PRTC ਦੇ ਬੇੜੇ ’ਚ ਸ਼ਾਮਲ ਹੋਣਗੀਆਂ 83 ਬੀਐੱਸ-6 ਨਵੀਂਆਂ ਬੱਸਾਂ | Punjab Roadways
- ਨਵੇਂ ਵਰ੍ਹੇ ਦੌਰਾਨ ਖ਼ਰੀਦੀਆਂ ਜਾਣਗੀਆਂ ਨਵੀਆਂ ਬੱਸਾਂ, ਲਾਲਜੀਤ ਸਿੰਘ ਭੁੱਲਰ ਵੱਲੋਂ ਆਦੇਸ਼ ਜਾਰੀ
- ਅਧਿਕਾਰੀਆਂ ਨੂੰ ਸੂਬੇ ਦੇ ਹਰੇਕ ਰੂਟ ’ਤੇ ਸਰਕਾਰੀ ਬੱਸ ਸੇਵਾ ਯਕੀਨੀ ਬਣਾਉਣ ਲਈ ਕਿਹਾ
- ਸਰਕਾਰੀ ਬੱਸ ਸੇਵਾ ਤੋਂ ਸੱਖਣੇ ਰੂਟਾਂ ਦੀ ਸੂਚੀ 15 ਦਿਨਾਂ ਦੇ ਅੰਦਰ-ਅੰਦਰ ਦੇਣ ਦੇ ਨਿਰਦੇਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Roadways: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਵੇਂ ਵਰੇ ਦੌਰਾਨ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਬੇੜੇ ਵਿੱਚ ਨਵੀਆਂ ਬੱਸਾਂ ਸ਼ਾਮਲ ਕਰਨ ਦੇ ਹੁਕਮ ਦਿੱਤੇ ਹਨ। ਇੱਥੇ ਪੰਜਾਬ ਰੋਡਵੇਜ਼/ਪਨਬੱਸ, ਪੀਆਰਟੀਸੀ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਦੇ ਕੰਮ-ਕਾਜ ਦੀ ਸਮੀਖਿਆ ਕਰਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਵੇਂ ਸਰਕਾਰ ਵੱਲੋਂ ਮਿੱਥੇ ਗਏ ਟੀਚਿਆਂ ਨੂੰ ਬੀਤੇ ਵਰੇ ਦੌਰਾਨ ਹਾਸਲ ਕੀਤਾ ਗਿਆ ਹੈ, ਉਸੇ ਤਰ੍ਹਾਂ ਨਵੇਂ ਵਰ੍ਹੇ ਵਿੱਚ ਵੀ ਟੀਚਿਆਂ ਨੂੰ ਹਾਸਲ ਕਰਦਿਆਂ ਸਰਕਾਰੀ ਮਾਲੀਏ ਵਿੱਚ ਵਾਧਾ ਕੀਤਾ ਜਾਵੇ।
ਇਹ ਖਬਰ ਵੀ ਪੜ੍ਹੋ : Kotputli Borewell News: ਜਿੰਦਗੀ ਦੀ ਜੰਗ ਹਾਰੀ ਚੇਤਨਾ, 10 ਦਿਨ ਪਹਿਲਾਂ ਡਿੱਗੀ ਸੀ ਬੋਰਵੈੱਲ ’ਚ
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੇ ਬੱਸ ਅੱਡਿਆਂ ਨੂੰ ਠੇਕੇ ’ਤੇ ਦਿੱਤਾ ਜਾਵੇ ਤਾਂ ਜੋ ਮਾਲੀਆ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਰੂਟਾਂ ਉੱਤੇ ਜ਼ਿਆਦਾਤਰ ਨਿੱਜੀ ਬੱਸਾਂ ਚੱਲਦੀਆਂ ਹਨ ਅਤੇ ਸਰਕਾਰੀ ਬੱਸ ਸਰਵਿਸ ਨਾਂਹ ਬਰਾਬਰ ਹੈ, ਉਨ੍ਹਾਂ ਰੂਟਾਂ ’ਤੇ ਸਰਕਾਰੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ ਤਾਂ ਜੋ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਦਾ ਲਾਭ ਮਿਲਣ ਸਣੇ ਹੋਰਨਾਂ ਮੁਸਾਫਰਾਂ ਨੂੰ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਸੂਬੇ ਦੇ ਹਰੇਕ ਰੂਟ ’ਤੇ ਸਰਕਾਰੀ ਬੱਸ ਸੇਵਾ ਯਕੀਨੀ ਬਣਾਉਣ ਤਾਂ ਜੋ ਨਿੱਜੀ ਬੱਸ ਅਪ੍ਰੇਟਰਾਂ ਦੀ ਮਨਮਰਜ਼ੀ ਨੂੰ ਠੱਲ੍ਹ ਪਾਈ ਜਾ ਸਕੇ।
ਭੁੱਲਰ ਨੇ ਅਧਿਕਾਰੀਆਂ ਨੂੰ ਅਜਿਹੇ ਸਾਰੇ ਰੂਟਾਂ, ਜਿਨ੍ਹਾਂ ’ਤੇ ਸਰਕਾਰੀ ਬੱਸ ਸੇਵਾ ਉਪਲਬਧ ਨਹੀਂ ਹੈ, ਉਨ੍ਹਾਂ ਦੀ ਸੂਚੀ 15 ਦਿਨਾਂ ਦੇ ਅੰਦਰ-ਅੰਦਰ ਇਕੱਤਰ ਕਰਕੇ ਪੇਸ਼ ਕਰਨ ਦੇ ਵੀ ਹੁਕਮ ਦਿੱਤੇ। ਮੀਟਿੰਗ ਦੌਰਾਨ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਵਧੀਕ ਮੁੱਖ ਸਕੱਤਰ ਟਰਾਂਸਪੋਰਟ ਡੀਕੇ ਤਿਵਾੜੀ, ਐੱਸਟੀਸੀ ਜਸਪ੍ਰੀਤ ਸਿੰਘ, ਐੱਮਡੀ ਪਨਬੱਸ ਰਾਜੀਵ ਕੁਮਾਰ ਗੁਪਤਾ, ਐੱਮਡੀ ਪੀਆਰਟੀਸੀ ਬਿਕਰਮਜੀਤ ਸਿੰਘ ਸ਼ੇਰਗਿੱਲ, ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ, ਏਡੀਓ ਪਨਬੱਸ ਰਾਜੀਵ ਦੱਤਾ, ਜੀਐੱਮ ਪੀਆਰਟੀਸੀ ਮਨਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜ਼ੂਦ ਸਨ। Punjab Roadways