
ਘੱਗਰ ਦੀ ਸਮੱਸਿਆ ਦੇ ਪੱਕੇ ਹੱਲ ਲਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਕਰਵਾਈ ਜਾਵੇਗੀ ਮੁਲਾਕਾਤ : ਗੁਲਾਬ ਚੰਦ ਕਟਾਰੀਆ
- ਕਿਹਾ, 1600 ਕਰੋੜ ਰੁਪਏ ਤਾਂ ਸ਼ੁਰੂਆਤ; ਹੋਰ ਮਦਦ ਵੀ ਕਰੇਗੀ ਕੇਂਦਰ ਸਰਕਾਰ
Gulab Chand Kataria Statement: (ਗੁਰਪ੍ਰੀਤ ਸਿੰਘ/ਮੋਹਨ ਸਿੰਘ) ਮੂਨਕ। ਘੱਗਰ ਦਰਿਆ ਸਬੰਧੀ ਹਾਲਾਤ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ ਮਕਰੌੜ ਸਾਹਿਬ ਪੁੱਜੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਘੱਗਰ ਦਰਿਆ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਅਤੇ ਹਰਿਆਣਾ, ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਕਰਵਾਉਣਗੇ ਕਿਉਂਕਿ ਘੱਗਰ ਦੀ ਮਾਰ ਦੋਵੇਂ ਸੂਬਿਆਂ ਨੂੰ ਪੈਂਦੀ ਹੈ।
ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੈਦਾ ਹੋਏ ਐਮਰਜੈਂਸੀ ਹਾਲਾਤ ਦੇ ਮੱਦੇਨਜਰ ਫੌਰੀ ਰਾਹਤ ਹਿੱਤ ਕੇਂਦਰ ਸਰਕਾਰ ਵੱਲੋਂ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਕੇਵਲ ਸ਼ੁਰੂਆਤ ਹੈ। ਸੂਬੇ ਦੇ ਹੋਏ ਨੁਕਸਾਨ ਸਬੰਧੀ ਮੁਕੰਮਲ ਰਿਪੋਰਟਾਂ ਪ੍ਰਾਪਤ ਹੋਣ ’ਤੇ ਕੇਂਦਰ ਵੱਲੋਂ ਹੋਰ ਰਾਹਤ ਰਾਸ਼ੀ ਵੀ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਨੁਕਸਾਨ ਰਾਵੀ ਦਰਿਆ ਕਾਰਨ, ਉਸ ਤੋਂ ਬਾਅਦ ਸਤਲੁਜ ਅਤੇ ਬਿਆਸ ਅਤੇ ਸਭ ਤੋਂ ਘੱਟ ਨੁਕਸਾਨ ਘੱਗਰ ਕਾਰਨ ਹੋਇਆ ਹੈ। ਸੰਗਰੂਰ ਜ਼ਿਲ੍ਹੇ ਵਿੱਚ ਘੱਗਰ ਦੀ ਸਿੱਧੀ ਮਾਰ ਤਾਂ ਨਹੀਂ ਪਈ ਪਰ ਭਾਰੀ ਬਰਸਾਤ ਕਾਰਨ 6 ਤੋਂ 7 ਹਜ਼ਾਰ ਹੈਕਟੇਅਰ ਖੇਤੀਬਾੜੀ ਵਾਲੀ ਜ਼ਮੀਨ ਪ੍ਰਭਾਵਿਤ ਹੋਈ ਅਤੇ 1 ਵਿਅਕਤੀ ਦੀ ਮੌਤ ਮਕਾਨ ਦੀ ਛੱਤ ਡਿੱਗਣ ਕਾਰਨ ਹੋਈ ਹੈ।
ਇਹ ਵੀ ਪੜ੍ਹੋ: Legal News: ਫ਼ਰੀਦਕੋਟ ’ਚ ਰਾਸ਼ਟਰੀ ਲੋਕ ਅਦਾਲਤ ਦੌਰਾਨ 11627 ਕੇਸਾਂ ਦਾ ਨਿਪਟਾਰਾ
ਮੀਡੀਆ ਵੱਲੋਂ ਕੌਮੀ ਆਫਤ ਰਾਹਤ ਫੰਡ (ਐਨ.ਡੀ.ਆਰ.ਐੱਫ.) ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਕਟਾਰੀਆ ਨੇ ਕਿਹਾ ਕਿ ਇਹ ਫੰਡ ਕਿਸੇ ਵੀ ਆਫਤ ਸਮੇਂ ਬਣਦੇ ਹਾਲਾਤ ਦੇ ਮੁਕਾਬਲੇ ਲਈ ਹੁੰਦਾ ਹੈ ਤੇ ਇਸ ਵਿੱਚ ਕੇਂਦਰ ਅਤੇ ਰਾਜ ਦੋਵੇਂ ਸਰਕਾਰਾਂ ਵੱਲੋਂ ਯੋਗਦਾਨ ਪਾਇਆ ਜਾਂਦਾ ਹੈ। ਪੰਜਾਬ ਦੇ ਰਾਜਪਾਲ ਨੇ ਜ਼ਿਲ੍ਹਾ ਪ੍ਰਸਾਸਨ ਅਤੇ ਸਥਾਨਕ ਲੋਕਾਂ ਵੱਲੋਂ ਘੱਗਰ ਦੀ ਮਾਰ ਤੋਂ ਬਚਾਅ ਬਾਬਤ ਦਿਨ ਰਾਤ ਇੱਕ ਕਰਕੇ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਹਨਾਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਘੱਗਰ ਸਬੰਧੀ ਮੁਸ਼ਕਿਲ ਦੇ ਹੱਲ ਲਈ ਸੁਝਾਅ ਵੀ ਲਏ।
ਪੰਜਾਬ ਦੇ ਰਾਜਪਾਲ ਵੱਲੋਂ ਮਕਰੌੜ ਸਾਹਿਬ ਵਿਖੇ ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਹਰਿਆਣਾ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਉਣ ਕਾਰਨ ਮਕਰੌੜ ਸਾਹਿਬ ਤੋਂ ਅੱਗੇ ਘੱਗਰ ਦਰਿਆ ਨੂੰ ਚੌੜਾ ਕਰਨ ’ਤੇ ਲੱਗੀ ਰੋਕ ਕਾਰਨ ਬਣੀ ਸੰਭਾਵੀ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਮੁਸਕਲ ਹੱਲ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।