
IMD Alert: ਚੰਡੀਗੜ੍ਹ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਘਮਾਰ)। ਪਹਾੜਾਂ ਵੱਲੋਂ ਚੱਲ ਰਹੀਆਂ ਉੱਤਰ-ਪੱਛਮੀ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਉਮੀਦ ਨਾਲੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ ਹੈ, ਜਿਸ ਨਾਲ ਠੰਡੇ ਮੌਸਮ ਨੇ ਦਸਤਕ ਦੇ ਦਿੱਤੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਤਾਪਮਾਨ ਵਿੱਚ ਔਸਤਨ 0.4 ਡਿਗਰੀ ਸੈਲਸੀਅਸ ਅਤੇ ਹਰਿਆਣਾ ਵਿੱਚ 0.8 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਪੰਜਾਬ ਵਿੱਚ ਸਭ ਤੋਂ ਘੱਟ ਤਾਪਮਾਨ ਭਠਿੰਡਾ ਵਿੱਚ 7.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਰਾਜ ਵਿੱਚ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ। ਹੋਰ ਮੁੱਖ ਸ਼ਹਿਰਾਂ ਵਿੱਚ ਚੰਡੀਗੜ੍ਹ ਵਿੱਚ 11.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 11.2 ਡਿਗਰੀ ਅਤੇ ਪਟਿਆਲਾ ਵਿੱਚ 10.6 ਡਿਗਰੀ ਸੈਲਸੀਅਸ ਦਰਜ ਹੋਇਆ। ਔਸਤਨ ਤਾਪਮਾਨ ਆਮ ਨਾਲੋਂ 1.6 ਡਿਗਰੀ ਘੱਟ ਰਿਹਾ, ਜੋ ਕਿਸਾਨਾਂ ਅਤੇ ਆਮ ਜਨਜੀਵਨ ਲਈ ਠੰਡ ਦੀ ਸ਼ੁਰੂਆਤ ਦਾ ਸੰਕੇਤ ਹੈ। ਹਰਿਆਣਾ ਵਿੱਚ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਮਹਿੰਦਰਗੜ੍ਹ ਵਿੱਚ ਦਰਜ ਕੀਤਾ ਗਿਆ। IMD Alert
Read Also : ਦਿੱਲੀ ਏਅਰਪੋਰਟ ’ਤੇ ਤਕਨੀਕੀ ਖਰਾਬੀ ਕਾਰਨ 100 ਉਡਾਣਾਂ ’ਚ ਦੇਰੀ
ਹਿਸਾਰ ਵਿੱਚ 7.7 ਡਿਗਰੀ, ਰੋਹਤਕ ਵਿੱਚ 11.4 ਡਿਗਰੀ ਅਤੇ ਚੰਡੀਗੜ੍ਹ ਵਿੱਚ ਵੀ 11.9 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਵਿੱਚ ਔਸਤ ਘੱਟੋ-ਘੱਟ ਤਾਪਮਾਨ ਆਮ ਨਾਲੋਂ 2.4 ਡਿਗਰੀ ਘੱਟ ਦਰਜ ਹੋਇਆ ਹੈ, ਜਿਸ ਨਾਲ ਸਵੇਰੇ ਅਤੇ ਦੇਰ ਸ਼ਾਮ ਠੰਢਕ ਦਾ ਸਾਫ਼ ਅਹਿਸਾਸ ਹੋਇਆ। ਭਾਰਤ ਮੌਸਮ ਵਿਭਾਗ ਅਨੁਸਾਰ ਪੱਛਮੀ ਵਿਕਸ਼ੋਭ ਅਤੇ ਉੱਤਰੀ ਬਰਫੀਲੀ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। Punjab Weather Alert
ਅਗਲੇ ਕੁਝ ਦਿਨਾਂ ਵਿੱਚ ਵੀ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਹਲਕੀ ਅਤੇ ਸੁੱਕੀ ਠੰਢ ਬਣੀ ਰਹਿਣ ਦੀ ਸੰਭਾਵਨਾ ਹੈ। ਡਿੱਗਦੇ ਤਾਪਮਾਨ ਨਾਲ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਵਿੱਚ ਫਾਇਦਾ ਹੋ ਸਕਦਾ ਹੈ। ਇਸੇ ਤਰ੍ਹਾਂ ਆਮ ਜਨਜੀਵਨ ਵਿੱਚ ਸਵੇਰ-ਸ਼ਾਮ ਗਰਮ ਕੱਪੜਿਆਂ ਦਾ ਰੁਝਾਨ ਵਧਣ ਲੱਗਾ ਹੈ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਿਹਤ ਨਾਲ ਜੁੜੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਵਿੱਚ ਠੰਢ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ ਅਤੇ ਆਉਂਦੇ ਦਿਨਾਂ ਵਿੱਚ ਸ਼ੀਤਲਹਿਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਕਿੱਥੇ ਕਿੰਨਾ ਘੱਟੋ-ਘੱਟ ਤਾਪਮਾਨ | Punjab Weather Alert
- ਬਠਿੰਡਾ 7.2
- ਫਰੀਦਕੋਟ 7.2
- ਮਹਿੰਦਰਗੜ੍ਹ 7.6
- ਹਿਸਾਰ 7.7
- ਗੁਰੂਗ੍ਰਾਮ 7.7
- ਰੋਪੜ 8.7
- ਸਰਸਾ 9.2
- ਕਰਨਾਲ 9.5
- ਸੋਨੀਪਤ 9.7
- ਮਾਨਸਾ 9.9
- ਕੈਥਲ 10.4
- ਹੁਸ਼ਿਆਰਪੁਰ 10.4
- ਜੀਂਦ 10.5
(ਤਾਪਮਾਨ ਡਿਗਰੀ ਸੈਲਸੀਅਸ, ਸਰੋਤ IMD)













