ਇੱਕਾ-ਦੁੱਕਾ ਹਿੰਸਕ ਘਟਨਾਵਾਂ ਦੌਰਾਨ ਪਈਆਂ ਪੰਚਾਇਤੀ ਵੋਟਾਂ | Punjab News
- ਪੰਜਾਬ ਦੀਆਂ 13 ਹਜ਼ਾਰ 237 ਪੰਚਾਇਤਾਂ ਵਿੱਚ 60 ਫੀਸਦੀ ਤੋਂ ਜ਼ਿਆਦਾ ਪਈਆਂ ਵੋਟਾਂ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ 13 ਹਜ਼ਾਰ 237 ਗ੍ਰਾਮ ਪੰਚਾਇਤਾਂ ਦੀ ਮੰਗਲਵਾਰ ਨੂੰ ਚੋਣ ਹੋ ਗਈ ਹੈ। ਇਨ੍ਹਾਂ ਚੋਣਾਂ ਦੌਰਾਨ ਹਿੰਸਾ ਵੀ ਹੋਈ ਕਿਤੇ ਗੋਲੀਆਂ ਚੱਲੀਆਂ ਤੇ ਕਿਤੇ ਇੱਟਾਂ-ਰੋੜੇ, ਕਿਤੇ ਪੁਲਿਸ ਨੂੰ ਸਥਿਤੀ ਕਾਬੂ ਹੇਠ ਰੱਖਣ ਲਈ ਹਵਾਈ ਫਾਇਰ ਕਰਨੇ ਪਏ ਇਸ ਦੌਰਾਨ 2 ਦੀ ਮੌਤ ਹੋਣ ਦਾ ਸਮਾਚਾਰ ਵੀ ਮਿਲ ਰਿਹਾ ਹੈ। ਮਰਨ ਵਾਲਿਆਂ ’ਚ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਅਧਿਆਪਕ ਵੀ ਦੱਸਿਆ ਜਾ ਰਿਹਾ ਹੈ, ਹਾਲਾਂਕਿ ਦੇਰ ਸ਼ਾਮ ਤੱਕ ਮੌਤ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ।
ਰਾਜ ਚੋਣ ਅਧਿਕਾਰੀ ਵੱਲੋਂ ਪੰਜਾਬ ਦੀਆਂ ਇਨ੍ਹਾਂ ਪੰਚਾਇਤੀ ਚੋਣਾਂ ਨੂੰ ਅਮਨ ਅਤੇ ਸ਼ਾਂਤੀ ਨਾਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੁਝ ਥਾਵਾਂ ’ਤੇ ਗੜਬੜੀ ਕਰਕੇ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਤੱਕ 60 ਫੀਸਦੀ ਤੱਕ ਵੋਟਿੰਗ ਹੋਣ ਦੀ ਜਾਣਕਾਰੀ ਮਿਲ ਰਹੀ ਸੀ। ਸ਼ਾਮ ਤੱਕ ਵੋਟਿੰਗ ਤੋਂ ਬਾਅਦ ਗਿਣਤੀ ਵੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਦੇਰ ਰਾਤ ਤੱਕ ਨਤੀਜੇ ਐਲਾਨ ਕੀਤੇ ਜਾ ਰਹੇ ਸਨ। Punjab News
ਮਿਲ ਰਹੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਸਨੌਰ ਦੇ ਪਿੰਡ ਖੁੱਡਾ ਵਿਖੇ ਚੋਣ ਦੌਰਾਨ ਹੋਏ ਝਗੜੇ ’ਚ ਇੱਕ ਗੁੱਟ ਵੱਲੋਂ ਗੋਲੀਆਂ ਚਲਾਉਣ ਨਾਲ 2 ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਵਿੱਚ 30 ਮਿੰਟਾਂ ਤੱਕ ਇੱਟਾਂ-ਰੋੜੇ ਵੀ ਚੱਲਣ ਦੀ ਖ਼ਬਰ ਮਿਲ ਰਹੀ ਹੈ, ਜਿਸ ਕਾਰਨ ਕੁਝ ਦੇਰ ਲਈ ਵੋਟਿੰਗ ਦਾ ਕੰਮ ਰੁਕਿਆ ਵੀ ਰਿਹਾ। ਬਠਿੰਡਾ ਦੇ ਪਿੰਡ ਆਕਲੀਆਂ ਕਲਾਂ ਵਿਖੇ ਟਰੱਕ ਯੂਨੀਅਨ ਪ੍ਰਧਾਨ ਹਰਪ੍ਰੀਤ ਸਿੰਘ ਦੀ ਗੱਡੀ ’ਤੇ ਹੀ ਪਿੰਡ ਦੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲਾਵਰਾਂ ਨੇ ਗੱਡੀ ਦੀ ਭੰਨ-ਤੋੜ ਵੀ ਕੀਤੀ ਅੰਮ੍ਰਿਤਸਰ ਦੇ ਪਿੰਡ ਬਲੱਗਣ ਸਿੱਧੂ ਵਿਖੇ ਵੋਟਿੰਗ ਦੌਰਾਨ ਵੋਟਾਂ ਸਬੰਧੀ 2 ਧਿਰਾਂ ਵਿਚਕਾਰ ਝਗੜਾ ਹੋ ਗਿਆ ਅਤੇ ਦੋਵਾਂ ਪਾਸੇ ਤੋਂ ਇੱਟਾਂ-ਰੋੜੇ ਚੱਲਣੇ ਸ਼ੁਰੂ ਹੋ ਗਏ, ਜਿਸ ਕਾਰਨ ਵੋਟਾਂ ਨੂੰ ਇੱਕ ਘੰਟੇ ਤੱਕ ਰੋਕ ਕੇ ਰੱਖਿਆ ਗਿਆ।
