ਕਿਤੇ ਮਾਰੂਥਲ ਨਾ ਬਣ ਜਾਵੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ

Punjab should not become a land of five waters

ਕਿਤੇ ਮਾਰੂਥਲ ਨਾ ਬਣ ਜਾਵੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ

ਪਹਿਲੇ ਪਾਤਿਸਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ, ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਭਾਵ ਜੀਵਨ ਦੀ ਉਤਪਤੀ ਲਈ ਪਾਣੀ ਮੂਲ ਤੱਤ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਂਵਾਕ ਹੈ, ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥ ਭਾਵ ਧਰਤੀ ਦੀ ਹਰਿਆਲੀ ਤੇ ਜੀਵਨ ਦੀ ਖੁਸ਼ਹਾਲੀ ਪਾਣੀ ਨਾਲ ਜੁੜੀ ਹੋਈ ਹੈ। ਇਸ ਲਈ ਖੁਸ਼ਹਾਲ ਮਨੁੱਖੀ ਸੱਭਿਆਤਾਵਾਂ ਪਾਣੀ ਦੇ ਸੋਮਿਆਂ (ਦਰਿਆਵਾਂ, ਝੀਲਾਂ, ਨਦੀਆਂ ਆਦਿ) ਦੇ ਕੰਢਿਆਂ ਉੱਤੇ ਹੀ ਵਿਕਸਿਤ ਹੋਈਆਂ ਹਨ। ਮਨੁੱਖੀ ਸੱਭਿਆਤਾਵਾਂ ਦਾ ਇਤਿਹਾਸ ਗਵਾਹ ਹੈ ਕਿ ਪਾਣੀ ਦੇ ਸੋਮਿਆਂ ਦੇ ਕੰਢੇ ਵੱਸਣ ਵਾਲੇ ਲੋਕਾਂ ਨੇ ਪਾਣੀ ਦਾ ਮੁੱਲ ਆਪਣੇ ਖੂਨ ਨਾਲ ਤਾਰਿਆ ਹੈ। ਪਾਣੀ ਭਾਵੇਂ ਕੁਦਰਤ ਦੀ ਅਣਮੁੱਲੀ ਦਾਤ ਹੈ ਪਰ ਕੁਦਰਤ ਵੱਲੋਂ ਇਸ ਧਰਤੀ ਉੱਤੇ ਇਸ ਦੀ ਵੰਡ ਇੱਕਸਾਰ ਨਹੀਂ ਕੀਤੀ ਗਈ। ਧਰਤੀ ਉੱਤੇ ਕਿਤੇ ਮਾਰੂਥਲ ਹਨ ਜਿੱਥੇ ਪਾਣੀ ਮਸਾਂ ਹੀ ਨਸੀਬ ਹੁੰਦਾ ਹੈ ਤੇ ਕਿਧਰੇ ਧਰੁਵਾਂ ਉੱਤੇ ਬੇਥਾਹ ਪਾਣੀ ਬਰਫ ਦੇ ਰੂਪ ਵਿੱਚ ਜੰਮਿਆ ਹੋਇਆ ਹੈ; ਪਰ ਓਥੇ ਨਾਲ ਹੀ ਧਰਤੀ ’ਤੇ ਅਜਿਹੇ ਖਿੱਤੇ ਵੀ ਹਨ ਜਿਨ੍ਹਾਂ ਨੂੰ ਕੁਦਰਤ ਨੇ ਬਰਸਾਤੀ ਸੋਮੇ ਜਿਵੇਂ ਕਿ ਖੱਡਾਂ, ਨਦੀਆਂ, ਢਾਬਾਂ ਅਤੇ ਝੰਭ ਬਖਸ਼ੇ ਹਨ; ਅਤੇ ਕਿਸੇ ਖਿੱਤੇ ਨੂੰ ਗਲੇਸ਼ੀਅਰਾਂ ਤੋਂ ਆਉਂਦੇ ਦਰਿਆਵਾਂ ਦੀ ਦਾਤ ਬਖਸ਼ੀ ਹੈ ਜੋ ਇਨ੍ਹਾਂ ਨੂੰ ਸ਼ੁੱਧ-ਸਾਫ ਜਲ ਨਾਲ ਨਿਵਾਜਦੇ ਹਨ। ਕਈ ਖਿੱਤਿਆਂ ਨੂੰ ਕੁਦਰਤ ਨੇ ਜਮੀਨਦੋਜ਼ ਤਾਜੇ ਪਾਣੀ ਦਾ ਖਜ਼ਾਨਾ ਬਖਸ਼ਿਆ ਹੈ।

