ਮੂੰਗੀ ਦੀ ਐੈੱਮਐੱਸਪੀ ਤੋਂ ਪਿੱਛੇ ਹਟੀ ਪੰਜਾਬ ਸਰਕਾਰ, ਖੇਤੀਬਾੜੀ ਮੰਤਰੀ ਦਾ ਐਲਾਨ, ‘ਗਲਤ ਸੀ ਸਾਡਾ ਫੈਸਲਾ’

MSP on Moong

ਮੂੰਗੀ ਦੀ ਬਿਜਾਈ ਨੂੰ ਲੈ ਕੇ ਦੇਣੀ ਪਈ ਵਾਧੂ ਬਿਜਲੀ, ਨਹੀਂ ਹੋਇਆ ਕੋਈ ਜ਼ਿਆਦਾ ਫਾਇਦਾ | MSP on Moong

ਚੰਡੀਗੜ੍ਹ (ਅਸ਼ਵਨੀ ਚਾਵਲਾ)। MSP on Moong : ਪੰਜਾਬ ਵਿੱਚ ਕਿਸਾਨਾਂ ਨੂੰ ਮੂੰਗੀ ਦੀ ਬਿਜਾਈ ’ਤੇ ਕੋਈ ਵੀ ਐੱਮਐੱਸਪੀ ਜਾਂ ਫਿਰ ਮੁਆਵਜ਼ਾ ਨਹੀਂ ਮਿਲੇਗਾ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਭਵਿੱਖ ਵਿੱਚ ਕੋਈ ਵੀ ਕਿਸਾਨ ਜਾਂ ਫਿਰ ਕਿਸਾਨ ਜਥੇਬੰਦੀ ਇਸ ਮੁਆਵਜ਼ੇ ਲਈ ਦਾਅਵਾ ਵੀ ਪੇਸ਼ ਨਹੀਂ ਕਰ ਸਕਦੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਖ਼ੁਦ ਮੰਨਣਾ ਹੈ ਕਿ ਮੂੰਗੀ ’ਤੇ ਐੱਮਐੱਸਪੀ ਦੇ ਨਾਲ ਹੀ ਮੁਆਵਜ਼ਾ ਦੇਣ ਦੀ ਸਕੀਮ ਪੰਜਾਬ ਸਰਕਾਰ ਦਾ ਗਲਤ ਫੈਸਲਾ ਸੀ, ਜਿਸ ਕਾਰਨ ਹੀ ਉਸ ਨੂੰ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿਖੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸਕੀਮ ਨੂੰ ਪਹਿਲੇ ਸਾਲ ਤੋਂ ਬਾਅਦ ਹੀ ਬੰਦ ਕਰ ਦਿੱਤਾ ਗਿਆ ਸੀ।

ਮੂੰਗੀ ਲਈ ਸਰਕਾਰ ਨਹੀਂ ਦੇਵੇਗੀ ਕੋਈ ਵੀ ਮੁਆਵਜ਼ਾ, ਪਹਿਲੇ ਸਾਲ ਤੋਂ ਬਾਅਦ ਬੰਦ ਕੀਤੀ ਸਕੀਮ : ਖੁੱਡੀਆਂ

ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਪੰਜਾਬ ’ਚ ਝੋਨੇ ਦੀ ਬਿਜਾਈ ਕਰਨ ਦੇ ਨਾਲ ਜ਼ਮੀਨ ਹੇਠਲਾ ਪਾਣੀ ਜਿਆਦਾ ਹੇਠਾਂ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ’ਚ ਪੰਜਾਬ ਨੂੰ ਪਾਣੀ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਏਗਾ। ਇਸ ਲਈ ਝੋਨੇ ਦੀ ਥਾਂ ’ਤੇ ਪੰਜਾਬ ’ਚ ਮੂੰਗੀ ਦੀ ਬਿਜਾਈ ਜਿਆਦਾ ਜਮੀਨ ’ਤੇ ਕੀਤੀ ਜਾਵੇ, ਇਸ ਨਾਲ ਪਾਣੀ ਦੀ ਬੱਚਤ ਹੋਏਗੀ ਅਤੇ ਪੰਜਾਬ ਸਰਕਾਰ ਮੂੰਗੀ ਦੀ ਐੱਮਐੱਸਪੀ ’ਤੇ ਖਰੀਦ ਕਰੇਗੀ। ਜਿਹੜੇ ਕਿਸਾਨਾਂ ਦੀ ਮੂੰਗੀ ਘੱਟ ਰੇਟ ‘ਤੇ ਵਿਕੇਗੀ ਤਾਂ ਉਸ ਕਿਸਾਨ ਨੂੰ ਐੱਮਐੱਸਪੀ ਅਨੁਸਾਰ ਬਾਕੀ ਬਕਾਇਆ ਸਰਕਾਰ ਵਲੋਂ ਮੁਆਵਜ਼ੇ ਵਜੋਂ ਦਿੱਤਾ ਜਾਏਗਾ।

