Punjabi Story : ਸਾਡੇ ਨਿਆਈਂ ਵਾਲੇ ਖੇਤ ਵਿੱਚ ਪੰਜ-ਛੇ ਰੁੱਖ ਲਾਏ ਹੁੰਦੇ ਸਨ, ਜਿਨ੍ਹਾਂ ਦਾ ਖੇਤ ਵਿੱਚ ਕੰਮ ਕਰਦੇ ਸਮੇਂ ਬਹੁਤ ਹੀ ਅਰਾਮ ਰਹਿੰਦਾ ਸੀ। ਉਨ੍ਹਾਂ ਵਿੱਚ ਇੱਕ ਰੁੱਖ ਬੜਾ ਪੁਰਾਣਾ ਸੀ। ਉਸਦੀ ਛਾਂ ਵੀ ਬਹੁਤ ਸੰਘਣੀ ਸੀ ਜਦੋਂ ਕਦੇ ਖੇਤ ਵਿੱਚ ਕਈ-ਕਈ ਕਾਮੇ ਕੰਮ ਕਰਦੇ ਹੁੰਦੇ ਤਾਂ ਉਸ ਰੁੱਖ ਦੇ ਟਾਹਣਿਆਂ ’ਤੇ ਸਾਰਿਆਂ ਨੇ ਆਪੋ-ਆਪਣੇ ਕੱਪੜੇ, ਰੋਟੀ ਵਾਲਾ ਝੋਲਾ ਤੇ ਦੁੱਧ ਵਾਲਾ ਡੋਲੂ ਆਦਿ ਟੰਗ ਦੇਣਾ। ਪਾਣੀ ਦਾ ਘੜਾ ਭਰ ਕੇ ਉਸਦੀਆਂ ਜੜ੍ਹਾਂ ਦੇ ਵਿੱਚ ਰੱਖ ਦਿੰਦੇ ਸੀ। ਜਿਸ ਨਾਲ ਪਾਣੀ ਠੰਢਾ ਰਹਿੰਦਾ ਸੀ ।ਜਦੋਂ ਕਦੇ ਰੋਟੀ ਖਾ ਕੇ ਅਤੇ ਅਰਾਮ ਕਰਕੇ ਉੱਠਣਾ ਤਾਂ ਜੀਤੇ ਪਹਿਲਵਾਨ ਨੇ ਕਹਿਣਾ ਕਿ ਰੁੱਖ ਦੀ ਛਾਂ ਕਿੰਨੀ ਠੰਢੀ ਹੈ। ਮੈਨੂੰ ਤਾਂ ਇਉਂ ਲੱਗਾ ਜਿਵੇਂ ਮੈਂ ਜਹਾਜ਼ ਦੇ ਵਿੱਚ ਸਫਰ ਕਰ ਰਿਹਾ ਹੋਵਾਂ ਜਿਉਂਦਾ ਰਹਿ ਬਈ ਰੁੱਖ ਲਾਉਣ ਵਾਲਿਆ!
ਕਈ ਸਾਲ ਪੁਰਾਣੀ ਗੱਲ ਹੈ। ਮੈਂ ਤੇ ਮੇਰਾ ਬਾਪੂ ਸਵੇਰੇ ਸਵਖਤੇ ਹੀ ਖੇਤ ਚਲੇ ਗਏ। ਉਨ੍ਹਾਂ ਦਿਨਾਂ ਵਿੱਚ ਖੇਤੀ ਬਲਦਾਂ ਦੇ ਨਾਲ ਹੀ ਕਰਦੇ ਹੁੰਦੇ ਸੀ। ਅਸੀਂ ਨਿਆਈਂ ਵਾਲੇ ਖੇਤ ਵਿਚ ਹਲ਼ ਵਾਹੁਣਾ ਸੀ। ਦੋ ਕਿੱਲਿਆਂ ਦੀ ਵਾਹੀ ਸੀ। ਬਾਪੂ ਅੱਗੇ-ਅੱਗੇ ਹਲ ਵਾਹੀ ਗਿਆ। ਮੈਂ ਪਿੱਛੇ ਪਿੱਛੇ ਘਾਹ ’ਕੱਠਾ ਕਰਦਾ ਸੀ। ਜਦੋਂ ਹਾਜਰੀ ਦਾ ਟਾਈਮ ਹੋਇਆ, ਮੈਂ ਵੇਖਿਆ ਬੇਬੇ ਅਜੇ ਕਿਤੇ ਦਿਖਾਈ ਨਹੀਂ ਦਿੰਦੀ ਸੀ। ਭੁੱਖ ਬਹੁਤ ਲੱਗੀ ਹੋਈ ਸੀ। ਢਿੱਡ ਦੇ ਵਿੱਚ ਤਾਂ ਚੂਹੇ ਨੱਚਦੇ ਸੀ। ਆਂਦਰਾਂ ਵੀ ਭੁੱਖ ਨਾਲ ਕੁਰਬਲ-ਕੁਰਬਲ ਕਰਦੀਆਂ ਸਨ। ਮੈਂ ਮੁੜ-ਮੁੜ ਅੱਡੀਆਂ ਚੁੱਕ ਕੇ ਵੇਖ ਲੈਂਦਾ, ਪਰ ਬੇਬੇ ਕਿਤੇ ਦਿਖਾਈ ਨਹੀਂ ਸੀ ਦਿੰਦੀ। ਮੈਂ ਮਨ ਹੀ ਮਨ ਸੋਚਦਾ ਸੀ, ਬੇਬੇ ਅੱਜ ਲੇਟ ਹੋ ਗਈ। (Punjabi Story)
The tree spoke
ਇੰਨੇ ਚਿਰ ਨੂੰ ਬੇਬੇ ਨੂੰ ਮੈਂ ਵੇਖ ਲਿਆ ਤੇ ਮੈਨੂੰ ਸੁਖ ਦਾ ਸਾਹ ਆਇਆ। ਮੇਰੀ ਬੇਬੇ ਸਿਰ ਦੇ ਉੱਪਰ ਰੋਟੀਆਂ ਤੇ ਹੱਥ ਵਿਚ ਲੱਸੀ ਦੀ ਬਾਲਟੀ ਲੈ ਕੇ ਆ ਗਈ ਖੂੰਜੇ ਵਾਲੀ ਜਗ੍ਹਾ ਪੰਜ-ਛੇ ਵਿਸਵੇ ਰਹਿੰਦੀ ਸੀ। ਬੇਬੇ ਨੇ ਆਵਾਜ ਮਾਰੀ, ‘‘ਵੇ ਬਿੱਟੂ ਪੁੱਤ! ਆ ਕੇ ਰੋਟੀ ਖਾ ਲੈ, ਨਾਲੇ ਆਪਣੇ ਬਾਪੂ ਨੂੰ ਆਵਾਜ ਮਾਰਦੇ।’’ ਮੈਂ ਬਾਪੂ ਨੂੰ ਆਵਾਜ ਮਾਰੀ, ‘‘ਆਜਾ ਬਾਪੂ ਰੋਟੀ ਖਾ ਲੈ ਆ ਕੇ।’’ ਆਵਾਜ ਮਾਰ ਕੇ ਮੈਂ ਰੁੱਖ ਦੀ ਛਾਂ ਹੇਠ ਆ ਕੇ ਬੈਠ ਗਿਆ ਇੰਨੇ ਨੂੰ ਬਾਪੂ ਵੀ ਆ ਗਿਆ।
ਬੇਬੇ ਨੇ ਮਿੱਸੀਆਂ ਰੋਟੀਆਂ, ਦਹੀਂ, ਅੰਬ ਦਾ ਆਚਾਰ ਅਤੇ ਗੰਢਾ ਰੱਖ ਕੇ ਫੜਾ ਦਿੱਤੀਆਂ ਤੇ ਨਾਲ ਹੀ ਵੱਡਾ ਪਿੱਤਲ ਦਾ ਗਲਾਸ ਲੱਸੀ ਦਾ ਭਰ ਦਿੱਤਾ ਹਾਜਰੀ ਖਾਣ ਤੋਂ ਬਾਅਦ ਵਿੱਚ ਬੇਬੇ ਕਹਿੰਦੀ, ‘‘ਲੈ ਫੜ, ਗੁੜ ਵੀ ਖਾ ਲੈ ਗਰਦ-ਗੁਰਦ ਨਹੀਂ ਚੜ੍ਹਦੀ ਹੁੰਦੀ।’’ ਕੁੱਝ ਪਲ ਰੁੱਖ ਥੱਲੇ ਆਰਾਮ ਕਰਨ ਤੋਂ ਬਾਅਦ ਬਾਪੂ ਕਹਿੰਦਾ, ‘‘ਤੂੰ ਪੁੱਤਰਾ ਬਲਦਾਂ ਨੂੰ ਪਾਣੀ ਪਿਆ ਦੇ। ਮੈਂ ਕੁੱਝ ਚਿਰ ਹੋਰ ਅਰਾਮ ਕਰ ਲਵਾਂ, ਛਾਂ ਹੇਠੋਂ ਉੱਠਣ ਨੂੰ ਜੀਅ ਨਹੀਂ ਕਰਦਾ।’’ ਮੈਂ ਬਦਲਾਂ ਨੂੰ ਪਾਣੀ ਵਗੈਰਾ ਪਿਆ ਲਿਆਇਆ ਉਸ ਤੋਂ ਬਾਅਦ ਬਾਪੂ ਫਿਰ ਹਲ ਵਾਹੁਣ ਲੱਗ ਪਿਆ।
Punjabi Story
