ਯੂਨੀਵਰਸਿਟੀ ਨੇ ਆਪਣੇ ਪੱਖ ‘ਚ ਆਪਣੇ ਆਪ ਨੂੰ ਦੱਸਿਆ ਪਾਕਿ-ਸਾਫ਼

Punjabi University, Told, Itself, Stand

ਵਿਦਿਆਰਥੀ ਗਰੁੱਪਾਂ ‘ਚ ਹੋਈ ਲੜਾਈ ਸਬੰਧੀ ਜਾਂਚ ਕਮੇਟੀ ਬਣਾਈ ਜਾਵੇਗੀ

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਵਿਦਿਆਰਥੀ ਅੰਦੋਲਨ ਸਬੰਧੀ ਅੱਜ ਚੌਥੇ ਦਿਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਡਾ. ਬੀ. ਐੱਸ. ਘੁੰਮਣ ਵੱਲੋਂ ਪ੍ਰੈਸ ਕਾਨਫਰੰਸ ਬੁਲਾ ਕੇ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਾਕ ਸਾਫ਼ ਦੱਸਦਿਆਂ ਇਸ ਮਾਮਲੇ ਦੇ ਨਿਭਾਈ ਗਈ ਭੂਮਿਕਾ ਦੀ ਆਪਣੇ ਮੂੰਹੋਂ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਥੇਬੰਦੀ ਡੀਐੱਸਓ ਵੱਲੋਂ ਧਰਨਾ ਲਾਇਆ ਗਿਆ।

ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਜਥੇਬੰਦੀ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ। ਵਫਦ ਨੇ ਹੋਸਟਲਾਂ ‘ਚ ਮਿਲਦੀਆਂ ਸਹੂਲਤਾਂ ਤੇ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਆਪਣੀਆਂ ਮੰਗਾਂ ਰੱਖੀਆਂ, ਜਿਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਬੜੀ ਗੰਭੀਰਤਾ ਨਾਲ ਸੁਣਿਆ ਗਿਆ ਤੇ ਬਹੁਤ ਸਾਰੀਆਂ ਮੰਗਾਂ ਦਾ ਮੌਕੇ ‘ਤੇ ਨਿਪਟਾਰਾ ਕਰ ਦਿੱਤਾ ਗਿਆ। ਬਾਕੀ ਰਹਿੰਦੀਆਂ ਮੰਗਾਂ ਲਈ ਮੌਕੇ ‘ਤੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੂੰ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ।

ਇਨ੍ਹਾਂ ਮੰਗਾਂ ਤੋਂ ਇਲਾਵਾ ਇਸ ਜਥੇਬੰਦੀ ਵੱਲੋਂ ਜਿਹੜੀ ਅਹਿਮ ਮੰਗ ਉਭਾਰੀ ਗਈ ਉਹ ਲੜਕੀਆਂ ਦੇ ਹੋਸਟਲ ਨੂੰ ਚੌਵੀ ਘੰਟੇ ਖੁੱਲ੍ਹਾ ਰੱਖਣ ਦੀ ਸੀ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਇਨ੍ਹਾਂ ਆਗੂਆਂ ਨੂੰ ਵਾਰ ਵਾਰ ਸਮਝਾਇਆ ਗਿਆ ਕਿ ਇਹ ਮੰਗ ਕਿਸੇ ਤਰ੍ਹਾਂ ਉੱਚਿਤ ਨਹੀਂ ਹੈ। ਡਾ. ਘੁੰਮਣ ਨੇ ਦੱਸਿਆ ਕਿ ਰਾਤ ਦੀ ਸੀਸੀਟੀਵੀ ਫੁਟੇਜ ਨੂੰ ਵੇਖ ਕੇ ਇਸ ਗੱਲ ਦੀ ਜਾਂਚ ਕੀਤੀ ਜਾ ਸਕਦੀ ਹੈ ਕਿ ਉਹ ਬਾਹਰ ਸਨ ਤੇ ਰਾਤ ਨੂੰ ਹੀ ਯੂਨੀਵਰਸਿਟੀ ਪਹੁੰਚੇ ਸਨ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਘਟਨਾਕ੍ਰਮ ਨਾਲ ਸਬੰਧਿਤ ਸਾਰੀ ਵੀਡੀਓ ਫੁਟੇਜ ਸੰਭਾਲ਼ ਕੇ ਸੀਲਬੰਦ ਕਰ ਦਿੱਤੀ ਗਈ ਹੈ ਜੋ ਕਿ ਜਾਂਚ ਕਮੇਟੀ ਨੂੰ ਇੰਨ-ਬਿੰਨ ਸੌਂਪੀ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਵਿਦਿਆਰਥੀ ਜਥੇਬੰਦੀਆਂ ਦੀ ਉਨ੍ਹਾਂ ਦੀ ਅਗਵਾਈ ‘ਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋਈ, ਜਿਸ ‘ਚ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਦੋ ਵਿਦਿਆਰਥੀਆਂ ਗਰੁੱਪਾਂ ਵਿਚ ਹੋਈ ਘਟਨਾ ਦੀ ਨਿਰਪੱਖ ਜਾਂਚ ਹਿੱਤ ਜਾਂਚ ਕਮੇਟੀ ਬਣਾਈ ਜਾਵੇਗੀ, ਜਿਸ ਦੇ ਮੈਂਬਰ ਯੂਨੀਵਰਸਿਟੀ ਤੋਂ ਬਾਹਰ ਦੇ ਹੋਣਗੇ ਜੋ ਤਿੰਨ ਮਹੀਨੇ ‘ਚ ਆਪਣੀ ਰਿਪੋਰਟ ਪੇਸ਼ ਕਰਨਗੇ ਤੇ ਇਸ ਰਿਪੋਰਟ ਨੂੰ ਸਿੰਡੀਕੇਟ ਵਿਚ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਤਿੰਨ ਮੈਂਬਰੀ ਕਮੇਟੀ ‘ਚ ਇੱਕ ਸੇਵਾਮੁਕਤ ਆਈਏਐੱਸ ਅਧਿਕਾਰੀ, ਇੱਕ ਆਈਪੀਐੱਸ ਅਧਿਕਾਰੀ ਤੇ ਇੱਕ ਸਿੱਖਿਆ ਨਾਲ ਸਬੰਧਿਤ ਮਾਹਿਰ ਹੋਵੇਗਾ। ਸਬੰਧਿਤ ਜਥੇਬੰਦੀ ਵੱਲੋਂ ਇਸ ਸਬੰਧੀ ਭਰੋਸੇ ਨੂੰ ਸਵੀਕਾਰ ਵੀ ਕਰ ਲਿਆ ਗਿਆ ਹੈ ਤੇ ਹੋਸਟਲ ਖੁੱਲ੍ਹੇ ਰੱਖਣ ਦੀ ਮੰਗ ‘ਤੇ ਵਾਈਸ-ਚਾਂਸਲਰ ਨੇ ਕਿਹਾ ਕਿ 2016 ‘ਚ ਵੀ ਕੁਝ ਵਿਦਿਆਰਥੀਆਂ ਵੱਲੋਂ ਅਜਿਹੀ ਹੀ ਮੰਗ ਰੱਖੀ ਗਈ ਸੀ, ਜਿਸ ਨੂੰ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਠੁਕਰਾ ਦਿੱਤਾ ਗਿਆ ਸੀ। ਇਸ ਸਮੇਂ ਵੀ ਇਹ ਮੰਗ ਮੰਨਣਾ ਸੰਭਵ ਨਹੀਂ ਹੈ।

