ਪੰਜਾਬ ਦੇ ਸਿਆਸਤਦਾਨ ਵੱਡੀ ਪੱਧਰ ‘ਤੇ ਹੇਜ ਦੀ ਬਿਮਾਰੀ ਨਾਲ ਪੀੜਤ

ਪੰਜਾਬ ਦੇ ਸਿਆਸਤਦਾਨ ਵੱਡੀ ਪੱਧਰ ‘ਤੇ ਹੇਜ ਦੀ ਬਿਮਾਰੀ ਨਾਲ ਪੀੜਤ

ਅੱਜ ਪੰਜਾਬ ਦੀ ਸਿਆਸੀ ਫ਼ਿਜ਼ਾ ਵਿੱਚ ਹੇਜ ਦੀ ਬਿਮਾਰੀ ਫੈਲੀ ਹੋਣ ਕਾਰਨ ਪੰਜਾਬ ਦੇ ਸਿਆਸਤਦਾਨ ਵੱਡੀ ਪੱਧਰ ‘ਤੇ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਹੋਏ ਹਨ ਵੱਡੇ ਤੋਂ ਲੈ ਕੇ ਛੋਟਾ ਲੀਡਰ ਇਸ ਬਿਮਾਰੀ ਨਾਲ ਜੂਝ ਰਿਹਾ ਹੈ ਸਿਆਸੀ ਮਾਹਿਰਾਂ ਅਨੁਸਾਰ ਇਹ ਬਿਮਾਰੀ ਅਜੇ ਕਰੀਬ ਡੇਢ ਸਾਲ ਹੋਰ ਚੱਲੇਗੀ ਸਿਆਸੀ ਡਾਕਟਰਾਂ ਅਨੁਸਾਰ ਇਸ ਬਿਮਾਰੀ ਦਾ ਪੂਰਾ ਜ਼ੋਰ ਸਾਲ 2021 ਦੇ ਦਸੰਬਰ ਵਿੱਚ ਹੋਵੇਗਾ ਅਤੇ ਉਸ ਵਕਤ ਹਰ ਸਿਆਸਤਦਾਨ ਨੂੰ ਇਹ ਬਿਮਾਰੀ ਆਪਣੀ ਜਕੜ ਵਿੱਚ ਲੈ ਲਵੇਗੀ

ਇਸ ਬਿਮਾਰੀ ਨੂੰ ਵੇਖਦੇ ਹੋਏ ਅਵਾਮ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਇਸ ਤੋਂ ਪੂਰੀ ਤਰ੍ਹਾਂ ਬਚ ਕੇ ਰਿਹਾ ਜਾਵੇ ਇਨ੍ਹਾਂ ਤੋਂ ਵੱਧ ਤੋਂ ਵੱਧ ਦੂਰੀ ਬਣਾ ਕੇ ਰੱਖੀ ਜਾਵੇ ਲੋਕ ਆਪਣੀਆਂ ਅਕਲਾਂ ਦੇ ਪਾਣੀ ਨਾਲ ਆਪਣੇ ਹੱਥ ਵਾਰ-ਵਾਰ ਧੋਣ ਅਤੇ ਆਪਣੀਆਂ ਜ਼ਮੀਰਾਂ ਤੇ ਅਣਖਾਂ ਦੇ ਮਾਸਕ ਪਾ ਕੇ ਰੱਖਣ ਇਹ ਬਿਮਾਰੀ ਕਈ ਵਾਰ ਲੋਕਾਂ ਦੇ ਕੰਨਾਂ ਤੇ ਅੱਖਾਂ ‘ਤੇ ਵੀ ਅਸਰ ਕਰ ਸਕਦੀ ਹੈ ਸੋ ਆਪਣੀਆਂ ਅੱਖਾਂ ਤੇ ਕੰਨਾਂ ਵਿੱਚ ਵੀ ਆਪਣੀ ਜ਼ਮੀਰ ਦਾ ਦਾਰੂ ਪਾਉਂਦੇ ਰਹਿਣ ਤਾਂ ਜੋ ਇਸ ਅਲਾਮਤ ਦਾ ਕੋਈ ਅਸਰ ਨਾ ਹੋ ਸਕੇ