Punjab News
ਬਰਨਾਲਾ ਦੇ ਕਰਮਗੜ੍ਹ ਪਿੰਡ ਵਿਖੇ ਪੰਚੀ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਆਪਸ ਵਿੱਚ ਬਹਿਸ ਹੋਣ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਤਾਂ ਇੱਕ ਉਮੀਦਵਾਰ ਸਣੇ 2 ਬੰਦਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲ ਰਿਹਾ ਹੈ। ਲੁਧਿਆਣਾ ਦੇ ਪਿੰਡ ਭਾਮਿਆ ਖ਼ੁਰਦ ਵੋਟਿੰਗ ਦੌਰਾਨ ਵਿਵਾਦ ਹੋ ਗਿਆ ਹੈ, ਜਿੱਥੇ ਕਿ ਬੈਲੇਟ ਪੇਪਰ ਬਾਰੇ ਝਗੜਾ ਹੋਇਆ ਹੈ ਅਤੇ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਸਮਝਾ ਕੇ ਝਗੜਾ ਖ਼ਤਮ ਕਰ ਦਿੱਤਾ ਗਿਆ ਸੀ।
ਕਈ ਪਿੰਡਾਂ ਵਿੱਚੋਂ ਬੈਲੇਟ ਪੇਪਰ ਗਲਤ ਛਪਣ ਕਰਕੇ ਚੋਣ ਮੁਲਤਵੀ
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਈ ਪਿੰਡਾਂ ਵਿੱਚੋਂ ਗਲਤ ਬੈਲੇਟ ਪੇਪਰ ਛਪਣ ਜਾਂ ਫਿਰ ਚੋਣ ਨਿਸ਼ਾਨ ਦੀ ਗਲਤ ਛਪਾਈ ਕਰਕੇ ਰੌਲਾ ਪੈਂਦਾ ਰਿਹਾ ਅਤੇ ਕਈ ਘੰਟਿਆਂ ਤੱਕ ਵੋਟਿੰਗ ਹੀ ਸ਼ੁਰੂ ਨਹੀਂ ਹੋ ਸਕੀ। ਇਹ ਜਾਣਕਾਰੀ ਲੁਧਿਆਣਾ ਅਤੇ ਮਾਨਸਾ ਸਣੇ ਕੁਝ ਹੋਰ ਜ਼ਿਲ੍ਹਿਆਂ ਵਿੱਚੋਂ ਮਿਲ ਰਹੀ ਹੈ। ਹਾਲਾਂਕਿ ਇਨ੍ਹਾਂ ਪਿੰਡਾਂ ਦੀ ਗਿਣਤੀ ਦਰਜਨ ਭਰ ਤੋਂ ਵੀ ਘੱਟ ਹੈ ਪਰ ਇਸ ਪਰੇਸ਼ਾਨੀ ਨੂੰ ਦੇਖਦੇ ਹੋਏ ਇਨ੍ਹਾਂ ਦੀ ਚੋਣ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਸੁਪਰੀਮ ਕੋਰਟ ਵੱਲੋਂ ਰੋਕ ਲਾਉਣ ਤੋਂ ਸਾਫ਼ ਇਨਕਾਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਖ ਕਰਨ ਵਾਲੇ ਪਟੀਸ਼ਨਕਰਤਾਂ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਵੱਲੋਂ ਸੁਣਵਾਈ ਕਰਦੇ ਹੋਏ ਚੋਣਾਂ ’ਤੇ ਰੋਕ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਲੋਕਤੰਤਰ ਦੇ ਇਸ ਉਤਸਵ ਵਿੱਚ ਇਸ ਮੌਕੇ ਦਖ਼ਲ ਦੇਣਾ ਠੀਕ ਨਹੀਂ ਹੋਏਗਾ। ਇਸ ਲਈ ਮੰਗਲਵਾਰ ਨੂੰ ਹੋਈਆਂ ਚੋਣਾਂ ’ਤੇ ਕਿਸੇ ਵੀ ਤਰੀਕੇ ਰੋਕ ਨਹੀਂ ਲਾਈ ਜਾ ਸਕਦੀ ਹੈ।
Read Also : Punjab News: ਮੁੱਖ ਮੰਤਰੀ ਵੱਲੋਂ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