ਰੋਸਪੈਕਟਸ ’ਚ ਹੀ ਰੈਗਿੰਗ ’ਤੇ ਪਾਬੰਦੀ ਦੀ ਗੱਲ ਕਹਿਣ ਅਤੇ ਕਾਲਜ ਦੇ ਨੋਟਿਸ ਬੋਰਡ ’ਤੇ ਇਸ ਸਬੰਧੀ ਇੱਕ ਛੋਟਾ ਜਿਹਾ ਨੋਟਿਸ ਚਿਪਕਾ ਕੇ ਕੰਮ ਨਹੀਂ ਚੱਲਣ ਵਾਲਾ ਜ਼ਰੂਰਤ ਇਸ ਗੱਲ ਦੀ ਹੈ ਕਿ ਕਾਲਜ ਪ੍ਰਸ਼ਾਸਨ ਰੈਗਿੰਗ ’ਚ ਸ਼ਾਮਲ ਪਾਏ ਜਾਣ ਵਾਲੇ ਵਿਦਿਆਰਥੀਆਂ ਖਿਲਾਫ਼ ਸ਼ਖਤ ਕਦਮ ਚੁੱਕਣ ਅਤੇ ਉਨ੍ਹਾਂ ਨੂੰ ਨਾ ਸਿਰਫ਼ ਤੁਰੰਤ ਕਾਲਜ ’ਚੋਂ ਕੱਢ ਦਿੱਤਾ ਜਾਵੇ ਸਗੋਂ ਅਜਿਹੀ ਵਿਵਸਥਾ ਵੀ ਕੀਤੀ ਜਾਵੇ ਕਿ ਅਜਿਹੇ ਵਿਦਿਆਰਥੀ ਜੀਵਨ ਭਰ ਕੋਈ ਵੀ ਪ੍ਰਫੈਸ਼ਨਲ ਡਿਗਰੀ ਹਾਸਲ ਨਾ ਕਰ ਸਕਣ ਤਾਂ ਕਿ ਤਮਾਮ ਕਾਲਜਾਂ ਦੇ ਵਿਦਿਆਰਥੀਆਂ ਲਈ ਇੱਕ ਸਬਕ ਬਣੇ
ਯੋਗੇਸ਼ ਕੁਮਾਰ ਗੋਇਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.