ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਬਿਨ੍ਹਾਂ ਨਹੀਂ ਫੜਾ ਰਹੇ ਕਿਸੇ ਨੂੰ ਆਪਣੀ ਬਾਂਹ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਪੰਜਾਬ ਅੰਦਰ ਲੋਕ ਸਭਾ ਚੋਣਾਂ ਵਿੱਚ ਵੀ ਤੀਜੇ ਮੋਰਚੇ ਲਈ ਹੱਥ ਪੈਰ ਮਾਰ ਰਹੇ ਆਗੂ ਬੂਰੀ ਤਰ੍ਹਾਂ ਫੇਲ ਸਾਬਤ ਹੋਏ ਹਨ। ਤੀਜੇ ਮੋਰਚੇ ਦੀ ਆਸ ਵਿੱਚ ਚੋਣ ਲੜੇ ਇਨ੍ਹਾਂ ਆਗੂਆਂ ਦੇ ਪੰਜਾਬ ਦੀ ਸਿਆਸੀ ਜ਼ਮੀਨ ‘ਤੇ ਪੈਰ ਹੀ ਨਹੀਂ ਲੱਗ ਸਕੇ। ਪੰਜਾਬ ਅੰਦਰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਟੱਕਰ ਦੇਣ ਲਈ ਸਿਆਸੀ ਪਿੜ ‘ਚ ਕੁੱਦੇ ਪੀਡੀਏ ਦੇ ਜਿਅਦਾਤਰ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ, ਸੀਟ ਹਾਸਲ ਕਰਨੀ ਤਾਂ ਇੱਕ ਪਾਸੇ ਰਹੀ। ਇਨ੍ਹਾਂ ਚੋਣਾਂ ਵਿੱਚ ਤੀਜੇ ਮੋਰਚੇ ਦੀ ਦੌੜ ਵਿੱਚ ਲੱਗੇ ਆਗੂਆਂ ਨੂੰ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਅੰਦਰ ਲਗਭਗ ਕਈ ਦਹਾਕਿਆਂ ਤੋਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦਾ ਬਦਲ ਦੇਣ ਲਈ ਵੱਖ-ਵੱਖ ਸਮੇਂ ਕਈ ਪਾਰਟੀਆਂ ਵੱਲੋਂ ਆਪਣੀ ਕੋਸ਼ਿਸ਼ ਕੀਤੀ ਗਈ, ਪਰ ਇਹ ਕੋਸ਼ਿਸ਼ ਹਰ ਵਾਰ ਹੀ ਨਾਕਾਮ ਸਾਬਤ ਹੋਈ ਹੈ। ਪੰਜਾਬ ਦੇ ਲੋਕਾਂ ਨੇ ਚੋਣਾਂ ਮੌਕੇ ਕਾਂਗਰਸ ਅਤੇ ਅਕਾਲੀ ਦਲ ਤੋਂ ਬਿਨ੍ਹਾਂ ਹੋਰ ਪਾਰਟੀਆਂ ਵੱਲ ਆਪਣਾ ਉਲਾਰ ਨਹੀਂ ਦਿਖਾਇਆ। ਇਨ੍ਹਾਂ ਲੋਕ ਸਭਾ ਚੋਣਾਂ ਮੌਕੇ ਵੱਖ-ਵੱਖ ਪਾਰਟੀਆਂ ਨਾਲ ਬਣੇ ਗੱਠਜੋੜ (ਪੀਡੀਏ) ਵੱਲੋਂ ਪੰਜਾਬ ਦੀਆਂ ਸੀਟਾਂ ਉੱਪਰ ਆਪਣੇ ਉਮੀਦਵਾਰ ਉਤਾਰੇ ਗਏ ਸਨ, ਪਰ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ।
ਪਟਿਆਲਾ ਤੋਂ ਸਿਟਿੰਗ ਐਮ.ਪੀ. ਅਤੇ ਪੀਡੀਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਉਂਜ ਭਾਵੇਂ ਇਨ੍ਹਾਂ ਚੋਣਾਂ ‘ਚ ਡਾ. ਗਾਂਧੀ ਦੇ ਡਰ ਨੇ ਮੋਤੀ ਮਹਿਲ ਵਾਲਿਆਂ ਨੂੰ ਗਲੀਆਂ ਵਿੱਚ ਤੋਰ ਦਿੱਤਾ ਸੀ, ਪਰ ਆਕਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਪੀਡੀਏ ਉਮੀਦਵਾਰ ਤੋਂ ਕਿਤੇ ਵੱਧ ਵੋਟਾਂ ਲੈ ਗਏ। ਬਠਿੰਡਾ ਤੋਂ ਪੀਡੀਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ, ਸੰਗਰੂਰ ਤੋਂ ਗਾਇਕ ਜੱਸੀ ਜਸਰਾਜ ਸਮੇਤ ਹੋਰ ਆਗੂਆਂ ਦੀ ਜ਼ਮਾਨਤ ਜਬਤ ਹੋ ਗਈ।
