Punjab News: ਸਕੂਲ ਆਫ਼ ਐਂਮੀਨੈਂਸ ਦੀ ਥਾਂ ਪ੍ਰਾਈਵੇਟ ਸਕੂਲ ’ਚ ਲੱਗ ਰਹੀ ਸਾਇੰਸ ਪ੍ਰਦਰਸ਼ਨੀ ਦਾ ਮਸਲਾ ਭਖਿਆ
Punjab News: ਮਾਨਸਾ (ਸੁਖਜੀਤ ਮਾਨ)। ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਂਮੀਨੈਂਸ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵਾਲੇ ਸਕੂਲ ਹੋਣ ਦਾ ਦਾਅਵਾ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਸਕੂਲਾਂ ਜ਼ਰੀਏ ਤਕਨੀਕ ਦੇ ਹਾਣੀ ਬਣਾਉਣ ਦੀ ਗੱਲ ਆਖੀ ਗਈ ਸੀ ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹੁਣ ਖੁਦ ਹੀ ਇਹ ਸਕੂਲ ਪਸੰਦ ਆਉਣੋਂ ਹਟ ਗਏ ਹਨ। ਇਹ ਰੋਸ ਭਰੇ ਸ਼ਬਦ ਜ਼ਿਲ੍ਹਾ ਮਾਨਸਾ ਦੇ ਉਨ੍ਹਾਂ ਅਧਿਆਪਕਾਂ ਦੇ ਹਨ, ਜਿਨ੍ਹਾਂ ਵੱਲੋਂ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਸਕੂਲ ਆਫ ਐਂਮੀਨੈਂਸ ਦੀ ਥਾਂ ਕਿਸੇ ਨਿੱਜੀ ਸਕੂਲ ’ਚ ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ’ਚ ਉੱਤਰੇ ਕਰੀਬ ਇੱਕ ਦਰਜ਼ਨ ਅਧਿਆਪਕ ਜਥੇਬੰਦੀਆਂ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਵੀ ਲਿਖਿਆ ਹੈ।
Read Also : Government News: ਸਰਕਾਰ ਬੱਚਿਆਂ ਨੂੰ ਦੇਵੇਗੀ 1500 ਰੁਪਏ ਪ੍ਰਤੀ ਮਹੀਨਾ, ਇਸ ਤਰ੍ਹਾਂ ਕਰੋ ਅਪਲਾਈ
ਵੇਰਵਿਆਂ ਮੁਤਾਬਿਕ ਮਾਨਸਾ ਦੇ ਇਕ ਨਿੱਜੀ ਸਕੂਲ ਵਿਖੇ 22 ਤੋਂ 24 ਅਕਤੂਬਰ ਤੱਕ ਲਾਈ ਜਾ ਰਹੀ ਸਾਇੰਸ ਪ੍ਰਦਰਸ਼ਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਲ੍ਹੇ ਦੀਆਂ ਇੱਕ ਦਰਜਨ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਮੰਗ ਕੀਤੀ ਹੈ ਕਿ ਜੇਕਰ ਸਕੂਲ ਆਫ਼ ਐਂਮੀਨੈਂਸ ਜਾਂ ਜ਼ਿਲ੍ਹੇ ਦਾ ਇਕ ਵੀ ਸਰਕਾਰੀ ਸਕੂਲ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਲਾਉਣ ਦੇ ਕਾਬਲ ਹੀ ਨਹੀਂ ਤਾਂ ਪੰਜਾਬ ਸਰਕਾਰ ਕਿਹੜੇ ਆਧੁਨਿਕ ਸਿੱਖਿਆ ਦੇ ਦਾਅਵੇ ਵਾਅਦੇ ਕਰ ਰਹੀ ਹੈ। Punjab News
ਜ਼ਿਲ੍ਹੇ ਦੀਆਂ ਇੱਕ ਦਰਜਨ ਅਧਿਆਪਕ ਜਥੇਬੰਦੀਆਂ ਦੀ ਬਾਲ ਭਵਨ ਮਾਨਸਾ ਵਿਖੇ ਹੋਈ ਮੀਟਿੰਗ ਦੌਰਾਨ ਇਸ ਗੱਲ ’ਤੇ ਸਖ਼ਤ ਰੋਸ ਜ਼ਾਹਿਰ ਕੀਤਾ ਹੈ ਕਿ ਸਿੱਖਿਆ ਅਧਿਕਾਰੀ ਸਕੂਲ ਆਫ਼ ਐਂਮੀਨੈਂਸ ਵਰਗੇ ਸਕੂਲਾਂ ਨੂੰ ਅਣਗੌਲਿਆਂ ਕਰਕੇ ਪ੍ਰਾਈਵੇਟ ਸਕੂਲਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਸੁਆਲ ਕੀਤਾ ਕਿ ਜੇਕਰ ਸਕੂਲ ਆਫ਼ ਐਂਮੀਨੈਂਸ ਜਾਂ ਹੋਰ ਸਰਕਾਰੀ ਸਕੂਲ ਸਾਇੰਸ ਪ੍ਰਦਰਸ਼ਨੀਆਂ, ਸੈਮੀਨਾਰ ਜਾਂ ਸਿੱਖਿਆ ਸਬੰਧੀ ਹੋਰ ਪ੍ਰੋਗਰਾਮਾਂ ਦੇ ਕਾਬਲ ਹੀ ਨਹੀਂ ਤਾਂ ਕਿਉਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਹ ਦਾਅਵੇ ਕਰਦੇ ਹਨ ਕਿ ਉਨ੍ਹਾਂ ਦਾ ਸਿੱਖਿਆ ਮਾਡਲ ਨੰਬਰ ਵਨ ਹੈ।
