ਸੇਬਾਂ ਦਾ ਟਰੱਕ ਪਲਟਣ ਵਾਲੇ ਵਪਾਰੀ ਦੀ ਮੱਦਦ ਲਈ ਪੰਜਾਬੀ ਆਏ ਅੱਗੇ, ਦਿੱਤਾ 9 ਲੱਖ 12 ਹਜ਼ਾਰ ਦਾ ਚੈੱਕ

Apple Truck
ਸੇਬਾਂ ਦੇ ਵਪਾਰੀ ਮੁਹੰਮਦ ਸ਼ਾਹਿਦ ਨੂੰ ਚੈੱਕ ਦੇਣ ਮੋਕੇ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨਾਲ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਤੇ ਹੋਰ। ਤਸਵੀਰ:  ਅਨਿਲ ਲੁਟਾਵਾ

ਇਨਸਾਨੀਅਤ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫਰਜ਼ : ਡਾ. ਰਵਜੋਤ ਗਰੇਵਾਲ

  • ਪੁਲਿਸ ਨੇ ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ ਵਿਰੁੱਧ ਚੋਰੀ ਦਾ ਮਾਮਲਾ ਦਰਜ਼ ਕਰਕੇ 10 ਕੀਤੇ ਗਿ੍ਰਫਤਾਰ ਦੋ ਹੋਰ ਨਾਮਜ਼ਦ

(ਅਮਿਤ ਸ਼ਰਮਾ, ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਬੀਤੇ ਦਿਨੀਂ ਜੀ.ਟੀ. ਰੋਡ ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਉੜੀਸਾ ਨੂੰ ਜਾ ਰਿਹਾ ਸੇਬਾਂ ਦਾ ਭਰਿਆ ਟਰੱਕ (Apple Truck) ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਜਾਣ ਦੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿੱਚ ਉਦੋਂ ਨਵਾਂ ਮੋੜ ਆਇਆ ਜਦੋਂ ਦੋ ਪੰਜਾਬੀ ਵਪਾਰੀਆਂ ਪਟਿਆਲਾ ਦੇ ਰਾਜਵਿੰਦਰ ਸਿੰਘ ਤੇ ਮੋਹਾਲੀ ਦੇ ਗੁਰਪ੍ਰੀਤ ਸਿੰਘ ਨੇ ਕਸ਼ਮੀਰ ਦੇ ਵਪਾਰੀ ਮੁਹੰਮਦ ਸ਼ਾਹਿਦ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਉਸ ਨੂੰ 9 ਲੱਖ 12 ਹਜ਼ਾਰ ਦਾ ਚੈੱਕ ਦਿੱਤਾ।

ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੇ ਯਤਨਾਂ ਸਦਕਾ ਹੋਏ ਇਸ ਘਟਨਾਕ੍ਰਮ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਖ ਹੋਰ ਨਿਖਰ ਕੇ ਦੁਨੀਆਂ ਦੇ ਸਾਹਮਣੇ ਆਈ ਹੈ। ਜਿਸ ਤੇ ਕਸ਼ਮੀਰ ਦੇ ਬਾਰਮੁੱਲਾ ਦੇ ਸੇਬਾਂ ਦੇ ਵਪਾਰੀ ਨੂੰ ਇਹ ਕਹਿਣਾ ਪਿਆ ਹੈ ਕਿ ਪੰਜਾਬੀ ਹਮੇਸ਼ਾਂ ਲੋਕਾਂ ਦੀ ਮੱਦਦ ਲਈ ਹੀ ਜਾਣੇ ਜਾਂਦੇ ਹਨ।