ਅੱਜ ਪੰਜਾਬ ਦਾ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਦੇ ਤੁਗਲਕੀ ਫੈਸਲੇ ਵਿਰੁੱਧ ਸੜਕਾਂ ‘ਤੇ ਬੈਠਾ ਹੈ ਅਤੇ ਇਹ ਸਿਆਸੀ ਲੀਡਰ ਆਪੋ-ਆਪਣੀਆਂ ਰੋਟੀਆਂ ਸੇਕਣ ਲੱਗੇ ਹੋਏ ਹਨ ਸਿਰ ‘ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਲਟਕਦੀ ਤਲਵਾਰ ਵੇਖ ਇਨ੍ਹਾਂ ਲੀਡਰਾਂ ਨੂੰ ਹੇਜਲਾ ਦੀ ਬਿਮਾਰੀ ਹੋ ਗਈ ਹੈ ਸਾਰੇ ਲੀਡਰ ਆਪਣੇ-ਆਪ ਨੂੰ ਕਿਸਾਨ ਦੇ ਪੰਜਾਬ ਹਿਤੈਸ਼ੀ ਦੱਸ ਰਹੇ ਹਨ ਕਈ-ਕਈ ਸਾਲ ਸੱਤਾ ਦਾ ਨਿੱਘ ਮਾਨਣ ਤੋਂ ਬਾਅਦ ਇਹ ਹੁਣ ਲੋਕਾਂ ਦੇ ਖ਼ੈਰ-ਖ਼ੁਆਹ ਬਣ ਰਹੇ ਹਨ ਸਾਰੀਆਂ ਹੀ ਸਿਆਸੀ ਧਿਰਾਂ ਦੇ ਲੀਡਰ ਹੇਜ ਦੀ ਬਿਮਾਰੀ ਦਾ ਸ਼ਿਕਾਰ ਨਜ਼ਰ ਆ ਰਹੇ ਹਨ

ਪਿਛਲੇ ਛੇ ਸਾਲ ਕੇਂਦਰ ਦੀ ਮੋਦੀ ਸਰਕਾਰ ਵਿੱਚ ਸੱਤਾ ਦਾ ਪੂਰਾ ਨਿੱਘ ਮਾਣਦਾ ਆ ਰਿਹਾ ਅਕਾਲੀ ਦਲ ਇਸ ਬਿਮਾਰੀ ਦਾ ਸਭ ਤੋਂ ਵੱਧ ਸ਼ਿਕਾਰ ਹੋਇਆ ਨਜ਼ਰ ਆ ਰਿਹਾ ਹੈ ਉਂਝ ਅਕਾਲੀ ਦਲ ਨੇ ਪੰਜਾਬ ‘ਤੇ  25 ਸਾਲ ਰਾਜ ਕੀਤਾ ਤੇ ਇੰਨੇ ਸਾਲਾਂ ਵਿੱਚ ਸਿਰਫ ਕੁਝ ਮਹੀਨੇ ਹੀ ਇਸ ਬਿਮਾਰੀ ਦੀ ਪਕੜ ਵਿੱਚ ਆਉਂਦਾ ਰਿਹਾ ਹੁਣ ਜਦੋਂ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਤਾਂ ਪਹਿਲਾਂ ਇਹ ਆਰਾਮ ਨਾਲ ਕੇਂਦਰ ਵਿੱਚ ਵਜ਼ੀਰੀ ਦਾ ਨਿੱਘ ਲੈਂਦਾ ਰਿਹਾ ਅਤੇ ਹੁਣ ਜਦੋਂ 2022 ਦੀਆਂ ਚੋਣਾਂ ਸਿਰ ‘ਤੇ ਆਈਆਂ ਤਾਂ ਇਹ ਹੇਜਲਾ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ

ਅਕਾਲੀ ਦਲ ਹੁਣ ਕਿਸਾਨ ਸੰਘਰਸ਼ ਵਿਚੋਂ ਆਪਣੀ ਖੁੱਸ ਚੁੱਕੀ ਸਿਆਸੀ ਸਰ ਜ਼ਮੀਨ ਨੂੰ ਤਲਾਸ਼ ਰਿਹਾ ਹੈ ਅਕਾਲੀ ਦਲ ਵੱਲੋਂ ਪਹਿਲਾਂ ਖੇਤੀ ਬਿੱਲਾਂ ਦੇ ਹੱਕ ਵਿੱਚ ਪੂਰਾ ਭੰਡੀ ਪ੍ਰਚਾਰ ਕੀਤਾ ਗਿਆ ਤੇ ਹੁਣ ਕਿਸਾਨਾਂ ਦਾ ਗੁੱਸਾ ਤੇ ਭਾਜਪਾ ਆਗੂਆਂ ਵੱਲੋਂ ਵਿਖਾਈਆਂ ਜਾ ਰਹੀਆਂ ਅੱਖਾਂ ਨੂੰ ਮੱਦੇਨਜ਼ਰ ਇਸ ਉੱਪਰ ਹੇਜਲਾ ਬਿਮਾਰੀ ਨੇ ਇੱਕਦਮ ਹਮਲਾ ਕਰ ਦਿੱਤਾ ਹੈ ਆਪਣੀ ਸਿਆਸੀ ਪੈੜ ਬਣਾਉਣ ਲਈ ਵਜ਼ੀਰੀ ਛੱਡ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਮਾਰਨ ਦੀ ਗੱਲ ਕਰਨ ਲੱਗ ਪਿਆ ਹੈ

ਕਿਸਾਨਾਂ ਵੱਲੋਂ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਧਰਨੇ ਮਾਰਚਾਂ ਨੂੰ ਸਿਆਸੀ ਡਰਾਮਾ ਤੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਕੇ ਪੂੰਜੀਪਤੀ ਘਰਾਣਿਆਂ ਨੂੰ ਇਸਦਾ ਲਾਭ ਪਹੁੰਚਾਉਣਾ ਕਰਾਰ ਦਿੱਤਾ ਗਿਆ ਹੈ ਅਕਾਲੀ ਦਲ ਦੀ ਪਿਛਲੀ ਸਰਕਾਰ ਸਮੇਂ ਕਿਸਾਨ ਮੰਡੀਆਂ ਵਿੱਚ ਰੁਲਦਾ ਰਿਹਾ ਤੇ ਕਿਸਾਨਾਂ ‘ਤੇ ਡਾਂਗਾਂ ਵੀ ਵਰ੍ਹਾਈਆਂ ਗਈਆਂ ਉਸ ਵਕਤ ਅਕਾਲੀ ਦਲ ‘ਤੇ  ਸੱਤਾ ਦਾ ਨਸ਼ਾ ਸੀ ਅਤੇ ਫਿਰ ਆਖਰੀ ਸਾਲ ਵਿੱਚ ਹੇਜਲਾ ਦਾ ਸ਼ਿਕਾਰ ਹੋਇਆ ਕਿਸਾਨ ਸੰਘਰਸ਼ ਦੇ ਬਹਾਨੇ ਅਕਾਲੀ ਦਲ ਆਪਣੀ ਹੋਂਦ ਤਲਾਸ਼ ਰਿਹਾ ਹੈ Àੁੱਧਰ ਕਾਂਗਰਸ ਦੀ ਹਾਕਮ ਧਿਰ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਈ ਹੈ ਉਸ ਵੱਲੋਂ ਵੀ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਦੱਸਿਆ ਜਾ ਰਿਹਾ ਹੈ