‘ਵਰਸਿਟੀ ‘ਚ ਗੁੰਡਾਗਰਦੀ ਦੇ ਮਸਲੇ ‘ਤੇ ਜਥੇਬੰਦੀਆਂ ਦੇ ਵਫ਼ਦ ਵੱਲੋਂ ਵੀਸੀ ਨਾਲ ਮੁਲਾਕਾਤ

ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ 18 ਸਤੰਬਰ ਨੂੰ ਹੋਈ ਹਿੰਸਕ ਝੜਪ ਦੇ ਮੁੱਦੇ ‘ਤੇ ‘ਗੁੰਡਾਗਰਦੀ ਵਿਰੋਧੀ ਫਰੰਟ’ ਦੇ ਨਾਂਅ ਹੇਠ ਵੱਖ-ਵੱਖ ਜਥੇਬੰਦੀਆਂ ਦੇ ਇੱਕ ਵਫ਼ਦ ਵੱਲੋਂ 20 ਸਤੰਬਰ ਦੀ ਰਾਤ ਵਾਈਸ ਚਾਂਸਲਰ ਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ। ਵਫ਼ਦ ਨੇ ਮੰਗ ਕੀਤੀ ਕਿ ਮੁੱਖ ਸੁਰੱਖਿਆ ਅਫ਼ਸਰ ਕੈਪਟਨ ਗੁਰਤੇਜ ਸਿੰਘ ਨੂੰ ਬਰਖਾਸਤ ਕੀਤਾ ਜਾਵੇ ਤੇ ਕੁੜੀਆਂ ਲਈ ਨਿਯੁਕਤ ਕੀਤੀ ਅਡੀਸ਼ਨ ਡੀਨ ਤੇ ਅਡੀਸ਼ਨਲ ਪ੍ਰਵੋਸਟ ਨੂੰ ਵੀ ਉਹਨਾਂ ਦੇ ਅਹੁਦਿਆਂ ਤੋਂ ਫਾਰਗ਼ ਕੀਤਾ ਜਾਵੇ ਇਸਦੇ ਨਾਲ਼ ਹੀ ਹਮਲਾ ਕਰਨ ਵਾਲੇ ਵਿਦਿਆਰਥੀਆਂ ‘ਤੇ ਕੁੜੀਆਂ ਨਾਲ਼ ਛੇੜਛਾੜ, ਝਗੜੇ ਤੇ ਗੁੰਡਾਗਰਦੀ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾਵੇ।

ਵਾਈਸ ਚਾਂਸਲਰ ਨੇ ਇਹਨਾਂ ਮੰਗਾਂ ਤਹਿਤ ਮੁੱਖ ਸੁਰੱਖਿਆ ਅਫ਼ਸਰ ਲਈ ਜਾਂਚ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਹੈ। ਇਸਦੇ ਨਾਲ਼ ਹੀ 18 ਸਤੰਬਰ ਦੀ ਰਾਤ ਦੇ ਪੂਰੇ ਘਟਨਾਕ੍ਰਮ ਦੀ ਜਾਂਚ ਲਈ ਯੂਨੀਵਰਸਿਟੀ ਤੋਂ ਬਾਹਰਲੇ ਕਿਸੇ ਵਿਅਕਤੀ ਨੂੰ ਨਿਯੁਕਤ ਕੀਤਾ ਜਾਵੇਗਾ ਜੋ ਇੱਕ ਭਰੋਸਯੋਗ ਪਛਾਣ ਰੱਖਦਾ ਹੋਵੇ ਇਸ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਸ਼ੁੱਕਰਵਾਰ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਦੇ ਫੈਸਲੇ ਦੀ ਉਡੀਕ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Punjabi University, Told, Itself, Stand