ਪੰਜ ਦਰਿਆਵਾਂ ਦੀ ਧਰਤੀ, ਜਿਹੜੀ ਕਿਸੇ ਸਮੇਂ ਹਰੀ-ਭਰੀ ਤੇ ਕਚਨਾਰ ਹਰਿਆਲੀ ਨਾਲ ਲਬਰੇਜ਼ ਸੀ, ਹੁਣ ਪਲ-ਪਲ ਕਰਕੇ ਬੰਜਰ ਹੋਣ ਵੱਲ ਵਧ ਰਹੀ ਪ੍ਰਤੀਤ ਹੁੰਦੀ ਹੈ। ਵੱਖ-ਵੱਖ ਏਜੰਸੀਆਂ ਤੇ ਸਬੰਧਿਤ ਵਿਭਾਗ ਦੀਆਂ ਚਿਤਾਵਨੀਆਂ ਸੁਣ ਕੇ ਥੱਕ ਗਏ ਹਾਂ ਪਰ ਸਰਕਾਰ ਤੇ ਪੰੰਜਾਬ ਵਾਸੀ ਅਜੇ ਗੂੜ੍ਹੀ ਨੀਂਦ ਸੁੱਤੇ ਹੋਏ ਹਨ। ਖੇਤੀਬਾੜੀ ਵਿਭਾਗ ਨੇ ਰਾਜ ਦੇ ਸਾਰੇ 139 ਬਲਾਕਾਂ ਵਿੱਚੋਂ 129 ਬਲਾਕਾਂ ਵਿਚ ਪਾਣੀ ਦਾ ਪੱਧਰ ਘਟਣ ਨੂੰ ਗੰਭੀਰਤਾ ਨਾਲ ਲਿਆ ਹੈ। ਪੰਜਾਬ ਅੰਦਰ 1960ਵਿਆਂ ਵਿੱਚ ਟਿਊਬਵੈੱਲਾਂ ਦੀ ਗਿਣਤੀ 1 ਲੱਖ 68 ਹਜ਼ਾਰ ਸੀ ਪਰ ਇਸ ਵੇਲੇ ਇਨ੍ਹਾਂ ਦੀ ਗਿਣਤੀ ਵਿਚ ਹੋ ਚੁੱਕੇ ਭਾਰੇ ਵਾਧੇ ਨੇ, ਜਲ ਮਾਹਿਰਾਂ ਤੇ ਚਿੰਤਕਾਂ ਨੂੰ ਤ੍ਰੇਲੀਓ-ਤ੍ਰੇਲੀ ਕਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅਨੁਸਾਰ, ਪ੍ਰਤੀ ਕਿਲੋਮੀਟਰ ਖੇਤਰ ਵਿਚ ਟਿਊਬਵੈੱਲਾਂ ਦੀ ਗਿਣਤੀ ਪੰਜ ਤੋਂ ਸੱਤ ਹੋਣੀ ਚਾਹੀਦੀ ਹੈ ਪਰ ਅੰਕੜੇ ਦਿਲ ਦਹਿਲਾ ਦੇਣ ਵਾਲੇ ਸਾਹਮਣੇ ਆਏ ਹਨ।