ਦੋ ਗੇੜੇ ਲਾਉਣ ਤੋਂ ਬਾਅਦ ਬਾਪੂ ਕਹਿੰਦਾ, ‘‘ਪੁੱਤ ਜਾਹ ਘਰੋਂ ਕੁਹਾੜੀ ਤੇ ਆਰੀ ਲੈ ਕੇ ਆ। ਇਹ ਰੁੱਖ ਦਾ ਟਾਹਣਾ ਅੜਿੱਕਾ ਲਾਉਂਦਾ, ਇਹਨੂੰ ਵੱਢ ਦਿੰਦੇ ਹਾਂ’’ ਮੈਂ ਛੇਤੀ ਨਾਲ ਘਰੋਂ ਕੁਹਾੜੀ ਤੇ ਆਰੀ ਲੈ ਆਇਆ। ਜਦੋਂ ਬਾਪੂ ਨੇ ਪਹਿਲਾ ਟੱਕ ਲਾਇਆ ਤਾਂ ਰੁੱਖ ਬੋਲ ਪਿਆ, ‘‘ਬੰਤਾ ਸਿਆਂ! ਰੁਕ ਜਾ, ਇਹ ਕਹਿਰ ਨਾ ਕਮਾ, ਤੂੰ ਆਪਣੇ ਹੱਥੀਂ ਮੈਨੂੰ ਲਾਇਆ, ਨਿੱਕੇ ਹੁੰਦੇ ਨੂੰ ਮੈਨੂੰ ਪਾਣੀ ਪਾਉਂਦਾ ਰਿਹਾ ਏਂ, ਮੈਂ ਵੀ ਤੈਨੂੰ ਛਾਂ ਦਿੰਦਾ ਰਿਹਾ ਹਾਂ, ਤੇਰੀ-ਮੇਰੀ ਬਚਪਨ ਦੀ ਗੂੜ੍ਹੀ ਦੋਸਤੀ ਹੈ’’
ਮੈਨੂੰ ਇੰਝ ਲੱਗਾ ਜਿਵੇਂ ਰੁੱਖ ਬੋਲ ਰਿਹਾ ਹੋਵੇ ਤੇ ਮੈਨੂੰ ਆਖ ਰਿਹਾ ਹੋਵੇ ਕਿ ਤੂੰ ਹੀ ਪਾਪੀ ਬੰਦਾ ਹੈਂ, ਜਿਸਨੇ ਕੁਹਾੜੀ ਅਤੇ ਆਰੀ ਲਿਆ ਕੇ ਦਿੱਤੀ ਹੈ। ਬਾਪੂ ਇੱਕ ਦਮ ਰੁਕ ਗਿਆ ਰੁੱਖ ਕਹਿੰਦਾ, ‘‘ਸੁਣੋ! ਆਪਣੀ ਕਿੰਨੇ ਸਾਲਾਂ ਦੀ ਪੁਰਾਣੀ ਦੋਸਤੀ ਹੈਂ, ਤੁਸੀਂ ਮੈਨੂੰ ਆਪਣੇ ਹੱਥੀਂ ਲਾਇਆ, ਵੱਡਾ ਕੀਤਾ।’’ ਬਾਪੂ ਰੁਕ ਗਿਆ
Also Read : ਮਾਂ-ਬੋਲੀ ’ਚ ਸਿੱਖਿਆ ਦੀ ਉਪਯੋਗਿਤਾ
ਜਦੋਂ ਮੈਂ ਉੱਪਰ ਨਿਗ੍ਹਾ ਮਾਰੀ ਤਾਂ ਉੱਪਰ ਪੰਛੀ ਦਾ ਆਲ੍ਹਣਾ ਸੀ ਜਿਸ ਵਿੱਚ ਨਿੱਕੇ-ਨਿੱਕੇ ਬੱਚੇ ਸ਼ੋਰ ਮਚਾ ਰਹੇ ਸਨ ਮੈਂ ਵੀ ਬਾਪੂ ਨੂੰ ਰੋਕ ਦਿੱਤਾ ਬਾਪੂ ਕਹਿੰਦਾ, ‘‘ਬਿੱਟੂ ਪੁੱਤ ਸ਼ਾਬਾਸ਼ ਤੇਰੇ! ਤੂੰ ਮੈਨੂੰ ਰੁੱਖ ਵੱਢਣ ਤੋਂ ਰੋਕ ਦਿੱਤਾ। ਮੈਂ ਕਿੱਡਾ ਵੱਡਾ ਪਾਪ ਕਰਨ ਲੱਗਾ ਸੀ। ਲੈ ਫੜ ਕੁਹਾੜੀ ਤੇ ਆਰੀ ਘਰ ਰੱਖ ਕੇ ਆਜਾ, ਅੱਜ ਤੋਂ ਬਾਅਦ ਮੈਂ ਕਦੇ ਵੀ ਰੁੱਖ ਨਹੀਂ ਵੱਢਾਂਗਾ ਸਗੋਂ ਆਪਾਂ ਅਗਲੇ ਸਾਲ ਬੂਟਿਆਂ ਦਾ ਬਾਗ ਲਾਵਾਂਗੇ।’’
ਸੂਬੇਦਾਰ ਜਸਵਿੰਦਰ ਸਿੰਘ,
ਪੰਧੇਰ ਖੇੜੀ, ਲੁਧਿਆਣਾ
ਮੋ. 81461-95193