ਡਰੱਗ ਰਿਪੋਰਟ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਫਟਕਾਰ

High Court

ਜਦੋਂ ਕਾਰਵਾਈ ਕਰਨ ਤੋਂ ਰੋਕਿਆ ਹੀ ਨਹੀਂ ਤਾਂ ਹੁਣ ਤੱਕ ਕਿਉਂ ਚੁੱਪ ਬੈਠੀ ਰਹੀ ਸਰਕਾਰ

  • ਹਾਈ ਕੋਰਟ ਵਲੋਂ ਕਦੇ ਵੀ ਕਾਰਵਾਈ ਕਰਨ ਤੋਂ ਨਹੀਂ ਰੋਕਿਆ ਅਤੇ ਨਾ ਹੀ ਰਿਪੋਰਟ ਖੋਲ੍ਹਣ ’ਤੇ ਕੋਈ ਰੋਕ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਸਰਕਾਰ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਫਟਕਾਰ ਦਾ ਸਾਹਮਣਾ ਕਰਨਾ ਪਿਆ। 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਐਸ.ਟੀ.ਐਫ. ਦੀ ਰਿਪੋਰਟ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੀ ਪੰਜਾਬ ਸਰਕਾਰ ਤੋਂ ਪੁੱਛ ਲਿਆ ਕਿ ਤੁਹਾਡੇ ਵਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ? ਹਾਈ ਕੋਰਟ ਵੱਲੋਂ ਇਹ ਵੀ ਪੁੱਛਿਆ ਗਿਆ ਕਿ ਐਸ.ਟੀ.ਐਫ. ਦੀ ਸੀਲਬੰਦ ਰਿਪੋਰਟ ਨੂੰ ਖੋਲਣ ’ਤੇ ਕਿੱਥੇ ਰੋਕ ਲੱਗੀ ਹੋਈ ਹੈ ?

ਇਸ ’ਤੇ ਪੰਜਾਬ ਸਰਕਾਰ ਨੂੰ ਮੰਨਣਾ ਪਿਆ ਕਿ ਰਿਪੋਰਟ ’ਤੇ ਕੋਈ ਰੋਕ ਲਗਾਈ ਹੀ ਨਹੀਂ ਗਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਡਰੱਗ ਮਾਮਲੇ ਵਿੱਚ ਸੁਣਵਾਈ ਦੌਰਾਨ ਇੱਕ ਪੱਖ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਹਰ ਵਾਰ ਹਾਈ ਕੋਰਟ ਦੇ ਆਦੇਸ਼ ਆਉਣ ਦਾ ਇੰਤਜ਼ਾਰ ਕਰਨ ਦੀ ਗੱਲ ਆਖਦੀ ਹੈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵਲੋਂ ਕੋਈ ਵੀ ਕਾਰਵਾਈ ਨਹੀਂ ਹੋਈ।

ਇਸ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਜਦੋਂ ਐਸ.ਟੀ.ਐਫ. ਦੀ ਰਿਪੋਰਟ ਨੂੰ ਖੋਲਣ ਅਤੇ ਕਾਰਵਾਈ ਕਰਨ ’ਤੇ ਕੋਈ ਰੋਕ ਹੀ ਨਹੀਂ ਹੈ ਤਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ ? ਇਸ ’ਤੇ ਪੰਜਾਬ ਸਰਕਾਰ ਦੇ ਵਕੀਲਾਂ ਕੋਲ ਕੋਈ ਜੁਆਬ ਹੀ ਨਹੀਂ ਸੀ।
ਇਸ ਦੌਰਾਨ ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਰੀਆਂ ਧਿਰਾਂ ਵੱਲੋਂ ਲੰਮੀ ਬਹਿਸ ਹੋਣ ਤੋਂ ਬਾਅਦ ਅਗਲੀ ਕਾਰਵਾਈ 9 ਦਸੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