ਲੁਧਿਆਣਾ ਜਿਲ੍ਹੇ ਵਿੱਚ ਪ੍ਰਤੀ ਕਿਲੋਮੀਟਰ ਟਿਊਬਵੈਲਾਂ ਦੀ ਗਿਣਤੀ 22 ਤੋਂ 30 ਹੈ। ਮੋਗਾ ਜਿਲ੍ਹਾ ਇਸ ਤੋਂ ਵੀ ਉੱਪਰ ਭਾਵ ਪ੍ਰਤੀ ਕਿਲੋਮੀਟਰ ਵਰਗ 30 ਤੋਂ 38, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅੰਮਿ੍ਰਤਸਰ, ਫਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਕ੍ਰਮਵਾਰ 12 ਤੋਂ 23, ਰੋਪੜ, ਬਠਿੰਡਾ ਅਤੇ ਮਾਨਸਾ ਜਿਲ੍ਹਿਆਂ ਵਿੱਚ 9 ਤੋਂ 10 ਟਿਊਬਵੈਲ ਪ੍ਰਤੀ ਕਿਲੋਮੀਟਰ ਵਿੱਚ ਲੱਗੇ ਹਨ। ਇਸ ਤੋਂ ਬਾਅਦ ਜੇ ਸ਼ਹਿਰਾਂ ਉੱਪਰ ਪੜਚੋਲਵੀਂ ਨਜ਼ਰ ਮਾਰੀਏ ਤਾਂ ਲੁਧਿਆਣਾ, ਜਲੰਧਰ ਅਤੇ ਅੰਮਿ੍ਰਤਸਰ ਵਰਗੇ ਮਹਾਂਨਗਰਾਂ ਅੰਦਰ ਵੱਡੇ ਬੋਰਾਂ ਦੀ ਗਿਣਤੀ 1800 ਦੇ ਲਗਭਗ ਹੈ। ਸੰਗਰੂਰ ਜਿਲ੍ਹੇ ਦੇ ਬਲਾਕ ਸ਼ੇਰਪੁਰ, ਮਾਲੇਰਕੋਟਲਾ ਅਤੇ ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਤਾਂ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਇੱਥੇ ਪਾਣੀ ਦਾ ਪੱਧਰ ਹੇਠਾਂ 35 ਤੋਂ 53 ਮੀਟਰ ਦੀ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕਾ ਹੈ।

ਭਾਵੇਂ ਅਸੀਂ ਪਾਣੀ ਦੇ ਡਿੱਗ ਰਹੇ ਪੱਧਰ ਲਈ ਝੋਨੇ ਨੂੰ ਜ਼ਿੰਮੇਵਾਰ ਮੰਨਦੇ ਹਾਂ ਪਰ ਸ਼ਹਿਰਾਂ ਵਿੱਚ ਪਾਣੀ ਦੀ ਬੇਕਦਰੀ ਨੇ ਵੀ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਚੌਂਕਾਂ, ਚੁਰਾਹਿਆਂ ਵਿੱਚ ਸ਼ਰੇਆਮ ਚੱਲ ਰਹੀਆਂ ਟੂਟੀਆਂ, ਵੱਡੇ-ਵੱਡੇ ਪਾਈਪਾਂ ਰਾਹੀਂ ਗੱਡੀਆਂ ਧੋਣ ਦੀ ਹੋੜ, ਫੈਕਟਰੀਆਂ ਅੰਦਰ ਲੱਖਾਂ ਮਣ ਪਾਣੀ ਦੀ ਖ਼ਪਤ ਅਤੇ ਫ਼ਰਸ਼ਾਂ ਨੂੰ ਖੁੱਲ੍ਹੇ ਪਾਈਪਾਂ ਨਾਲ ਧੋਣ ਦੀ ਆਦਤ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਇਹੀ ਹਾਲ ਪਿੰਡਾਂ ਵਿੱਚ ਨਜ਼ਰ ਆਉਂਦਾ ਹੈ। ਗੋਹੇ ਨਾਲ ਲਿੱਬੜੇ ਫ਼ਰਸ਼ ਅੰਮਿ੍ਰਤ ਵਰਗੇ ਪਾਣੀ ਨਾਲ ਧੋਣ ਦੀ ਕਵਾਇਦ ਸਾਡੇ ਚੇਤਿਆਂ ਵਿੱਚੋਂ ਪਤਾ ਨਹੀਂ ਕਦ ਵਿਸਰੇ, ਸ਼ਾਇਦ ਉਦੋਂ ਤੱਕ ਅੱਤ, ਅੰਤ ਵਿੱਚ ਬਦਲ ਜਾਵੇਗੀ। ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ। ਪੂਸਾ ਦੀ ਜਗ੍ਹਾ ਸੱਠਾ ਜਾਂ 90 ਦਿਨਾਂ ਵਾਲਾ ਝੋਨੇ ਦਾ ਬੀਜ ਕਿਸਾਨਾਂ ਲਈ ਲਾਜ਼ਮੀ ਕੀਤਾ ਜਾ ਸਕਦਾ ਸੀ। ਇਸ ਨਾਲ ਪਾਣੀ ਦੀ ਖ਼ਪਤ ਦੇ ਨਾਲ-ਨਾਲ ਅੱਗ ਦਾ ਮਸਲਾ ਵੀ ਹੱਲ ਹੋ ਜਾਣਾ ਸੀ। ਲੋੜ ਸਿਰਫ਼ ਫ਼ਸਲ ਦੇ ਬਣਦੇ ਭਾਅ ਦੇਣ ਅਤੇ ਥੋੜ੍ਹੀ ਜਿਹੀ ਸਖ਼ਤੀ ਕਰਨ ਦੀ ਹੈ। ਇਨ੍ਹਾਂ ਬੀਜਾਂ ਨਾਲ ਕਿਸਾਨਾਂ ਕੋਲ ਝੋਨਾ ਕੱਟਣ ਤੋਂ ਬਾਅਦ ਕਣਕ ਬੀਜਣ ਤੱਕ 50 ਤੋਂ 70 ਦਿਨਾਂ ਦਾ ਸਮਾਂ ਬਚ ਸਕਦਾ ਸੀ।

