ਪੰਜਾਬ ’ਚ ਪੈਟਰੋਲ-ਡੀਜ਼ਲ ਅਤੇ ਬਿਜਲੀ ਹੋਈ ਮਹਿੰਗੀ | Punjab News
- ਕਾਂਗਰਸ ਵੱਲੋਂ ਦਿੱਤੀ ਬਿਜਲੀ ਸਬਸਿਡੀ ਖ਼ਤਮ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਖ਼ਤਮ ਹੋਣ ਤੋਂ ਅਗਲੇ ਦਿਨ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿੱਚ ਵਾਧਾ ਕਰਦੇ ਹੋਏ ਸੂਬੇ ਦੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿੱਚ ਵਾਧੇ ਦਾ ਝਟਕਾ ਦੇਣ ਦੇ ਨਾਲ ਹੀ ਬਿਜਲੀ ਨੂੰ ਵੀ 3 ਰੁਪਏ ਪ੍ਰਤੀ ਯੂਨਿਟ ਮਹਿੰਗਾ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਕੋ ਹੀ ਦਿਨ ਵਿੱਚ ਜਨਤਾ ਨੂੰ ਕਈ ਝਟਕੇ ਦਿੱਤੇ ਗਏ ਹਨ। ਪੈਟਰੋਲ ਵਿੱਚ 61 ਪੈਸੇ ਅਤੇ ਡੀਜ਼ਲ ਵਿੱਚ 92 ਪੈਸੇ ਦਾ ਵਾਧਾ ਕਰਦੇ ਹੋਏ ਸਰਕਾਰ ਨੂੰ 542 ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਬਿਜਲੀ ਦੇ ਰੇਟ ਵਿੱਚ 3 ਰੁਪਏ ਵਾਧਾ ਕਰਨ ਨਾਲ ਸਰਕਾਰ ਨੂੰ 2500 ਕਰੋੜ ਰੁਪਏ ਤੱਕ ਫਾਇਦਾ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਚੰਡੀਗੜ੍ਹ ਵਿਖੇ ਕੈਬਨਿਟ ਦੀ ਬੈਠਕ ’ਚ ਇਹ ਸਾਰੇ ਫੈਸਲੇ ਲਏ ਗਏ
ਪੈਟਰੋਲ 61 ਪੈਸੇ ਤੇ ਡੀਜ਼ਲ 92 ਪੈਸੇ ਹੋਇਆ ਮਹਿੰਗਾ, ਬਿਜਲੀ ’ਤੇ ਦੇਣੇ ਪੈਣਗੇ 3 ਰੁਪਏ ਜ਼ਿਆਦਾ | Punjab News
ਬੈਠਕ ਮਗਰੋਂ ਪ੍ਰੈਸ ਮਿਲਣੀ ਦੌਰਾਨ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਖ਼ਰਚੇ ਚਲਾਉਣ ਲਈ ਵੈਟ ਵਧਾਉਣ ਦੀ ਲੋੜ ਸਮਝੀ ਜਾ ਰਹੀ ਸੀ ਤਾਂ ਸਰਕਾਰ ਵੱਲੋਂ ਕੁਝ ਫੀਸਦੀ ਵੈਟ ਵਿੱਚ ਵਾਧਾ ਕੀਤਾ ਗਿਆ ਹੈ। ਇਸ ਵਾਧੇ ਦੇ ਨਾਲ ਆਉਣ ਵਾਲੇ ਪੈਸੇ ਨੂੰ ਪੰਜਾਬ ਦੇ ਵਿਕਾਸ ਲਈ ਖ਼ਰਚ ਕੀਤਾ ਜਾਵੇਗਾ। ਬਿਜਲੀ ਦੀਆਂ ਦਰਾਂ ਵਿੱਚ ਦਿੱਤੀ ਜਾਣ ਵਾਲੀ 3 ਰੁਪਏ ਦੀ ਸਬਸਿਡੀ ਨੂੰ ਵਾਪਸ ਲੈਣ ਵਾਲੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਹੀ ਰਹੀ ਸੀ ਤਾਂ 3 ਰੁਪਏ ਵੱਖਰੇ ਤੌਰ ’ਤੇ ਦੇਣ ਦਾ ਕੋਈ ਵੀ ਤੁਕ ਨਹੀਂ ਸੀ, ਜਿਸ ਕਾਰਨ ਹੀ ਇਸ ਨੂੰ ਹਟਾਇਆ ਗਿਆ ਹੈ। Punjab News
Read Also : Administrative Reshuffle: ਭਜਨ ਲਾਲ ਸਰਕਾਰ ਦਾ ਸਭ ਤੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਹ ਅਧਿਕਾਰੀਆਂ ਦੇ ਤਬਾਦਲੇ
ਹਾਲਾਂਕਿ ਹਰਪਾਲ ਚੀਮਾ ਨੇ ਇਥੇ ਮੰਨਿਆ ਕਿ ਜਿਹੜੇ ਲੋਕਾਂ ਦਾ ਬਿਜਲੀ ਦਾ ਬਿੱਲ 300 ਯੂਨਿਟ ਪ੍ਰਤੀ ਮਹੀਨਾ ਤੋਂ ਜ਼ਿਆਦਾ ਆਉਂਦਾ ਹੈ, ਉਨ੍ਹਾਂ ਨੂੰ ਇਸ 3 ਰੁਪਏ ਦੀ ਸਬਸਿਡੀ ਖ਼ਤਮ ਹੋਣ ਦੇ ਨਾਲ ਜ਼ਿਆਦਾ ਅਦਾਇਗੀ ਕਰਨੀ ਪਵੇਗੀ, ਜਿਸ ਕਰਕੇ ਬਿਜਲੀ ਦਾ ਬਿੱਲ ਭਰਨ ਵਾਲੇ ਆਮ ਲੋਕਾਂ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਚੰਨੀ ਸਰਕਾਰ ਨੇ ਸ਼ੁਰੂ ਕੀਤੀ ਸੀ 3 ਰੁਪਏ ਸਬਸਿਡੀ
ਪਿਛਲੀ ਕਾਂਗਰਸ ਸਰਕਾਰ ਦੌਰਾਨ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਉਸ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਹਰ ਸਲੈਬ ਵਿੱਚ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਬਿੱਲ ਘੱਟ ਦੇਣਾ ਪੈ ਰਿਹਾ ਸੀ। ਜੇਕਰ ਪੰਜਾਬ ਵਿੱਚ ਕਿਸੇ ਸਲੈਬ ਵਿੱਚ 7 ਰੁਪਏ ਪ੍ਰਤੀ ਯੂਨਿਟ ਰੇਟ ਚੱਲ ਰਿਹਾ ਹੈ ਤਾਂ ਇਸ ਸਬਸਿਡੀ ਦੇ ਮਿਲਣ ਕਰਕੇੇ 4 ਰੁਪਏ ਪ੍ਰਤੀ ਯੂਨਿਟ ਦੀ ਅਦਾਇਗੀ ਕਰਨੀ ਪੈਂਦੀ ਸੀ ਪਰ ਹੁਣ ਪੂਰੇ 7 ਰੁਪਏ ਪ੍ਰਤੀ ਯੂਨਿਟ ਹੀ ਦੇਣਾ ਪਵੇਗਾ, ਸਿੱਧੇ ਤੌਰ ’ਤੇ ਕਿਹਾ ਜਾਵੇ ਕਿ ਹੁਣ ਤੋਂ ਬਾਅਦ ਬਿਜਲੀ ਦਾ ਬਿੱਲ ਦੁੱਗਣਾ ਆਵੇਗਾ।