ਉੱਤਮ ਕਲਾ ਤੋਂ ਢਹਿੰਦੀ ਕਲਾ ਵੱਲ ਪੰਜਾਬੀ ਗਾਇਕੀ

ਉੱਤਮ ਕਲਾ ਤੋਂ ਢਹਿੰਦੀ ਕਲਾ ਵੱਲ ਪੰਜਾਬੀ ਗਾਇਕੀ

ਸੰਗੀਤ ਮਨੁੱਖ ਦੀ ਮਹਾਨ ਖੋਜ ਤੇ ਉੁੱਤਮ ਕਲਾ ਹੈ। ਇਹ ਜਿੰਦਗੀ ਦੇ ਸਭ ਰੰਗਾ (ਖੁਸ਼ੀ, ਵਿਛੋੜਾ, ਰੂਹਾਨੀ, ਵੈਰਾਗ, ਪ੍ਰੇਮ, ਦੁੱਖ) ਦੇ ਭਾਵ ਨੂੰ ਸੁਰਾਂ ਦੇ ਅਲਾਪ ਨਾਲ ਰੂਹੀ ਅਨੰਦ ਬਖ਼ਸ਼ਦਾ ਹੈ । ਸੰਗੀਤ ਸਿਧਾਂਤਕਾਰ ਇਸ ਨੂੰ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਮੰਨਦੇ ਹਨ। ਇੱਕ ਸੁਰਬੱਧ ਤੇ ਸਹਿਜ ਭਰਿਆ ਸੰਗੀਤ ਦਿਮਾਗੀ ਬੋਝ ਹਲਕਾ ਕਰਦਾ ਹੈ। ਇਸ ਰਾਹੀਂ ਅਸੀਂ ਆਪਣੀ ਮਨੋ-ਭਾਵਨਾ ਨੂੰ ਬਿਨਾ ਬੋਲੇ ਉਜਾਗਰ ਕਰ ਸਕਦੇ ਹਾਂ। ਮਨੋਵਿਗਿਆਨੀਆਂ ਅਨੁਸਾਰ ਕੋਈ ਵੀ ਚੰਗੇ-ਮਾੜੇ ਸ਼ਬਦ ਨੂੰ ਵਾਰ-ਵਾਰ ਸੁਣਨ ਨਾਲ ਦਿਮਾਗੀ ਤਰੰਗਾਂ ਦਾ ਝੁਕਾਉ ਉਸ ਪਾਸੇ ਜਾਂਦਾ ਹੈ।

ਅਜਿਹਾ ਪ੍ਰਭਾਵ ਬੱਚੇ ਤੇ ਨੌਜਵਾਨ ਜਲਦੀ ਕਬੂਲਦੇ ਹਨ। ਇਸੇ ਲਈ ਸੰਗੀਤ ਨਾਲ ਜੁੜਿਆ ਹਰ ਗਾਇਕ, ਗੀਤਕਾਰ, ਸਾਜੀ, ਕੰਪਨੀ ਤੇ ਸਰੋਤੇ ਸਭ ਮਹੱਤਵਪੂਰਨ ਹਨ। ਜਿਹੜੇ ਦੁਨੀਆ ਵਿੱਚ ਆਪਣੇ ਸੱਭਿਆਚਾਰ ਜਾਂ ਕਲਾ ਨੂੰ ਪ੍ਰਫੁੱਲਤ ਕਰਦੇ ਹਨ ।ਪਰ ਮੌਜੂਦਾ ਦੌਰ ਦਾ ਪੰਜਾਬੀ ਸੰਗੀਤ ਸਾਂਝ, ਸਕੂਨ ਤੇ ਸੱਭਿਆਚਾਰ ਦੀ ਕਸਵੱਟੀ ‘ਤੇ ਖਰਾ ਨਹੀਂ ਉੱਤਰ ਰਿਹਾ। ਡਿਜ਼ੀਟਲ ਦੁਨੀਆ ਤੇ ਦੌਲਤ ਦੀ ਦੌੜ ਨੇ ਇਸਦੇ ਮਕਸਦ ਬਦਲ ਦਿੱਤੇ। ਉਹ ਵੀ ਸਮਾਂ ਸੀ ਜਦੋਂ ਅਵਾਜ ਤੋਂ ਗਾਇਕ ਦੀ ਪਹਿਚਾਣ ਹੁੰਦੀ ਸੀ। ਉਨ੍ਹਾਂ ਦੇ ਗਾਣਿਆਂ ਨੂੰ ਸੁਣਨ ਲੋਕ ਮੀਲਾਂ ਦਾ ਪੈਂਡਾ ਪੈਦਲ ਹੀ ਤੈਅ ਕਰ ਲੈਂਦੇ ਸਨ। ਰੰਗ-ਬਰੰਗੀ ਕਨਾਤਾਂ, ਝੰਡੀਆਂ ਤੇ ਛਾਇਆਵਾਨ ਹੇਠ ਘੜੇ, ਚਿਮਟਾ, ਢੋਲਕੀ ਤੇ ਹਰਮੋਨੀਅਮ ਨਾਲ ਸਟੇਜ ਸਜਾਈ ਜਾਂਦੀ।

