![Punjab-Transport-News Punjab Transport News](https://sachkahoonpunjabi.com/wp-content/uploads/2025/02/Punjab-Transport-News-696x406.jpg)
Punjab Transport News: ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਹਮਲੇ ਤੇ ਜਾਨ ਤੋਂ ਖ਼ਤਰਾ, ਖ਼ੁਦ ਕੈਬਨਿਟ ਮੰਤਰੀ ਵੀ ਸਹਿਮਤ
Punjab Transport News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਗੈਰ ਕਾਨੂੰਨੀ ਪ੍ਰਾਈਵੇਟ ਬੱਸਾਂ ਤੋਂ ਲੈ ਕੇ ਹੋਰ ਸਵਾਰੀਆਂ ਸਾਧਨਾਂ ਦੀ ਚੈਕਿੰਗ ਕਰਨ ਤੋਂ ਹੁਣ ਟਰਾਂਸਪੋਰਟ ਦੇ ਹੀ ਉੱਚ ਅਧਿਕਾਰੀਆਂ ਨੂੰ ਡਰ ਲੱਗਣ ਲੱਗ ਪਿਆ ਹੈ। ਇਸ ਲਈ ਪੰਜਾਬ ’ਚ ਡੀਟੀਓ ਤੇ ਏਟੀਓ ਵੱਲੋਂ ਫਿਲਹਾਲ ਚੈਕਿੰਗ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਇਨ੍ਹਾਂ ਅਧਿਕਾਰੀਆਂ ਦੇ ਇਸ ਡਰ ਤੋਂ ਕੈਬਨਿਟ ਮਤਰੀ ਲਾਲ ਜੀਤ ਸਿੰਘ ਭੁੱਲਰ ਨੇ ਵੀ ਸਹਿਮਤੀ ਜ਼ਾਹਿਰ ਕਰਦੇ ਹੋਏ ਪੁਲਿਸ ਸੁਰੱਖਿਆ ਦੇਣ ਦਾ ਫੈਸਲਾ ਕਰ ਲਿਆ ਹੈ ਤਾਂ ਕਿ ਵਿਭਾਗ ਦੇ ਇਨ੍ਹਾਂ ਅਧਿਕਾਰੀਆਂ ’ਤੇ ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦਾ ਹਮਲਾ ਜਾਂ ਫਿਰ ਨੁਕਸਾਨ ਨਾ ਹੋਵੇ।
ਏਡੀਜੀਪੀ ਸੁਰੱਖਿਆ ਐੱਸ. ਐੱਸ. ਸ੍ਰੀਵਾਸਤਵਾ ਨਾਲ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੀ ਮੀਟਿੰਗ | Punjab Transport News
ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭੁੱਲਰ ਵੱਲੋਂ ਇਸ ਮੁੱਦੇ ’ਤੇ ਏਡੀਜੀਪੀ ਸੁਰੱਖਿਆ ਐੱਸਐੱਸ ਸ੍ਰੀਵਾਸਤਵਾ ਨਾਲ ਮੀਟਿੰਗ ਕਰਦੇ ਹੋਏ ਸੁਰੱਖਿਆ ਮੁਹੱਈਆ ਕਰਵਾਉਣ ਲਈ ਆਖਿਆ ਗਿਆ ਹੈ ਤੇ ਐੱਸਐੱਸ ਸ੍ਰੀਵਾਸਤਵਾ ਵੱਲੋਂ ਦੱਸਿਆ ਗਿਆ ਹੈ ਕਿ ਇਸ ਸੁਰੱਖਿਆ ਦੇ ਘੇਰੇ ਨੂੰ ਦੇਣ ਸਬੰਧੀ ਜਲਦ ਹੀ ਪੰਜਾਬ ਪੁਲਿਸ ਆਪਣੇ ਪੱਧਰ ’ਤੇ ਫੈਸਲਾ ਕਰੇਗੀ। ਜਾਣਕਾਰੀ ਅਨੁਸਾਰ ਪੰਜਾਬ ’ਚ ਗੈਰ ਕਾਨੂੰਨੀ ਬੱਸਾਂ ਵੱਡੇ ਪੱਧਰ ’ਤੇ ਚੱਲਣ ਕਰਕੇ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਖੇਤਰੀ ਟਰਾਂਸਪੋਰਟ ਅਧਿਕਾਰੀ (ਡੀਟੀਓ) ਤੇ ਸਹਾਇਕ ਟਰਾਂਸਪੋਰਟ ਅਧਿਕਾਰੀ (ਏਟੀਓ) ’ਤੇ ਕਾਫ਼ੀ ਜਿਆਦਾ ਦਬਾਅ ਰਹਿੰਦਾ ਹੈ ਕਿ ਉਹ ਆਪਣੀ ਡਿਊਟੀ ਦੌਰਾਨ ਸੜਕਾਂ ’ਤੇ ਵੱਧ ਤੋਂ ਵੱਧ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਬੱਸਾਂ ਨੂੰ ਕਾਬੂ ਕਰਨ ਤਾਂ ਇਸ ਨਾਲ ਹੀ ਟਰੱਕ ਤੋਂ ਲੈ ਕੈ ਹੋਰ ਸਾਧਨਾਂ ’ਤੇ ਵੀ ਆਪਣੀ ਨਜ਼ਰ ਰੱਖਦੇ ਹੋਏ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ। Punjab Transport News
Read Also : Farmers News: 14 ਫਰਵਰੀ ਨੂੰ ਮੀਟਿੰਗ ’ਚ ਕੋਈ ਗੱਲ ਨਾ ਬਣੀ, ਤਾਂ 25 ਫਰਵਰੀ ਨੂੰ ਹੋਵੇਗਾ ਮੁੜ ਦਿੱਲੀ ਕੂਚ: ਪੰਧੇਰ
ਇਸ ਸਮੇਂ ਪੰਜਾਬ ’ਚ 23 ਦੇ ਕਰੀਬ ਡੀਟੀਓ ਤੇ 20 ਦੇ ਕਰੀਬ ਏਟੀਓ ਕੰਮ ਕਰ ਰਹੇ ਹਨ। ਇਨ੍ਹਾਂ ਅਧਿਕਾਰੀਆਂ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਸ਼ੱਕ ਜ਼ਾਹਰ ਕਰਦੇ ਹੋਏ ਸੜਕਾਂ ’ਤੇ ਇਕੱਲੇ ਖੜੇ੍ਹ ਹੋ ਕੇ ਚੈਕਿੰਗ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ, ਕਿਉਂਕਿ ਇਸ ਤਰ੍ਹਾਂ ਦੀ ਚੈਕਿੰਗ ਦੌਰਾਨ ਨਾ ਸਿਰਫ਼ ਅਧਿਕਾਰੀਆਂ ਨਾਲ ਬਤਮੀਜ਼ੀ ਕਰਨ ਦੀ ਘਟਨਾਵਾਂ ਸਾਹਮਣੇ ਆਈਆਂ ਹਨ, ਸਗੋਂ ਉਨ੍ਹਾਂ ’ਤੇ ਹਮਲਾ ਕਰਨ ਤੱਕ ਦੀ ਕੋਸ਼ਿਸ਼ ਵੀ ਕੀਤੀ ਜਾ ਚੁੱਕੀ ਹੈ।
ਡੀਟੀਓ ਨਾਲ ਦੋ ਪੁਲਿਸ ਕਰਮਚਾਰੀ ਤੇ ਏਟੀਓ ਨਾਲ ਹੋਏਗਾ ਇੱਕ ਪੁਲਿਸ ਕਰਮਚਾਰੀ
ਪੰਜਾਬ ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸੋਮਵਾਰ ਨੂੰ ਏਡੀਜੀਪੀ ਸੁਰੱਖਿਆ ਐੱਸਐੱਸ ਸ੍ਰੀਵਾਸਤਵਾ ਨਾਲ ਮੀਟਿੰਗ ਕਰਦੇ ਹੋਏ ਡੀਟੀਓ ਨਾਲ ਦੋ ਪੁਲਿਸ ਕਰਮਚਾਰੀ ਤੇ ਏਟੀਓ ਨਾਲ ਇੱਕ ਪੁਲਿਸ ਕਰਮਚਾਰੀ ਦੀ ਸੁਰੱਖਿਆ ਦੇਣ ਸਬੰਧੀ ਆਦੇਸ਼ ਦਿੱਤੇ ਗਏ ਹਨ। ਏਡੀਜੀਪੀ ਸੁਰੱਖਿਆ ਐੱਸਐੱਸ ਸ੍ਰੀਵਾਸਤਵਾ ਵੱਲੋਂ ਇਸ ਮਾਮਲੇ ’ਚ ਜਲਦ ਹੀ ਫੈਸਲਾ ਕਰਨ ਬਾਰੇ ਵਿਸ਼ਵਾਸ ਦਿੱਤਾ ਗਿਆ ਹੈ। ਵਿਭਾਗੀ ਅਧਿਕਾਰੀਆਂ ਨੂੰ ਪੱਕੇ ਤੌਰ ’ਤੇ ਇੰਨੀ ਗਿਣਤੀ ’ਚ ਸੁਰੱਖਿਆ ਦੇਣ ਤੋਂ ਪਹਿਲਾਂ ਗ੍ਰਹਿ ਵਿਭਾਗ ਤੇ ਮੁੱਖ ਮੰਤਰੀ ਤੋਂ ਵੀ ਪ੍ਰਵਾਨਗੀ ਲਈ ਜਾਏਗੀ।