ਕਈ ਵਾਰ ਪਹਿਲਾਂ ਵੀ ਬਾਹਰਲੀਆਂ ਏਜੰਸੀਆਂ ਨੇ ਪੰਜਾਬ ਦੇ ਮੁੱਕ ਰਹੇ ਪਾਣੀ ਸਬੰਧੀ ਚਿੰਤਾ ਜ਼ਾਹਿਰ ਕੀਤੀ ਸੀ ਪਰ ਉਦੋਂ ਸਾਡੀ ਸਰਕਾਰ ਦੂਜੇ ਸੂਬਿਆਂ ਦੇ ਢਿੱਡ ਭਰਨ ਦੀ ਲੋੜ ਅਤੇ ਪੰਜਾਬ ਦਾ ਕਿਸਾਨ ਹਰੇ ਇਨਕਲਾਬ ਰਾਹੀਂ ਖੁਸ਼ਹਾਲੀ ਦੇ ਚੱਕਰ ਵਿੱਚ ਮਗਨ ਸੀ। ਹੁਣ ਵੇਲਾ ਮੁੱਠੀ ’ਚੋਂ ਰੇਤ ਦੀ ਤਰ੍ਹਾਂ ਕਿਰਦਾ ਜਾ ਰਿਹਾ ਹੈ। ਪੰੰਜਾਬ ਵਿਚ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨ ਨੇ ਧਰਤੀ ਦੀ ਹਿੱਕ ਵਿੱਚੋਂ ਬਚਿਆ-ਖੁਚਿਆ ਪਾਣੀ ਕੱਢਣ ਦੀ ਤਿਆਰੀ ਕਰ ਲਈ ਹੈ। ਸੜਕੀ ਵਿਕਾਸ ਦੇ ਨਾਂਅ ’ਤੇ ਦਰੱਖ਼ਤਾਂ ਅਤੇ ਛੋਟੇ ਪੌਦਿਆਂ ਨੂੰ ਧਰਤੀ ਤੋਂ ਸਫ਼ਾਚੱਟ ਕੀਤਾ ਜਾ ਰਿਹਾ ਹੈ। ਪੰਜਾਬ ਦੀ ਉੱਜੜ ਰਹੀ ਹਰਿਆਵਲ ਦੀ ਕਿਸੇ ਨੂੰ ਵੀ ਪ੍ਰਵਾਹ ਨਹੀਂ। ਇੰਦਰ ਦੇਵਤਾ ਵੀ ਪੰਜਾਬ ਉੱਤੇ ਕਰੋਪ ਨਜ਼ਰ ਆਉਂਦਾ ਹੈ। ਮੀਂਹ ਔਸਤ ਨਾਲੋਂ ਘੱਟ ਪੈਣ ਕਰਕੇ ਧਰਤੀ ਦੀ ਹਿੱਕ ’ਤੇ ਤਪਸ਼ ਨਾਲ ਛਾਲਿਆਂ ਵਰਗੀ ਹਾਲਤ ਬਣਦੀ ਜਾ ਰਹੀ ਹੈ। ਜੇ ਪੰਜਾਬੀ ਸਮਾਂ ਰਹਿੰਦਿਆਂ ਨਾ ਸੰਭਲੇ ਤਾਂ ਆਉਣ ਵਾਲੀ ਪੀੜ੍ਹੀ ਅਤੇ ਮਾਸੂਮ ਬੱਚੇ ਪਾਣੀ ਲਈ ਵਿਲਕਣਗੇ। ਪੰਜ ਦਰਿਆਵਾਂ ਦੀ ਧਰਤੀ ਉੱਪਰ ਪਾਣੀ ਦੀ ਬੋਤਲ 25-30 ਰੁਪਏ ਨੂੰ ਵਿਕ ਰਹੀ ਹੈ। ਕੁਦਰਤ ਨੇ ਪੰਜਾਬ ਨੂੰ ਜਲ ਦਾ ਭਰਪੂਰ ਖਜਾਨਾ ਦਿੱਤੈ ਪਰ ਅਸੀਂ ਸਭ ਕੁਝ ਜਾਣਦੇ ਹੋਏ ਵੀ ਆਪਣੇ ਸਵਾਰਥ ਖਾਤਰ ਇਸ ਨੂੰ ਤੇਜੀ ਨਾਲ ਘਟਦਾ ਦੇਖ ਰਹੇ ਹਾਂ। ਅਸੀਂ ਇੱਕ-ਦੂਜੇ ਨੂੰ ਦੋਸ਼ੀ ਠਹਿਰਾ ਕੇ ਕਦੇ ਵੀ ਆਪ ਬਰੀ ਨਹੀਂ ਹੋ ਸਕਦੇ।