ਆਸਾ ਸਿੰਘ ਮਸਤਾਨਾ ਵਰਗੇ ਸੁਰੀਲੇ ਗਾਇਕ-

‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ,
ਚਰਖੀ ਦੇ ਸ਼ੌਕ ਕੱਤ ਲਈਆਂ ਪੂਣੀਆਂ”

ਦੇ ਬੋਲਾਂ ਰਾਹੀਂ ਪੰਜਾਬੀ ਮੁਟਿਆਰ ਦੀ ਮਿਹਨਤ, ਸੀਰਤ ਤੇ ਰਿਸ਼ਤੇ ਨਿਭਾਉਣ ਵਾਲੇ ਸੰਸਕਾਰਾਂ ਦੀ ਹਾਮੀ ਭਰਦੇ। ਪੁਰਾਣੇ ਵੇਲੇ ਦੇ ਗਇਕਾਂ ਦੇ ਸਾਦ-ਮੁਰਾਦੇ ਪਹਿਰਾਵੇ ਤੇ ਗਾਏ ਗੀਤ ਲੋਕੀ ਅੱਜ ਵੀ ਚੇਤੇ ਕਰਦੇ ਹਨ। ਇਹ ਗੀਤ ਸੁਣਨ ਲੱਗਿਆਂ ਅਕਾਊ ਨਹੀਂ ਸਗੋਂ ਦਿਲ ਨੂੰ ਛੂੰਹਦੇ ਹਨ। ਅਜੋਕੀ ਪੀੜ੍ਹੀ ਦੇ ਸਿੰਗਰਾਂ ਵਾਂਗ ਦਿਖਾਵੇ ਲਈ ਸਾਜੀਆਂ ਦੀ ਡਾਰ ਨਹੀਂ ਸੀ ਹੁੰਦੀ। ਸਗੋ ਰਿਆਜ ਕਰ ਸੋਧੀ ਅਵਾਜ ਨਾਲ ਰਸੀਲੇ ਤੇ ਮਨੋਰੰਜਨਦਾਇਕ ਅਖਾੜੇ ਲਾਉਂਦੇ ਸਨ।

