ਕੁਝ ਕਿਸਾਨਾਂ ਤੇ ਦੁਕਾਨਦਾਰਾਂ ਨੇ ਜ਼ਮੀਨਾ ਛੱਡਣ ਲਈ ਦਿੱਤੀ ਸਹਿਮਤੀ : ਸੰਮਤੀ ਪਟਵਾਰੀ
ਜ਼ਮੀਨਾ ਧੱਕੇ ਨਾਲ ਖਾਲੀ ਕਰਾਉਣ ਦਾ ਕੀਤਾ ਜਾਵੇਗਾ ਡੱਟਵਾਂ ਵਿਰੋਧ : ਪਿੰਡ ਵਾਸੀ
ਸੰਗਤ ਮੰਡੀ, (ਸੁਖਤੇਜ ਧਾਲੀਵਾਲ) ਪਿੰਡ ਸੰਗਤ ਕਲਾਂ ਦੀ ਪੰਚਾਇਤੀ ਜ਼ਮੀਨ ਇੱਕ ਹਫ਼ਤੇ ਅੰਦਰ ਛੱਡਣ ਦੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ। ਪਿੰਡ ਸੰਗਤ ਕਲਾਂ ਦੇ ਗੁਰਦੁਆਰਾ ਭਾਈਆਣਾ ਸਾਹਿਬ ਵਿਖੇ ਪਹੁੰਚੇ ਪੰਚਾਇਤ ਵਿਭਾਗ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਰਜਨੀਸ਼ ਗਰਗ (ਪੀਸੀਐੱਸ), ਬਲਾਕ ਸੰਗਤ ਦੇ ਸੰਮਤੀ ਪਟਵਾਰੀ ਅਸ਼ਵਨੀ ਸ਼ਰਮਾ, ਪੰਚਾਇਤ ਸਕੱਤਰ ਤਰਸੇਮ ਸਿੰਘ ਅਤੇ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਮੁਨਾਦੀ ਕਰਵਾ ਕੇ ਸਰਕਾਰੀ ਜ਼ਮੀਨਾਂ ਤੇ ਕਾਬਜ਼ ਲੋਕਾਂ ਨੂੰ ਆਪਣੇ ਪੱਖ ਪੇਸ਼ ਕਰਨ ਲਈ ਸੂਚਨਾਂ ਦਿੱਤੀ ਗਈ ਸੀ।
ਉਨਾਂ ਦੱਸਿਆ ਕਿ ਉਥੇ ਪਹੁੰਚੇ ਪਿੰਡ ਵਾਸੀ ਕਿਸਾਨ ਜਗਰੂਪ ਸਿੰਘ ਪੁੱਤਰ ਜੀਤ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਹਰਨੇਕ ਸਿੰਘ ਵੱਲੋਂ ਮੌਕੇ ਤੇ ਆਪਣੇ ਕਬਜੇ ਹੇਠਲੀਆਂ ਜ਼ਮੀਨਾ ਤੁਰੰਤ ਛਡਣ ਲਈ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਉਕਤ ਜ਼ਮੀਨਾ ਖ਼ਰੀਦ ਕੇ ਦੁਕਾਨਾਂ ਬਣਾਈ ਬੈਠੇ ਦੁਕਾਨਦਾਰਾਂ ਮਨਦੀਪ ਸਿੰਘ ਪੁੱਤਰ ਨਛੱਤਰ ਸਿੰਘ, ਨਸ਼ੀਬ ਕੌਰ ਪਤਨੀ ਮੰਦਰ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਪੀਲੂ ਸਿੰਘ ਨੇ ਠੇਕੇ ਜਾਂ ਕੁਲੈਕਟਰ ਰੇਟ ਤੇ ਜ਼ਮੀਨ ਖਰੀਦਣ ਲਈ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ।
ਉਨਾਂ ਦੱਸਿਆ ਕਿ ਪਿੰਡ ਸੰਗਤ ਕਲਾਂ ਦੀ 118 ਏਕੜ 1 ਕਨਾਲ 4 ਮਰਲੇ ਕੁੱਲ ਸਰਕਾਰੀ ਜ਼ਮੀਨ ਤੇ ਕਾਬਜ਼ ਲੋਕਾਂ ਨੂੰ ਇਕ ਹਫ਼ਤੇ ਦਾ ਸਮਾ ਨੋਟਿਸ ਦਿੱਤਾ ਜਾਵੇਗਾ ਕਿ ਉਹ ਆਪਣਾ ਸਟੇਅ ਆਰਡਰ ਜਾਂ ਕੋਈ ਹੋਰ ਦਸਤਾਵੇਜ ਪੇਸ਼ ਕਰ ਸਕਦੇ ਹਨ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਕਰੀਬ 80 ਫੀਸਦੀ ਪੰਚਾਇਤੀ ਜ਼ਮੀਨਾਂ ਤੇ ਲੰਬੇ ਸਮੇਂ ਤੋਂ ਲੋਕ ਕਾਬਜ਼ ਹਨ ਅਤੇ ਵਧੇਰੇ ਲੋਕਾਂ ਵੱਲੋਂ ਮਕਾਨ ਉਸਾਰੇ ਹੋਏ ਹਨ, ਜੋ ਖਾਲੀ ਕਰਵਾਉਣੇ ਸਰਕਾਰ ਲਈ ਸੰਭਵ ਨਹੀਂ ਜਾਪਦੇ। ਪਿੰਡ ਦੇ ਨੌਜਵਾਨ ਆਗੂ ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਧੱਕੇ ਨਾਲ ਕੀਤਾ ਜਾ ਰਿਹਾ ਲੋਕ ਉਜ਼ਾੜਾ ਬਰਦਾਸ਼ਤ ਨਹੀਂ ਕੀਤਾ ਹੋਵੇਗਾ ਅਤੇ ਪਿੰਡ ਵਾਸੀਆਂ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