MSP on Moong

ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ’ਤੇ ਕਿਸਾਨਾਂ ਵਲੋਂ ਪਹਿਲੇ ਸਾਲ 2022 ਵਿੱਚ ਸਵਾ ਲੱਖ ਏਕੜ ਤੋਂ ਜਿਆਦਾ ਜਮੀਨ ’ਤੇ ਮੂੰਗੀ ਦੀ ਫਸਲ ਕੀਤੀ ਗਈ ਸੀ ਪਰ ਮੂੰਗੀ ਦੀ ਗੁਣਵੱਤਾ ਵਿੱਚ ਘਾਟ ਹੋਣ ਕਰਕੇ ਉਹ ਮੂੰਗੀ ਐੱਮਐੱਸਪੀ ’ਤੇ ਨਹੀਂ ਵਿਕ ਸਕੀ ਸੀ ਤਾਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਬਾਕੀ ਪੈਸੇ ਮੁਆਵਜ਼ੇ ਦੇ ਰੂਪ ਵਿੱਚ ਦਿੱਤੇ ਗਏ ਸਨ।

Also Read : ਹੁਨਰ ’ਤੇ ਭਾਰੂ ਨਾ ਹੋਵੇ ਖੇਤਰਵਾਦ

ਪਹਿਲੇ ਸਾਲ ਤੋਂ ਬਾਅਦ ਮੂੰਗੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਬੰਦ ਹੋ ਗਿਆ ਸੀ ਪਰ ਸਰਕਾਰ ਵੱਲੋਂ ਕੋਈ ਵੀ ਅਧਿਕਾਰਤ ਸੂਚਨਾ ਵੀ ਨਹੀਂ ਦਿੱਤੀ ਜਾ ਰਹੀ ਸੀ। ਹੁਣ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਪਹਿਲੇ ਸਾਲ ਤਜ਼ਰਬੇ ਦੇ ਰੂਪ ਵਿੱਚ ਐੱਮਐੱਸਪੀ ਮੁਆਵਜ਼ਾ ਦੇਣ ਦਾ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਸੀ ਪਰ ਇਹ ਤਜਰਬਾ ਠੀਕ ਨਹੀਂ ਰਿਹਾ। ਸਰਕਾਰ ਨੂੰ ਮੂੰਗੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਬਿਜਲੀ ਵੀ ਜਿਆਦਾ ਦੇਣੀ ਪਈ ਹੈ ਅਤੇ ਮੂੰਗੀ ਦੀ ਕੁਆਲਿਟੀ ਵੀ ਠੀਕ ਨਹੀਂ ਨਿਕਲੀ। ਇਸ ਲਈ ਸਰਕਾਰ ਵਲੋਂ ਇਸ ਮੁਆਵਜ਼ਾ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਕਿਸੇ ਵੀ ਕਿਸਾਨ ਦੀ ਮੂੰਗੀ ਜੇਕਰ ਐੱਮਐੱਸਪੀ ’ਤੇ ਨਹੀਂ ਵਿਕਦੀ ਹੈ ਤਾਂ ਪੰਜਾਬ ਸਰਕਾਰ ਇਸ ’ਤੇ ਕੋਈ ਵੀ ਮੁਆਵਜ਼ਾ ਨਹੀਂ ਦੇਵੇਗੀ।