ਸੀ.ਡੀ ਦੇ ਗਾਣੇ ਚਲਾ ਕੇ ਸ਼ੋਅ ਲਾਉਣੇ ਨਵਯੁੱਗ ਤੇ ਮੌਸਮੀ ਗਾਇਕਾਂ ਦੀ ਖੋਜ ਹੈ। ਲਾਲ ਚੰਦ ਯਮਲਾ ਤੂੰਬੀ ਨੂੰ ਸਾਜ ਵਜੋਂ ਮਾਨਤਾ ਦਵਾਉਣ ਵਾਲਾ ਗਇਕ ਸੀ । ਜੋ ਆਪਣੇ ਅਖਾੜੇ ਵਿੱਚ ਤੂੰਬੀ ‘ਤੇ ਗਉਣ ਨਾਲ ਹੀ ਸਰੋਤਿਆਂ ਨੂੰ ਬੰਨ੍ਹੀ ਰੱਖਦਾ ਸੀ। ਲੋਈ ਦੀ ਬੁੱਕਲ ਮਾਰ ਤੂੰਬੀ ਦੀ ਤੁਣਕ-ਤੁਣਕ  ਨਾਲ ਗੀਤਾਂ ਦੀ ਝੜੀ ਦਿੰਦਾ। ਅਜਿਹੇ ਸੰਗੀਤਮਈ ਰੰਗ ਵਿੱਚ ਰੰਗੇ ਲੋਕੀ ਘਰ ਜਾਣਾ ਤਾਂ ਦੂਰ ਧੁੱਪਾਂ-ਛਾਵਾਂ ਵੀ ਭੁੱਲ ਜਾਂਦੇ। ਪੰਜਾਬੀ ਗਾਇਕੀ ਨੂੰ ਸੰਗੀਤ ਪ੍ਰੇਮੀ ਰੀਝ ਨਾਲ ਸੁਣਦੇ ਸਨ। ਉਂਜ ਸ਼ਾਇਦ ਹੀ ਕੋਈ ਦੂਜੀ ਖੇਤਰੀ ਭਾਸ਼ਾ ਜਾਂ ਰਾਜ ਹੋਵੇ ਜਿਸ ਦੇ ਗਾਇਕ ਭਾਰਤ ਤੇ ਵਿਦੇਸ਼ਾਂ ਵਿੱਚ ਲਗਾਤਾਰ 7-8 ਦਹਾਕਿਆਂ ਤੋਂ ਅਖਾੜੇ ਲਾਉਂਦੇ ਹੋਵਣ।

70ਵਿਆਂ ਤੋਂ ਬਾਅਦ ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਤੇ ਸਦੀਕ ਵਰਗੇ ਗਾਇਕਾਂ ਦਾ ਸੁਨਹਿਰੀ ਯੁੱਗ ਸੀ। ਜਿਹੜੇ ਪਹਿਲੀ ਕਤਾਰ ਦੇ ਗਵੱਈਏ ਸਨ। ਜਿਨ੍ਹਾਂ ਨੂੰ ਲੋਕਾਂ ਨੇ ਖੂਬ ਸੁਣਿਆ ਤੇ ਸਲਾਹਿਆ। ਪਰ ਉਸ ਸਮੇਂ ਦੂਹਰੀ ਸ਼ਬਦਾਬਲੀ ਨੂੰ ਲੋਕੀ ਨਕਾਰਦੇ ਵੀ ਸੀ। ਇਹ ਜੁਅਰਤ ਅੱਜ ਦੇ ਸਰੋਤਿਆਂ ਵਿੱਚ ਘੱਟ ਹੈ। ਗਾਇਕਾਂ ਨੇ ਪੰਜਾਬੀਅਤ ਨਾਲ ਜੁੜੇ ਜੁਝਾਰੂ ਯੋਧਿਆਂ ਦੀਆਂ ਵਾਰਾਂ, ਕਿੱਸੇ ਤੇ ਲੋਕ ਕਥਾਵਾਂ ਨੂੰ ਦੁਨੀਆ ਵਿੱਚ ਵੀ ਪਹੁੰਚਾਇਆ। ਫਿਰ ਭਾਵੇਂ ਉਹ ਸੁਰਿੰਦਰ ਛਿੰਦੇ ਦਾ ਗਾਇਆ ਦੁੱਲਾ ਭੱਟੀ ਜਾਂ ਲੰਮੀ ਹੇਕ ਨਾਲ ਮਾਣਕ ਦੀਆਂ ਗਾਈਆਂ ਕਲੀਆਂ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ?ਵਾਰਾਂ ਹੋਣ, ਇਹ ਅੱਜ ਵੀ ਸੁਣਨਾ ਲੋਕ ਪਸੰਦ ਕਰਦੇ ਹਨ। ਅਜਿਹਾ ਸੰਗੀਤ ਸਦੀਵੀ ਸਾਂਝ ਦਾ ਪ੍ਰਤੀਕ ਹੋ ਨਿੱਬੜਿਆ।