ਲੁਧਿਆਣਾ ਤੋਂ ਸਿਰਫ਼ ਸਿਮਰਜੀਤ ਸਿੰਘ ਬੈਂਸ ਅਤੇ ਹਲਕਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਹੀ ਚੰਗਾ ਪ੍ਰਦਰਸ਼ਨ ਕਰ ਸਕੇ ਹਨ। ਪੰਜਾਬ ਦੇ ਲੋਕਾਂ ਨੇ ਤੀਜੇ ਬਦਲ ਲਈ ਢਾਹਾਂ ਮਾਰ ਰਹੇ ਪੀਡੀਏ ਦੇ ਆਗੂਆਂ ਨੂੰ ਨਕਾਰ ਕੇ ਝਟਕਾ ਦੇ ਦਿੱਤਾ ਹੈ ਅਤੇ ਸਿੱਧ ਕਰ ਦਿੱਤਾ ਹੈ ਕਿ ਉਹ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨਾਲ ਹੀ ਖੜ੍ਹਨਗੇ।
ਇਸ ਤੋਂ ਪਹਿਲਾਂ ਸਾਲ 2014 ਵਿੱਚ ਭਾਵੇਂ ਆਮ ਆਦਮੀ ਪਾਰਟੀ ਦੀ ਮਾਲਵੇ ਵਿੱਚ ਚੱਲੀ ਹਨ੍ਹੇਰੀ ਨੇ ਚਾਰ ਐਮ.ਪੀ. ਬਣਾਉਣ ਦਾ ਪਿੜ੍ਹ ਬੰਨਿਆ ਸੀ, ਪਰ ਇਸ ਵਾਰ ਇਹ ਪਾਰਟੀ ਸੰਗਰੂਰ ਹਲਕੇ ਵਿੱਚ ਹੀ ਸਿਮਟ ਕੇ ਰਹਿ ਗਈ। ਇਸ ਤੋਂ ਬਾਅਦ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਤੀਜੀ ਧਿਰ ਵੱਲੋਂ ਉੱਭਰਨ ਦੀਆਂ ਚਰਚਾਵਾਂ ਭਾਰੂ ਹੋਈਆਂ ਸਨ ਅਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸਬੰਧੀ ਮੀਡੀਆ ਵੱਲੋਂ ਸ਼ੋਰ ਮਚਾਇਆ ਗਿਆ ਸੀ। ਭਾਵੇਂ ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ 20 ਸੀਟਾਂ ਜਿੱਤੀਆਂ ਸਨ ਅਤੇ ਵਿਰੋਧੀ ਧਿਰ ਦਾ ਅਹੁਦਾ ਮੱਲਿਆ ਸੀ, ਪਰ ਮੌਜੂਦਾ ਸਮੇਂ ਇਸ ਪਾਰਟੀ ਹੱਥੋਂ ਇਹ ਅਹੁਦਾ ਵੀ ਖੁੱਸਦਾ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਦੇ ਕਈ ਵਿਧਾਇਕ ਕਾਂਗਰਸ ਵੱਲ ਰੁੱਖ ਕਰ ਗਏ ਹਨ ਅਤੇ ਕਈ ਆਪਣੀ ਪਾਰਟੀ ਤੋਂ ਹੀ ਨਰਾਜ਼ ਚੱਲ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਵੀ ਤੀਜਾ ਮੋਰਚਾ ਰਵਾਇਤੀ ਪਾਰਟੀਆਂ ਵੱਲੋਂ ਚੱਲੀਆਂ ਅੰਦਰੂਨੀ ਚਾਲਾਂ ਨਾਲ ਢਹਿ ਢੇਰੀ ਹੋ ਗਿਆ।
ਲੋਕ ਭਲਾਈ ਪਾਰਟੀ ਦੇ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਵੀ ਤੀਜੇ ਮੋਰਚੇ ਦੀਆਂ ਟਾਹਰਾਂ ਦਿੱਤੀਆਂ ਗਈਆਂ ਸਨ, ਪਰ ਇਸ ਪਾਰਟੀ ਦਾ ਵੀ ਪੰਜਾਬ ਅੰਦਰ ਬੁਰਾ ਹਾਲ ਹੋਇਆ ਅਤੇ ਅੱਜ ਰਾਮੂਵਾਲੀਆਂ ਪੰਜਾਬ ਦੀ ਰਾਜਨੀਤੀ ‘ਚੋਂ ਹੀ ਬਾਹਰ ਹੋ ਕੇ ਰਹਿ ਗਏ ਹਨ। ਇਹੀ ਹਾਲ ਹੀ ਬਹੁਜਨ ਸਮਾਜ ਪਾਰਟੀ ਸਮੇਤ ਸੀਪੀਆਈ ਅਤੇ ਸੀਪੀਐਮ ਦਾ ਹੋਇਆ ਅਤੇ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਪਾਰਟੀਆਂ ਨੂੰ ਤੀਜੇ ਮੋਰਚੇ ਵਜੋਂ ਕਦੇ ਵੀ ਆਪਣੀ ਮਾਨਤਾ ਨਹੀਂ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।