ਪਿਛਲੇ ਸਾਢੇ ਤਿੰਨ ਸਾਲ ਸੱਤਾ ਦਾ ਨਿੱਘ ਲੈ ਰਹੀ ਹਾਕਮ ਧਿਰ ਨੂੰ ਪਹਿਲਾਂ ਕਿਸਾਨੀ ਦਾ ਦਰਦ ਨਹੀਂ ਆਇਆ ਮੋਤੀਆਂ ਵਾਲੀ ਸਰਕਾਰ ਦੇ ਰਾਜ ਵਿੱਚ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਕਰਜ਼ਾ ਮੁਆਫੀ ਦੀ ਗੱਲ ਕਰਕੇ ਸੱਤਾ ਦੀ ਕੁਰਸੀ ‘ਤੇ ਬਿਰਾਜਮਾਨ ਹੋਏ ਕਾਂਗਰਸ ਪਾਰਟੀ ਦੇ ਜ਼ਹਾਜ਼ ਦੇ ਕੈਪਟਨ ਨੇ ਕਿਸਾਨਾਂ ਦੀ ਪਹਿਲਾਂ ਕੋਈ ਸਾਰ ਨਹੀਂ ਲਈ ਕਿਸਾਨਾਂ ਨੂੰ ਇਸ ਰਾਜ ਵਿੱਚ ਵੀ ਡਾਂਗਾਂ ਹੀ ਮਿਲੀਆਂ ਹਨ ਮੋਤੀਆਂ ਵਾਲੀ ਸਰਕਾਰ ਵੀ ਹੇਜਲਾ ਬਿਮਾਰੀ ਦਾ ਸ਼ਿਕਾਰ ਹੋ ਗਈ ਹੈ

ਹੁਣ ਤੱਕ ਹਕੂਮਤ ਚਾਹੇ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਪਰ ਕਿਸਾਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਇਨ੍ਹਾਂ ਸਿਆਸੀ ਜਮਾਤਾਂ ਵੱਲੋਂ ਸਿਰਫ ਤੇ ਸਿਰਫ਼ ਕਿਸਾਨਾਂ ਦੇ ਜਜ਼ਬਾਤਾਂ ਨਾਲ ਹੀ ਖਿਲਵਾੜ ਕੀਤਾ ਗਿਆ ਹੈ ਸਭ ਦਾ ਢਿੱਡ ਭਰਨ ਵਾਲਾ ਕਈ ਦਿਨਾਂ ਤੋਂ ਸੜਕਾਂ ਤੇ ਰੇਲਵੇ ਲਾਈਨਾਂ ‘ਤੇ ਭੁੱਖੇ ਢਿੱਡ ਆਪਣੇ ਹੱਕਾਂ ਲਈ ਲੜ ਰਿਹਾ ਹੈ ਸੱਪਾਂ ਦੀਆਂ ਸਿਰੀਆਂ ‘ਤੇ  ਰਾਤਾਂ ਕੱਟਣ ਵਾਲਾ ਅੱਜ-ਕੱਲ੍ਹ ਹਾਕਮਾਂ ਦੀਆਂ ਧੱਕੇਸ਼ਾਹੀਆਂ ਵਿਰੁੱਧ ਰੇਲਵੇ ਲਾਈਨਾਂ ‘ਤੇ ਸਿਰ ਰੱਖ ਲੇਟਿਆ ਹੋਇਆ ਹੈ