ਉਸ ਦੌਰ ਦੀਆਂ ਗਾਇਕਾਵਾਂ ਨੇ ਵੀ ਆਪਣਾ ਚੋਖਾ ਯੋਗਦਾਨ ਪਾਇਆ । ਅੱਜ ਵੀ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਨਰਿੰਦਰ ਬੀਬਾ ਤੇ ਡੌਲ਼ੀ ਗੁਲੇਰੀਆ ਦੇ ਗੀਤ ਵਿਆਹ ਮੌਕੇ ਗੂੰਜਦੇ ਹਨ। ਹੁਣ ਤਾਂ ਹੋਛੀ ਗੀਤਕਾਰੀ ਨੂੰ ਫੈਲਾਉਣ ਵਿੱਚ  ਨਵੀਆਂ ਗਾਇਕਾਵਾਂ ਵੀ ਉਲਝਕੇ ਰਹਿ ਗਈਆਂ ਹਨ 90ਵੇਂ ਤੋਂ ਬਾਅਦ ਪੰਜਾਬੀ ਸੰਗੀਤ ਦਾ ਮੁੰਬਈ ਫਿਲਮ ਇੰਡਸਟਰੀ ਵਿੱਚ ਵੀ ਖੂਬ ਬੋਲਬੋਲਾ ਰਿਹਾ। ਸੁਖਵਿੰਦਰ ਸੁੱਖੀ, ਦਲੇਰ ਮਹਿੰਦੀ, ਗੁਰਦਾਸ ਮਾਨ, ਹੰਸ ਰਾਜ, ਸਰਦੂਲ ਸਿਕੰਦਰ, ਜਸਵੀਰ ਜੱਸੀ ਨੇ ਹਿੰਦੀ ਫਿਲਮਾਂ ਵਿਚ ਚੰਗਾ ਨਾਂਅ ਕਮਾਇਆ । ਹਿੰਦੀ ਫਿਲਮਸਾਜ ਪੰਜਾਬੀ ਗਾਣਾ ਫਿਲਮ ਵਿਚ ਪਾਉਣਾ ਜਰੂਰੀ ਸਮਝਣ ਲੱਗੇ। ਅੱਜ ਵੀ ਦਲਜੀਤ ਦੁਸਾਂਝ, ਜੱਸੀ ਗਿੱਲ ਤੇ ਕੁਝ ਹੋਰ ਪੰਜਾਬੀ ਗਾਇਕ ਚੰਗਾ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : SYL ਮੁੱਦੇ ’ਤੇ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ

ਪਰ ਪੰਜਾਬੀ ਗਾਉਣ ਵੇਲੇ ਤਾਂ ਮਹਿੰਗੀਆਂ ਕਾਰਾਂ, ਨਸ਼ੇ, ਗੈਂਗਵਾਰ ਤੇ ਹਥਿਆਰ ਹੀ ਨਜ਼ਰ ਆਉਂਦੇ ਹਨ । ਜਿਸ ਨੂੰ ਰੋਕਣ ਲਈ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਂਜ ਅੱਜ ਦੇ ਹੋਛੇ ਅਤੇ ਅਸ਼ਲੀਲ ਗੀਤਾਂ ਨੇ ਵੀ ਕਈਆਂ ਨੂੰ ਸਟਾਰ ਬਣਾਇਆ। ਜੋ  ਮਨੋਰੰਜਨ ਤੱਕ ਹੀ ਸੀਮਤ ਰਹੇ । ਪਰ ਲੋਕਾਂ ਦੇ ਦਿਲ ਵਿੱਚ ਨਾ ਵੱਸ ਸਕੇ । ਵਿਰਸੇ ਦੇ ਮੁਰੀਦ ਕਈ ਗਾਇਕਾਂ ਨੇ ਨਰੋਈ ਗਾਇਕੀ ਦੀ ਪੱਲਾ ਨਹੀਂ ਛੱਡਿਆ । ਜਿਨ੍ਹਾਂ ਗਾਇਕੀ ਦੇ ਜੰਕਸ਼ਨ ਤੇ ਪੰਜਾਬੀ ਬੋਲੀ, ਪਹਿਰਾਵਾ, ਗਿੱਧਾ, ਭੰਗੜੇ ਵਰਗੇ ਵਿਰਸੇ ਦੇ ਪਹਿਲੂਆਂ ਨੂੰ ਦੁਨੀਆ ਵਿੱਚ ਪਹੁੰਚਾਇਆ।

ਪਿਛਲੇ ਦਹਾਕੇ ਤੋਂ ਪੰਜਾਬੀ ਗਾਇਕੀ ਤੇ ਗੀਤਕਾਰੀ ਵਿੱਚ ਆਈ ਗਿਰਾਵਟ ਨਾਲ ਪੰਜਾਬੀਅਤ ਦਾ ਚਿਹਰਾ ਵੀ ਧੁੰਦਲਾ ਹੋਇਆ। ਬਾਕੀ ਕਸਰ ਸ਼ੋਰਨੁਮਾ ਸੰਗੀਤ ਤੇ ਅੰਗਰੇਜੀ ਰੈਪ ਨੇ ਕੱਢ ਦਿੱਤੀ । ਗਾਣਿਆਂ ਵਿੱਚ ਮਹਿੰਗੀਆਂ ਗੱਡੀਆਂ ਦੇ ਨਾਲ ਔਰਤ ਮਾਡਲ ਨੂੰ ਨੁਮਾਇਸ਼ ਦੀ ਵਸਤੂ ਵਾਂਗ ਪੇਸ਼ ਕੀਤਾ ਜਾਣ ਲੱਗਾ। ਗੀਤ ਦੇ ਫਿਲਮਾਂਕਣ ਵਿੱਚ ਹਥਿਆਰ ਤੇ ਨਸ਼ੇ ਗਾਇਕ ਨਾਲੋਂ ਵੱਧ ਸਮਾਂ ਦਿਖਾਈ ਦਿੰਦੇ ਹਨ । ਗੀਤਕਾਰੀ ਅਸਲੀਅਤ ਤੋਂ ਕੋਹਾਂ ਦੂਰ ਹੋ ਗਈ ਹੈ। ਕਰਜੇ ਤੇ ਖੇਤੀ ਮੰਦਹਾਲੀ ਕਾਰਨ ਕਿਸਾਨ ਜ਼ਮੀਨਹੀਣ ਹੋ ਰਹੇ ਹਨ। ਗੀਤਕਾਰ ਉਹਨਾਂ ਨੂੰ ਦੇਸੀ ਬਾਣੇ ਪਹਿਨਾ ਕਲੱਬਾਂ, ਲਗਜ਼ਰੀ ਗੱਡੀਆਂ ਤੇ ਗੈਂਗਸਟਰ ਬਣਾ ਕੇ ਦਿਖਾਉਣ ਵਿੱਚ ਮਸ਼ਰੂਫ ਹੈ । ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਇਸਨੂੰ ਸਸਤੀ ਸ਼ੋਹਰਤ ਤੇ ਘੱਟ ਮਿਹਨਤ ਦਾ ਕੰਮ ਸਮਝਣ ਲੱਗੇ ਹੋਏ । ਲਿਖਣ ਤੋਂ ਪਹਿਲਾ ਪੜ੍ਹਨਾ (ਘੋਖਣਾ), ਗਾਉਣ ਤੋਂ ਪਹਿਲਾਂ ਸਮਝਣਾ ਵਰਗੇ ਸਹਾਈ ਤੱਥ ਬੀਤੇ ਦੀਆਂ ਗੱਲਾਂ ਰਹਿ ਗਈਆਂ। (Punjabi Singing)

