30 ਨੂੰ ਸਵੇਰ ਤੋਂ ਸ਼ਾਮ ਤੱਕ ਰਹੇਗਾ ਪੰਜਾਬ ਬੰਦ | Punjab News
Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੀ ਦਿੱਤੀ ਕਾਲ ਤੋਂ ਬਾਅਦ ਇਸ ਨੂੰ ਸਫ਼ਲ ਬਣਾਉਣ ਲਈ ਆਪਣੀ ਜ਼ੋਰ ਅਜ਼ਮਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਅੰਦਰ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ।
ਸਮੂਹ ਟੇ੍ਰਡ ਯੂਨੀਅਨਾਂ ਨਾਲ ਹੋਵੇਗੀ ਕਿਸਾਨਾਂ ਦੀ ਮੀਟੰਗ
ਜਾਣਕਾਰੀ ਅਨੁਸਾਰ ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ 315ਵੇਂ ਦਿਨ ਵਿੱਚ ਪੁੱਜ ਗਿਆ ਹੈ। ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ਵਿੱਚ ਪੁੱਜ ਗਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਇੱਧਰ ਅੱਜ ਸ਼ੰਭੂ ਬਾਰਡਰ ’ਤੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਪੰਜਾਬ ਬੰਦ ਸਬੰਧੀ ਰਣਨੀਤੀ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 26 ਦਸੰਬਰ ਨੂੰ ਪੰਜਾਬ ਦੀਆਂ ਸਮੂਹ ਟੇ੍ਰਡ ਯੂਨੀਅਨਾਂ ਨਾਲ ਖਨੌਰੀ ਵਿਖੇ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Kotputli Borewell: 3 ਸਾਲ ਦੀ ਚੇਤਨਾ ਤੱਕ ਸੁਰੰਗ ਪੁੱਟ ਕੇ ਪਹੁੰਚੇਗੀ NDRF, 46 ਘੰਟਿਆਂ ਤੋਂ 700 ਫੁੱਟ ਬੋਰਵੈੱਲ ’ਚ…
ਉਨ੍ਹਾਂ ਦੱਸਿਆ ਕਿ ਇਨ੍ਹਾਂ ਯੂਨੀਅਨਾਂ ਨਾਲ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 30 ਦਸੰਬਰ ਨੂੰ ਪੰਜਾਬ ਅੰਦਰ ਸਵੇਰੇ 7 ਵਜੇਂ ਤੋਂ ਸ਼ਾਮ 4 ਵਜੇਂ ਤੱਕ ਬੰਦ ਦੀ ਕਾਲ ਦਿੱਤੀ ਗਈ ਹੈ, ਇਸ ਸਮੇਂ ਦੌਰਾਨ ਪੂਰਾ ਪੰਜਾਬ ਮੁਕੰਮਲ ਬੰਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਵੱਖ ਵੱਖ ਥਾਂਈ ਕੈਂਡਲ ਮਾਰਚ ਕੱਢੇ ਜਾਣਗੇ ਅਤੇ 26 ਦਸੰਬਰ ਨੂੰ ਤਹਿਸੀਲਾਂ ਅਤੇ ਜ਼ਿਲ੍ਹਾ ਪੱਧਰ ’ਤੇ ਭੁੱਖ ਹੜਤਾਲ ਰੱਖੀ ਜਾਵੇਗੀ।
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ 24 ਫਸਲਾਂ ’ਤੇ ਐਮਐੱਸਪੀ ਗੁੰਮਰਾਹਕੁੰਨ ਕਰਾਰ: ਕਿਸਾਨ ਆਗੂ
ਪੰਧੇਰ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਜੋਂ 24 ਫਸਲਾਂ ਤੇ ਐੱਮਐੱਸਪੀ ਗਾਰੰਟੀ ਦੀ ਗੱਲ ਆਖੀ ਗਈ ਹੈ, ਉਹ ਸਿਰਫ਼ ਧਿਆਨ ਭਟਕਾਉਣ ਤੇ ਗੁੰਮਰਾਹ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਠਾਣ ਲਿਆ ਗਿਆ ਹੈ ਕਿ ਮੰਡੀਕਰਨ ਦਾ ਨਿੱਜੀਕਰਨ ਕੀਤਾ ਜਾਵੇਗਾ ਅਤੇ ਜੋ ਖੇਤੀ ਖਰੜੇ ਸੂਬਿਆਂ ਨੂੰ ਭੇਜੇ ਗਏ ਹਨ, ਉਹ ਇਸੇ ਦਾ ਹੀ ਹਿੱਸਾ ਹੈ। ਐੱਮਐੱਸਪੀ ਗਾਰੰਟੀ ਕਾਨੂੰਨ ਸਮੇਤ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ੀ ਦੀ ਮੰਗ ਤੋਂ ਸਰਕਾਰ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਚਿੰਤਾਜਨਕ ਹੈ, ਪਰ ਲੋਕਾਂ ਵੱਲੋਂ ਚੁਣੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।