Punjab Panchayat Election: ਪੰਜਾਬ ਰਾਜ ਚੋਣ ਕਮਿਸ਼ਨਰ ਨੇ ਡਿਪਟੀ ਕਮਿਸ਼ਨਰਾਂ ਤੋਂ 24 ਘੰਟਿਆਂ ’ਚ ਮੰਗੀ ਰਿਪੋਰਟ
Punjab Panchayat Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਬੋਲੀ ਲਾ ਕੇ ਸਰਪੰਚ ਦੀ ਸਰਵਸੰਮਤੀ ਨਾਲ ਚੋਣ ਕਰਨ ਵਾਲੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਰਾਜ ਚੋਣ ਕਮਿਸ਼ਨ ਕਾਫੀ ਜ਼ਿਆਦਾ ਸਖਤ ਹੋ ਗਿਆ ਹੈ ਇਸ ਮਾਮਲੇ ਵਿੱਚ ਰਾਜ ਚੋਣ ਕਮਿਸ਼ਨ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਰਿਪੋਰਟ ਤਲਬ ਕੀਤੀ ਗਈ ਹੈ ਤਾਂ ਕਿ ਇਸ ਤਰੀਕੇ ਦੀ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਸੰਭਾਵੀ ਉਮੀਦਵਾਰਾਂ ਅਤੇ ਬੋਲੀ ਲਾਉਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਭਾਰਤ ਦੇ ਲੋਕਤੰਤਰ ਦੇ ਵਿੱਚ ਬੋਲੀ ਲਾ ਕੇ ਕਿਸੀ ਸੰਵਿਧਾਨਿਕ ਪੋਸਟ ਨੂੰ ਲੈਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ, ਜਦੋਂ ਕਿ ਪੰਜਾਬ ਵਿੱਚ ਲਗਾਤਾਰ ਇਹੋ ਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ, ਜਿਸ ਵਿੱਚ 10-20 ਲੱਖ ਰੁਪਏ ਤੋਂ ਲੈ ਕੇ ਦੋ ਕਰੋੜ ਰੁਪਏ ਤੱਕ ਦੀ ਬੋਲੀ ਸਰਪੰਚ ਲਈ ਲਾਈ ਜਾ ਰਹੀ ਸੀ। ਪੰਜਾਬ ਵਿੱਚ ਇਹੋ ਜਿਹੇ ਬੋਲੀ ਲਾ ਕੇ ਜਿੱਤਣ ਵਾਲੇ ਸਰਪੰਚਾਂ ਨੂੰ ਨੱਥ ਪਾਉਣ ਲਈ ਰਾਜ ਚੋਣ ਕਮਿਸ਼ਨ ਨੇ ਡਿਟੇਲ ਵਿੱਚ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਮੰਗੀ ਹੈ। Punjab Panchayat Election
ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹੇ ਵਿੱਚ ਅਜਿਹੀ ਕਿਸੇ ਵੀ ਵਿਸ਼ੇਸ਼ ਘਟਨਾ, ਭਾਵੇਂ ਰਿਪੋਰਟ ਕੀਤੀ ਗਈ ਹੋਵੇ ਜਾਂ ਪ੍ਰਕਿਰਿਆ ਵਿੱਚ ਹੋਵੇ, ਦੀ ਪੂਰੀ ਬਾਰੀਕੀ ਨਾਲ ਨਿਗਰਾਨੀ ਕਰਨ ਅਤੇ 24 ਘੰਟਿਆਂ ਦੇ ਅੰਦਰ ਕਮਿਸ਼ਨ ਨੂੰ ਆਪਣੀਆਂ ਟਿੱਪਣੀਆਂ ਸਮੇਤ ਪੂਰੀ ਰਿਪੋਰਟ ਪੇਸ਼ ਕਰਨ ।
ਦਰਜ ਹੋ ਸਕਦੀ ਹੈ ਐੱਫਆਈਆਰ, ਚੋਣ ਵੀ ਕੀਤੀ ਜਾ ਸਕਦੀ ਐ ਰੱਦ
ਭਾਰਤੀ ਸੰਵਿਧਾਨ ਅਤੇ ਪੰਚਾਇਤ ਰਾਜ ਦੇ ਕਾਨੂੰਨ ਅਨੁਸਾਰ ਜੇਕਰ ਕੋਈ ਇਸ ਤਰੀਕੇ ਦੀ ਗੈਰ ਕਾਨੂੰਨੀ ਕਾਰਵਾਈ ਕਰਦੇ ਹੋਏ ਸੰਵਿਧਾਨਿਕ ਅਹੁਦੇ ਨੂੰ ਹਾਸਲ ਕਰਨ ਲਈ ਬੋਲੀ ਲਾਉਂਦਾ ਹੈ ਜਾਂ ਬੋਲੀ ਲਵਾਉਂਦਾ ਹੈ ਤਾਂ ਉਸ ਖਿਲਾਫ ਐੱਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਇਸ ਗੈਰ ਕਾਨੂੰਨੀ ਤਰੀਕੇ ਨਾਲ ਸਰਪੰਚ ਦੇ ਅਹੁਦੇ ਨੂੰ ਹਾਸਲ ਕਰਨ ਵਾਲੇ ਦੀ ਸਰਵਸੰਮਤੀ ਨਾਲ ਹੋਈ ਚੋਣ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਕਾਰਵਾਈ ਲਈ ਸਾਰੇ ਅਧਿਕਾਰ ਰਾਜ ਚੋਣ ਕਮਿਸ਼ਨ ਅਤੇ ਉੱਚ ਅਦਾਲਤਾਂ ਕੋਲ ਹੀ ਰਾਖਵੇਂ ਹਨ।
Read Also : Ludhiana News: ਪੰਜ ਮੰਜ਼ਿਲਾ ਇਮਾਰਤ ਦਾ ਹਿੱਸਾ ਡਿੱਗਿਆ, ਮਹਿਲਾ ਤੇ ਉਸਦਾ ਡੇਢ ਸਾਲਾ ਬੱਚਾ ਜਖ਼ਮੀ