ਕਲਾਕਾਰਾਂ ਨੂੰ ਲੋਕਾਂ ਦੀ ਆਵਾਜ ਆਖਦੇ ਹਨ। ਜਿਸ ਵਿੱਚ ਆਪਣੀ ਲੋਕਾਈ ਦੀਆਂ ਖੁਸ਼ੀਆਂ, ਗਮੀਆਂ ਤੇ ਸਮਾਜਿਕ ਸਰੋਕਾਰਾਂ ਦਾ ਤਰਜ਼ਮਾ ਕਰਦੇ ਹਨ। ਸੱਭਿਆਚਾਰ  ਸਮਾਜ ਦਾ ਸ਼ੀਸ਼ਾ ਹੁੰਦਾ ਹੈ । ਕੀ ਅਸੀਂ ਆਪਣੇ ਬੱਚਿਆਂ ਲਈ ਅਜਿਹਾ ਸੱਭਿਆਚਾਰ ਛੱਡ ਕੇ ਜਾਵਾਂਗੇ ਜੋ ਉਨ੍ਹਾਂ ਨੂੰ ਟੋਚਨਾਂ, ਨਸ਼ੇ ਤੇ ਹਥਿਆਰਾਂ ਦੇ ਸ਼ੌਕ ਬਾਰੇ ਦੱਸੇਗਾ। ਜਿਹੜੀ ਧਰਤੀ ਗੁਰੂਆਂ, ਪੀਰਾਂ, ਊਧਮ ਸਿੰਘ ਤੇ ਭਗਤ ਸਿੰਘ ਵਰਗੇ ਯੋਧਿਆਂ ਦੀ ਹੈ। ਲੋਕ ਪੰਜਾਬੀ ਹੋਣ ਦਾ ਮਾਣ ਕਰਦੇ ਹਨ। ਪਰ ਗਾਇਕੀ ਪ੍ਰਦੂਸ਼ਣ ਦੇ ਕਾਰਨ ਇਸਦਾ ਉਲਟਾ ਪ੍ਰਭਾਵ ਪੈ ਰਿਹਾ ਹੈ।

ਇਸ ਡੰਗ ਟਪਾਊ ਤੇ ਘੱਟ ਉਮਰੀ ਗਾਇਕੀ ਤੋਂ ਕਿਨਾਰਾ ਕਰਨਾ ਜਰੂਰੀ ਹੈ। ਉਨ੍ਹਾਂ ਗਾਇਕਾਂ ਤੇ ਗੀਤਕਾਰਾਂ ਨੂੰ ਸਜਦਾ ਹੈ ਜੋ ਸਮਾਜਿਕ ਮਰਿਆਦਾ ਵਿਚ ਰਹਿ ਕੇ ਆਪਣੀ ਅਵਾਜ ਬੁਲੰਦ ਕਰ ਰਹੇ ਹਨ ਆਓ! ਸਭ ਮਿਲ ਕੇ ਦੁਬਾਰਾ ਗਾਇਕੀ ਦੇ ਸੁਨਹਿਰੀ ਯੁੱਗ ਲਈ ਹੰਬਲਾ ਮਾਰੀਏ ਤਾਂ?ਕਿ ਦੌਲਤ ਦੇ ਅੰਬਾਰ ਵਿੱਚ ਗੁਆਚੀ ਗਾਇਕੀ ਮੁੜ ਪੰਜਾਬੀਆਂ ਦੀ ਆਨ, ਬਾਨ ਤੇ ਸ਼ਾਨ ਬਹਾਲ ਕਰ ਸਕੇ।