ਇਸ ਪਾਸੇ ਅੱਖਾਂ ਖੋਲ੍ਹਣੀਆਂ ਹੀ ਪੈਣਗੀਆਂ। ਟਿਕੀ ਦੁਪਹਿਰ, ਸਿਰੇ ਦੀ ਪਿਆਸ, ਸੁੰਨੀ ਤੇ ਬੰਜਰ ਧਰਤੀ, ਸਾਨੂੰ ਪਾਣੀ ਦੀ ਮਹੱਤਤਾ ਦਾ ਅਹਿਸਾਸ ਕਰਵਾ ਰਹੀ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਪੰਜਾਬ ਸਾਡੇ ਸਾਰਿਆਂ ਦੇ ਸਾਹਮਣੇ ਬੰਜਰ ਹੋਣ ਵੱਲ ਵਧਦਾ ਜਾ ਰਿਹਾ ਹੈ। ਤਪਸ਼ ਵਧ ਰਹੀ ਹੈ ਜਿਸ ਦਾ ਸੰਕੇਤ ਮੌਸਮਾਂ ਵਿਚ ਆ ਰਹੀਆਂ ਤਬਦੀਲੀਆਂ ਤੋਂ ਮਹਿਸੂਸ ਕਰ ਲਿਆ ਜਾਣਾ ਚਾਹੀਦਾ ਹੈ। ਕਿਸੇ ਸਮੇਂ ਹਰਿਆ-ਭਰਿਆ ਨਜ਼ਰ ਆਉਂਦਾ ਖੇਤਰ ਹੁਣ ਕੁਦਰਤੀ ਸੁੰਦਰਤਾ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ। ਅਸੀਂ ਚੁੱਪ ਹਾਂ! ਜਿਵੇਂ ਧਰਤੀ ਅਤੇ ਬਨਸਪਤੀ ਦੇ ਉੱਜੜਣ ਦੇ ਅਫ਼ਸੋਸ ਵਿੱਚ ਸਾਡੀਆਂ ਜ਼ੁਬਾਨਾਂ ਠਾਕੀਆਂ ਗਈਆਂ ਹੋਣ। ਕਿਸਾਨ ਖ਼ੁਦਕੁਸ਼ੀਆਂ ਦੀ ਖੇਤੀ ਨੂੰ ਪਹਿਲ ਦੇ ਕੇ ਚੜ੍ਹਦੇ ਸੂਰਜ ਦੀ ਲਾਲੀ ਨੂੰ ਵੈਣਾਂ ਵਿੱਚ ਬਦਲ ਰਿਹਾ ਹੈ। ਪੰਜ ਪਾਣੀਆਂ ਦੀ ਇਹ ਧਰਤੀ ਮਾਰੂਥਲ ਬਣਨ ਤੋਂ ਪਹਿਲਾਂ ਸੰਜੀਦਾ ਵਿਚਾਰ-ਵਟਾਂਦਰੇ ਅਤੇ ਤੇਜੀ ਨਾਲ ਉਪਰਾਲੇ ਕਰਨ ਦੀ ਮੰਗ ਕਰ ਰਹੀ ਹੈ।

ਰਾਏਸਰੀਆ
ਸੇਵਾ ਮੁਕਤ ਫਾਰੈਸਟ ਅਫਸਰ
ਮੋ. 83605-89644

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