ਆਮ ਆਦਮੀ ਪਾਰਟੀ ਦੇ ਲੀਡਰ ਵੀ ਇਸ ਬਿਮਾਰੀ ਤੋਂ ਪੀੜਤ ਨਜ਼ਰ ਆ ਰਹੇ ਹਨ ਆਪਸੀ ਕਾਂਟੋ ਕਲੇਸ਼ ਵਿੱਚ ਉਲਝਦੀ ਆ ਰਹੀ ਆਪ ਦੇ ਲੀਡਰਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਪੰਜਾਬ ਦੇ ਲੋਕ ਉਨ੍ਹਾਂ ਪਿੱਛੇ ਲੱਗ ਜਾਣਗੇ ਪਰ ਇਹ ਉਨ੍ਹਾਂ ਦੀ ਗਲਤਫਹਿਮੀ ਲੱਗਦੀ ਹੈ ਆਪ ਨੇ ਵੀ ਪਾਣੀਆਂ ਦੇ ਮਾਮਲੇ ਵਿੱਚ ਅਪਣਾਈ ਗਈ ਦੋਗਲੀ ਨੀਤੀ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਕੰਮਾਂ ਕਾਰਨ ਆਪਣਾ ਵਿਸਵਾਸ਼ ਗੁਆ ਲਿਆ ਹੈ ਹਰ ਛੋਟੀ-ਵੱਡੀ ਪਾਰਟੀ ਦਾ ਆਗੂ ਇਸ ਵਕਤ ਹੇਜਲਾ ਬਿਮਾਰੀ ਦਾ ਸ਼ਿਕਾਰ ਨਜਰ ਆ ਰਿਹਾ ਹੈ

ਅੱਜ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੂੰ ਹੇਜਲਾ ਬਿਮਾਰੀ ਦਾ ਸ਼ਿਕਾਰ ਇਨ੍ਹਾਂ ਫਸਲੀ ਬਟੇਰਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅੱਜ ਇਹ ਜਰੂਰੀ ਹੈ ਕਿ ਇਨ੍ਹਾਂ ਆਗੂਆਂ ਦੀ ਅਸਲੀਅਤ ਨੂੰ ਪਹਿਚਾਣ ਕੇ ਪੰੰਜਾਬ ਦੀ ਕਿਸਾਨੀ ਲਈ ਅੱਗੇ ਆਈਏ ਹੇਜਲਾ ਬਿਮਾਰੀ ਤੋਂ ਪੀੜਤ ਇਨ੍ਹਾਂ ਸਿਆਸਤਦਾਨਾਂ ਤੋਂ ਬਚਣ ਲਈ ਸਾਰੇ ਨੁਸਖੇ ਅਪਣਾਏ ਜਾਣੇ ਚਾਹੀਦੇ ਹਨ ਇਨ੍ਹਾਂ ਤੋਂ ਦੂਰੀ ਬਣਾ ਕੇ ਕੇ ਰੱਖਣਾ ਹੀ ਪੰਜਾਬ ਤੇ ਪੰਜਾਬੀਅਤ ਦੇ ਭਲੇ ਵਿਚ ਹੈ ਪੰਜਾਬ ਦੇ ਨੌਜਵਾਨਾਂ ਲਈ ਹੁਣ ਕੁਝ ਕਰਨ ਦਾ ਸਮਾਂ ਹੈ ਕਦ ਤੱਕ ਬਜ਼ੁਰਗਾਂ ਦੇ ਮੋਢਿਆਂ ‘ਤੇ ਰੱਖੇ ਡੰਡੇ ਤੇ ਝੰਡੇ ਦੀ ਛਾਵੇਂ ਬੈਠਾਂਗੇ? ਕਰੋਨਾ ਦਾ ਕਹਿਰ ਤਾਂ ਸਾਲ ਵਿੱਚ ਖਤਮ ਹੋ ਸਕਦਾ ਪਰ ਹੇਜਲਾ ਬਿਮਾਰੀ ਤੋਂ ਪੀੜਤ ਇਨ੍ਹਾਂ ਆਗੂਆਂ ਦੇ ਸੰਪਰਕ ਵਿੱਚ ਆ ਜਾਣ ਕਾਰਨ ਚਾਰ ਸਾਲ ਤੱਕ ਬਿਮਾਰੀ ਨੂੰ ਝੱਲਣਾ ਪੈਂਦਾ ਹੈ
ਰਾਜਨ ਮਾਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.