Punjab News
ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਮੋਲਕ ਡੇਲੂਆਣਾ, ਕਰਮਜੀਤ ਤਾਮਕੋਟ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਮਾਖਾ, ਗੁਰਦਾਸ ਸਿੰਘ ਰਾਏਪੁਰ, ਬੀ-ਐੱਡ ਫ਼ਰੰਟ ਅਤੇ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਦਰਸ਼ਨ ਅਲੀਸ਼ੇਰ, ਆਗੂ ਅਧਿਆਪਕ ਦਲ ਦੇ ਸੂਬਾਈ ਬੁਲਾਰੇ ਰਾਜਦੀਪ ਸਿੰਘ ਬਰੇਟਾ, ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਲਾਲਿਆਂਵਾਲੀ, ਨਿਰਮਲ ਸੈਦੇਵਾਲਾ, ਈਟੀਟੀ ਟੀਚਰਜ਼ ਯੂਨੀਅਨ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਸਿੱਧੂ, ਅਧਿਆਪਕ ਆਗੂ ਰਾਜਵਿੰਦਰ ਸਿੰਘ, ਪਰਮਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਮਾਨਸਾ ਜ਼ਿਲ੍ਹੇ ਦੇ ਸੇਂਟ ਜੇਵੀਅਰ ਸਕੂਲ ’ਚ ਜਿੱਥੇ ਸਾਇੰਸ ਪ੍ਰਦਰਸ਼ਨੀ ਲਾਈ ਜਾ ਰਹੀ ਹੈ ਉਸ ਸਕੂਲ ਨੂੰ ਵੱਡੇ ਪੱਧਰ ’ਤੇ ਉਭਾਰਿਆ ਜਾ ਰਿਹਾ ਹੈ।
ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਭਲਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਮਿਲ ਕੇ ਇਹ ਮਸਲੇ ਸਬੰਧੀ ਆਪਣਾ ਰੋਸ ਜ਼ਾਹਿਰ ਕਰਨਗੇ।
ਸਿੱਖਿਆ ਵਿਭਾਗ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਕਰਵਾ ਰਿਹੈ ਪ੍ਰੋਗਰਾਮ : ਜ਼ਿਲ੍ਹਾ ਸਿੱਖਿਆ ਅਫ਼ਸਰ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਭੁਪਿੰਦਰ ਕੌਰ ਦਾ ਕਹਿਣਾ ਹੈ ਕਿ ਸਾਇੰਸ ਪ੍ਰਦਰਸ਼ਨੀ ਸਿੱਖਿਆ ਵਿਭਾਗ ਵੱਲੋਂ ਨਹੀਂ, ਸਗੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਵੱਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਇਸ ਸਬੰਧੀ ਸਰਕਾਰੀ ਸਕੂਲਾਂ ਦਾ ਵੀ ਦੌਰਾ ਕੀਤਾ ਗਿਆ ਸੀ ਪਰ ਇਸ ਪ੍ਰਦਰਸ਼ਨੀ ’ਚ ਵੱਖ-ਵੱਖ ਸਕੂਲਾਂ ਦੇੇ ਵਿਦਿਆਰਥੀਆਂ ਨੂੰ ਲੈ ਕੇ ਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਆਦਿ ਨੂੰ ਦੇਖਦਿਆਂ ਉਸ ਸਕੂਲ ’ਚ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ਦੇ ਪ੍ਰਬੰਧਾਂ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ ਵੀ ਹਰ ਤਰ੍ਹਾਂ ਦੇ ਪ੍ਰਬੰਧ ਹਨ।