ਲੋਕਾਂ ਵੱਲੋਂ ਸੇਬਾਂ ਦੀਆਂ ਪੇਟੀਆਂ ਲੁੱਟ ਕੇ ਲੈ ਜਾਣ ਦੀ ਸ਼ੋਸਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੇ ਆਪਣੇ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼੍ਰੀਨਗਰ ਤੋਂ ਸੇਬਾਂ ਦੀਆਂ 1265 ਪੇਟੀਆਂ ਲੈ ਕੇ ਉੜੀਸਾ ਜਾ ਰਹੇ ਸੇਬਾਂ ਦੇ ਭਰੇ ਟਰੱਕ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਪਲਟਣ ਅਤੇ ਲੋਕਾਂ ਵੱਲੋਂ ਸੇਬਾਂ ਦੀਆਂ ਪੇਟੀਆਂ ਲੁੱਟ ਕੇ ਲੈ ਜਾਣ ਦੀ ਸ਼ੋਸਲ ਮੀਡੀਆ ਤੇ ਵੀ.ਡੀ.ਓ. ਵਾਇਰਲ ਹੋਣ ਉਪਰੰਤ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਥਾਣਾ ਬਡਾਲੀ ਆਲਾ ਸਿੰਘ ਵਿਖੇ ਮੁਕੱਦਮਾ ਨੰ: 138 ਧਾਰਾ 379 ਅਧੀਨ ਮਾਮਲਾ ਦਰਜ਼ ਕੀਤਾ ਅਤੇ ਤਕਨੀਕੀ ਟੀਮ ਦੀ ਸਹਾਇਤਾ ਨਾਲ 10 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ 2 ਹੋਰ ਕਥਿਤ ਦੋਸ਼ੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਮੱਦਦ ਲਈ ਅੱਗੇ ਆਏ ਪੰਜਾਬ ਦੇ ਵਪਾਰੀਆਂ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੇ ਅੱਗੇ ਆ ਕੇ ਜੋ ਕੰਮ ਕੀਤਾ ਹੈ ਉਸ ਤੋਂ ਹੋਰਨਾ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।

ਇਸ ਮੌਕੇ ਪੰਜਾਬੀ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਵੇਖੀ ਤਾਂ ਕਾਫੀ ਅਫਸੋਸ ਹੋਇਆ ਸੀ ਕਿਉਕਿ ਪੰਜਾਬੀ ਅਜਿਹੀਆਂ ਹਰਕਤਾਂ ਨਹੀਂ ਕਰਦੇ ਸਗੋਂ ਪੰਜਾਬੀਆਂ ਨੇ ਤਾਂ ਹਮੇਸ਼ਾਂ ਹੀ ਹੋਰਨਾਂ ਦੀ ਅੱਗੇ ਆ ਕੇ ਮੱਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨਾਲ ਸੰਪਰਕ ਕੀਤਾ ਅਤੇ ਸੇਬਾਂ ਦੇ ਵਪਾਰੀ ਦੀ ਮੱਦਦ ਕਰਨ ਦੀ ਗੱਲ ਆਖੀ ਜਿਸ ’ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਸੇਬਾਂ ਦੇ ਵਪਾਰੀ ਨੂੰ ਬੁਲਾਇਆ ਹੈ।

ਸੇਬਾਂ ਦੀ ਟਰੱਕ ਪਲਟਦਿਆਂ ਹੀ ਲੋਕਾਂ ਨੇ ਮਚਾ ਦਿੱਤੀ ਸੀ ਲੁੱਟ

(Apple Truck) ਸੇਬਾਂ ਦੇ ਵਪਾਰੀ ਮੁਹੰਮਦ ਸ਼ਾਹਿਦ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਡਰਾਇਵਰ ਵੱਲੋਂ ਬਣਾਈ ਵੀਡੀਓ ਉਸ ਨੇ ਵੇਖੀ ਤਾਂ ਬਹੁਤ ਬੁਰਾ ਲੱਗਿਆ ਕਿਉਕਿ ਉਹ ਪੰਜਾਬ ਦੇ ਲੋਕਾਂ ਦੀ ਜੋ ਤਸਵੀਰ ਲੈ ਕੇ ਇੱਥੋਂ ਪੜ੍ਹ ਕੇ ਗਿਆ ਸੀ ਇਹ ਵੀਡੀਓ ਉਸ ਤੋਂ ਬਿਲਕੁਲ ਉਲਟ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਨੁੂੰ ਵਿਸ਼ਵਾਸ਼ ਨਹੀਂ ਹੋਇਆ ਕਿ ਪੰਜਾਬ ਦੀ ਧਰਤੀ ਤੇ ਅਜਿਹਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਘਟਨਾ ਕਿਸੇ ਹੋਰ ਸੂਬੇ ਵਿੱਚ ਹੋਈ ਹੁੰਦੀ ਤਾਂ ਏਨਾ ਅਫਸੋਸ ਨਹੀਂ ਸੀ ਹੋਣਾ ।ਉਨ੍ਹਾਂ ਮਦਦ ਲਈ ਅੱਗੇ ਆਏ ਪੰਜਾਬ ਦੇ ਵਪਾਰੀਆਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਡੀ.ਐਸ.ਪੀ. ਅਮਰਪ੍ਰੀਤ ਸਿੰਘ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here